ਪੇਂਡੂ ਡਿਸਪੈਂਸਰੀਆਂ ਪਿੰਡਾਂ ਵਿਚੋਂ ਨਸ਼ੇ ਦੇ ਖਾਤਮੇ ਲਈ ਨਸ਼ਾ ਛੁਡਾਊ ਕੇਂਦਰਾਂ ਵਜੋਂ ਕੰਮ ਕਰਨਗੀਆਂ- ਬਾਜਵਾ

logo latest

ਚੰਡੀਗੜ (ਦਾ ਸਟੈਲਰ ਨਿਊਜ਼)। ਪੰਜਾਬ ਦੇ ਪੇਂਡੂ ਵਿਕਾਸ ਵਿਭਾਗ ਅਧੀਨ ਆਉਦੀਆਂ ਡਿਸਪੈਂਸਰੀਆਂ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਸੂਬੇ ਦੇ ਪਿੰਡਾਂ ਵਿਚੋਂ ਨਸ਼ੇ ਦੀ ਲਾਹਨਤ ਦੇ ਖਾਤਮੇ ਲਈ ‘ਨਸ਼ਾ ਛੁਡਾਊ’ ਕੇਂਦਰਾਂ ਵਜੋਂ ਵੀ ਕੰਮ ਕਰਨਗੀਆਂ ਅਤੇ ਇਹਨਾਂ ਡਿਸਪੈਂਸਰੀਆਂ ਵਿਚ ਤਾਇਨਾਤ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਨਸ਼ਿਆਂ ਵਿਚ ਗਲਤਾਨ ਨੌਜਵਾਨਾਂ ਦਾ ਇਲਾਜ ਕਰਿਆ ਕਰਨਗੇ। ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡਾਂ ਵਿਚ ਨਸ਼ਿਆਂ ਦੇ ਖਾਤਮੇ ਨੂੰ ਮੁੱਖ ਰੱਖਦਿਆਂ ਇਹਨਾਂ ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ਵਿਚ ਤਬਦੀਲ ਕਰਨਾ ਦਾ ਫੈਸਲਾ ਇੱਕ ਸਾਲ ਲਈ ਅੱਗੇ ਪਾ ਦਿੱਤਾ ਗਿਆ ਹੈ। ਇਸ ਦੇ ਨਾਲ ਉਹਨਾਂ ਦੱਸਿਆ ਕਿ ਜਿਹੜੇ ਡਾਕਟਰ ਆਪਣੀ ਇੱਛਾ ਅਨੁਸਾਰ ਸਿਹਤ ਵਿਭਾਗ ਵਿੱਚ ਜਾਣਾ ਚਾਹੁੰਦੇ ਹਨ, ਉਹਨਾਂ ਨੂੰ ਰੋਕਿਆ ਨਹੀਂ ਜਾਵੇਗਾ।

Advertisements

ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਪੇਂਡੂ ਵਿਕਾਸ ਵਿਭਾਗ ਵਲੋਂ ਇਸ ਮਿਸ਼ਨ ਵਿਚ ਅਹਿਮ ਭੂਮਿਕਾ ਨਿਭਾਈ ਜਾਵੇਗੀ।
ਸ. ਬਾਜਵਾ ਨੇ ਨਸ਼ਾ ਛੁਡਾਉ ਮੁਹਿੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਡਾਕਟਰਾਂ ਨੂੰ ਨਸ਼ਾ ਛਡਾਉਣ ਦਾ ਕੰਮ ਸੌਂਪਣ ਤੋਂ ਪਹਿਲਾਂ ਉਹਨਾਂ ਨੂੰ ਪੰਜ ਪੰਜ ਦਿਨ ਦੀਆਂ ਵਰਕਸ਼ਾਪਾਂ ਲਗਾ ਕੇ ਮਾਹਰ ਡਾਕਟਰਾਂ ਤੋਂ ਸਿਖਲਾਈ ਦਿਵਾਈ ਜਾਵੇਗੀ। ਉਹਨਾਂ  ਕਿਹਾ ਕਿ ਪੇਂਡੂ ਵਿਕਾਸ ਵਿਭਾਗ ਵਲੋਂ ਪੇਂਡੂ ਡਿਸਪੈਂਸਰੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਲੋਂੜੀਦੇ ਫੰਡ ਮੁਹੱਈਆਂ ਕਰਵਾਏ ਜਾਣਗੇ।
ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਪਿੰਡਾਂ ਦੇ ਡਾਕਟਰਾਂ ਵਲੋਂ ਨਸ਼ੇ ਦੀ ਦਲਦਲ ਵਿਚ ਧਸ ਚੁੱਕੇ ਨੌਜਵਾਨਾਂ ਦਾ ਇਲਾਜ ਕਰਵਾਇਆ ਜਾਵੇਗਾ ਅਤੇ ਉਹਨਾਂ ਦੀ ਕਾਉਂਸਲਿੰਗ ਕਰਕੇ ਚੰਗੇ ਨਾਗਰਿਕ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਪੇਂਡੂ ਡਿਸਪੈਂਸਰੀਆਂ ਦੇ ਸਟਾਫ ਅਤੇ ਡਾਕਟਰਾਂ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਲਈ ਪਿੰਡ ਪਿੰਡ ਸੈਮੀਨਾਰ ਵੀ ਕਰਵਾਏ ਜਾਣਗੇ।
ਸ. ਬਾਜਵਾ ਨੇ ਕਿਹਾ ਕਿ ਇਸ ਮਿਸ਼ਨ ਲਈ ਪੇਂਡੂ ਵਿਕਾਸ ਵਿਭਾਗ ਵਲੋਂ ਦਵਾਈਆਂ ਅਤੇ ਹੋਰ ਸਾਜੋ ਸਮਾਨ ਲਈ ਪੂਰਾ ਫੰਡ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਪੇਂਡੂ ਵਿਕਾਸ ਮੰਤਰੀ ਨੇ ਪੇਂਡੂ ਡਿਸਪੈਨਸਰੀਆਂ ਦੇ ਸਟਾਫ ਅਤੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਤਾਂ ਜੋ ਪੰਜਾਬ ‘ਚੋਂ ਨਸ਼ਿਆਂ ਦਾ ਮੁਕੰਮਲ ਸਫਾਇਆ ਕੀਤਾ ਜਾ ਸਕੇ।

LEAVE A REPLY

Please enter your comment!
Please enter your name here