ਡੇਅਰੀ ਵਿਕਾਸ ਵਿਭਾਗ ਨੇ 2 ਪਿੰਡਾਂ ਵਿੱਚ ਲਗਾਏ ਜਾਗਰੂਕਤਾ ਕੈਂਪ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਪਿੰਡ ਬਸੀ ਨੌ ਅਤੇ ਬਜਵਾੜਾ ਵਿਖੇ ਜਾਗਰੂਕਤਾ ਕੈਂਪ ਲਗਾਏ ਗਏ, ਜਿਹਨਾਂ ਵਿੱਚ ਰਿਸੋਰਸ ਪਰਸਨ ਡਾ. ਵਿਪਨ ਮਰਵਾਹਾ ਨੇ ਕਿਹਾ ਕਿ ਡੇਅਰੀ ਫਾਰਮ ਦਾ ਧੰਦਾ ਇਕ ਲਾਹੇਵੰਦ ਸਹਾਇਕ ਧੰਦਾ ਹੈ। ਉਹਨਾਂ ਕਿਹਾ ਕਿ ਡੇਅਰੀ ਵਿਕਾਸ ਵਿਭਾਗ ਵਲੋਂ ਜਿਥੇ ਪਸ਼ੂ ਰੱਖਣ ਲਈ ਕਰਜ਼ਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਪਸ਼ੂ ਪਾਲਕਾਂ ਨੂੰ ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਜਿਲੇ ਵਿੱਚ ਚੱਲ ਰਹੀਆਂ ਡੇਅਰੀਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ, ਤਾਂ ਜੋ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੈਂਪਲ ਭਰੇ ਜਾ ਸਕਣ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਡੇਅਰੀ ਫਾਰਮ ਦੁੱਧ ਵਿੱਚ ਪਾਣੀ ਆਦਿ ਦੀ ਮਿਲਾਵਟ ਨਾ ਕਰਕੇ ਲੋਕਾਂ ਨੂੰ ਮਿਆਰੀ ਦੁੱਧ ਹੀ ਮੁਹੱਈਆ ਕਰਵਾਉਣ।
ਡਾ. ਮਰਵਾਹਾ ਨੇ ਕਿਹਾ ਕਿ ਡੇਅਰੀ ਫਾਰਮ ਦਾ ਸਹਾਇਕ ਧੰਦਾ ਅਪਣਾਉਣ ਲਈ ਟਰੇਨਿੰਗ ਪ੍ਰਾਪਤ ਕਰਨੀ ਬਹੁਤ ਜ਼ਰੂਰੀ ਹੈ ਅਤੇ ਇਹ ਟਰੇਨਿੰਗ ਜਿਥੇ ਕ੍ਰਿਸ਼ੀ ਵਿਗਿਆਨ ਕੇਂਦਰ, ਪੀ.ਏ.ਯੂ., ਆਰਸੈਟੀ ਅਤੇ ਡੇਅਰੀ ਵਿਕਾਸ ਵਿਭਾਗ ਦੇ ਟਰੇਨਿੰਗ ਸੈਂਟਰ ਫਗਵਾੜਾ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਟਰੇਨਿੰਗ ਪ੍ਰਾਪਤ ਕਰਨ ਲਈ ਕੋਈ ਵੀ ਵਿਅਕਤੀ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇਹ ਟਰੇਨਿੰਗ ਵਿਭਾਗ ਵਲੋਂ ਮੁਫ਼ਤ ਦਿੱਤੀ ਜਾ ਰਹੀ ਹੈ, ਇਸ ਲਈ ਇਸ ਟਰੇਨਿੰਗ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
ਵਿਭਾਗ ਦੇ ਅਧਿਕਾਰੀ ਸ੍ਰੀ ਬਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪਿੰਡਾਂ ਵਿੱਚ ਲਗਾਏ ਜਾ ਰਹੇ ਇਹ ਜਾਗਰੂਕਤਾ ਕੈਂਪ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਦੁਧਾਰੂ ਪਸ਼ੂਆਂ ਦੀ ਰਿਹਾਇਸ਼ ਵਾਲੀ ਥਾਂ ‘ਤੇ ਸਾਫ਼-ਸਫ਼ਾਈ ਸਬੰਧੀ ਵਿਸ਼ੇਸ਼ ਧਿਆਨ ਰੱਖਣ ਦੀ ਵੀ ਲੋੜ ਹੁੰਦੀ ਹੈ। ਉਹਨਾਂ ਦੱਸਿਆ ਕਿ ਪਸ਼ੂਆਂ ਨੂੰ ਲੱਗਣ ਵਾਲੀਆਂ ਆਮ ਬਿਮਾਰੀਆਂ ਮੈਸਟਾਈਟਸ, ਗੱਲਘੋਟੂ ਅਤੇ ਮੂੰਹਖੁਰ ਤੋਂ ਬਚਾਉਣ ਲਈ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਹਨਾਂ ਕੈਂਪਾਂ ਵਿੱਚ ਸਰਪੰਚ ਬਸੀ ਨੌ ਸ੍ਰੀ ਬਾਵਾ ਰਾਮ, ਸਰਪੰਚ ਬਜਵਾੜਾ ਵਿਨੋਦ ਕੁਮਾਰ, ਮੈਂਬਰ ਪੰਚਾਇਤ, ਪਿੰਡ ਵਾਸੀ ਅਤੇ ਦੁੱਧ ਉਤਪਾਦਕ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here