ਮੁੱਖਮੰਤਰੀ ਦੇ ਯਤਨਾਂ ਸਦਕਾ ਖੁੱਲਣਗੇ 2 ਫੈਸਿਲਟੀ ਸੈਂਟਰ, ਕੇਂਦਰ ਸਰਕਾਰ ਵੱਲੋਂ ਹਰੀ ਝੰਡੀ

ਚੰਡੀਗੜ,(ਦਾ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਯਤਨਾਂ ਸਦਕਾ ਭਾਰਤ ਸਰਕਾਰ ਨੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ 30 ਕਰੋੜ ਰੁਪਏ ਦੀ ਲਾਗਤ ਨਾਲ 2 ਕਾਮਨ ਫੈਸਿਲਟੀ ਸੈਂਟਰ (ਸੀ.ਐਫ.ਸੀਜ਼.) ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ।  ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਸਕੱਤਰ ਅਰੁਣ ਕੁਮਾਰ ਪਾਂਡਾ ਦੀ ਅਗਵਾਈ ਵਿੱਚ ਨਵੀਂ ਦਿੱਲੀ ਵਿਖੇ ਹੋਈ ਮੰਤਰਾਲੇ ਦੀ ਮੀਟਿੰਗ ਦੌਰਾਨ ਇਹਨਾਂ ਫੈਸਿਲਟੀ ਸੈਂਟਰਾਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਮੀਟਿੰਗ  ਵਿੱਚ ਪੰਜਾਬ ਸਰਕਾਰ ਦੀ ਤਰਫੋਂ ਉਦਯੋਗ ਤੇ ਵਪਾਰ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਨੁਮਾਇੰਦਗੀ ਕੀਤੀ।

Advertisements

 ਇਕ ਸਰਕਾਰੀ ਬੁਲਾਰੇ ਮੁਤਾਬਕ ਆਇਲ ਐਕਸਪੈਲਰ (ਤੇਲ ਕੱਢਣ ਸਬੰਧੀ) ਬਣਾਉਣ ਦਾ ਫੈਸਿਲਟੀ ਸੈਂਟਰ ਲੁਧਿਆਣਾ ਵਿਖੇ ਜਦਕਿ ਫਾਊਂਡਰੀ ਐਂਡ ਜਨਰਲ ਇੰਜਨੀਅਰਿੰਗ ਕਲੱਸਰ ਫਗਵਾੜਾ ਵਿਖੇ ਸਥਾਪਤ ਕੀਤਾ ਜਾਣਾ ਹੈ। ਦੋਵੇਂ ਸੈਂਟਰ 15-15 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜਾਣੇ ਹਨ ਜੋ 24 ਮਹੀਨਿਆਂ ਵਿੱਚ ਚਾਲੂ ਹੋ ਜਾਣਗੇ। ਬੁਲਾਰੇ ਨੇ ਦੱਸਿਆ ਕਿ ਆਇਲ ਐਕਸਪੈਲਰ ਫੈਸਿਲਟੀ ਸੈਂਟਰ ਦੀ ਸਥਾਪਨਾ ਨਾਲ ਸਾਲਾਨਾ 100 ਕਰੋੜ ਰੁਪਏ ਤੋਂ 250 ਕਰੋੜ ਦੀ ਬਰਾਮਦ ਸਮਰਥਾ ਨੂੰ ਉਤਸ਼ਾਹ ਮਿਲੇਗਾ ਅਤੇ 2000 ਤੋਂ 3500 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

-30 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਅਤੇ ਫਗਵਾੜਾ ਵਿਖੇ ਸਥਾਪਤ ਕੀਤੇ ਜਾਣਗੇ ਸੈਂਟਰ

ਫਗਵਾੜਾ ਵਿਖੇ ਸਥਾਪਤ ਕੀਤਾ ਜਾਣ ਵਾਲਾ ਕੇਂਦਰ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੋਵੇਗਾ ਜਿੱਥੇ ਰਵਾਇਤੀ ਕੱਚੇ ਲੋਹੇ ‘ਤੇ ਅਧਾਰਿਤ ਡੀਜ਼ਲ ਇੰਜਣਾਂ ਦੇ ਬਦਲ ਵਜੋਂ ਐਲਮੀਨੀਅਮ ਅਧਾਰਿਤ ਡਾਈ ਇੰਜਣ ਤਿਆਰ ਕੀਤੇ ਜਾਣਗੇ। ਰਵਾਇਤੀ ਡੀਜ਼ਲ ਇੰਜਣ ਆਮ ਤੌਰ ‘ਤੇ ਸੇਮਗ੍ਰਸਤ ਇਲਾਕਿਆਂ ਵਿੱਚੋਂ ਪਾਣੀ ਕੱਢਣ ਅਤੇ ਸਿੰਜਾਈ ਲਈ ਖੇਤੀਬਾੜੀ ਪੰਪ ਸੈੱਟਾਂ ਲਈ ਵਰਤੇ ਜਾਂਦੇ ਹਨ। ਐਲਮੀਨੀਅਮ ਡਾਈ ਅਧਾਰਿਤ ਨਵੀਂ ਤਕਨਾਲੋਜੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂ ਜੋ ਲਾਗਤ ਕੀਮਤ 6000 ਰੁਪਏ ਪ੍ਰਤੀ ਏਕੜ ਤੱਕ ਘਟ ਜਾਵੇਗੀ।  ਐਲਮੀਨੀਅਮ ਡਾਈ ਇੰਜਣ ਬਣਾਉਣ ਲਈ ਆਧੁਨਿਕ ਇੰਟੇਗ੍ਰਿਸ਼-300 ਮਸ਼ੀਨ ਨਾਲ ਲੈਸ ਫੈਸਿਲਟੀ ਸੈਂਟਰ ਨਾਲ ਜਿੱਥੇ ਸਥਾਨਕ ਪੱਧਰ ‘ਤੇ ਇੰਜਣਾਂ ਦੀ ਮੰਗ ਪੂਰੀ ਹੋਵੇਗੀ, ਉਥੇ ਵਾਧੂ ਉਤਪਾਦਨ ਮੁਲਕ ਦੇ ਬਾਕੀ ਹਿੱਸਿਆਂ ਵਿੱਚ ਸਪਲਾਈ ਕੀਤਾ ਜਾਵੇਗਾ ਜਿਸ ਨਾਲ ਇਸ ਖੇਤਰ ਵਿੱਚ ਚੀਨ ਤੇ ਜਪਾਨ ਨੂੰ ਮੁਕਾਬਲਾ ਦਿੱਤਾ ਜਾ ਸਕੇਗਾ।

ਲੋਹੇ ‘ਤੇ ਅਧਾਰਿਤ ਇੰਜਣ ਦਾ ਭਾਰ ਦੁੱਗਣਾ, ਤੇਲ ਦੀ ਖਪਤ ਵੱਧ ਅਤੇ ਜ਼ਿਆਦਾ ਖਰਚੀਲੇ ਹਨ। ਔਸਤਨ 45 ਕਿਲੋ ਦੇ ਐਲਮੀਨੀਅਮ ਅਧਾਰਿਤ ਇੰਜਣ ਦੇ ਮੁਕਾਬਲੇ ਲੋਹੇ ਦੇ ਇੰਜਣ ਦਾ ਭਾਰ 130 ਕਿਲੋ ਹੈ। ਇਸੇ ਤਰਾਂ ਲੋਹੇ ਦੇ ਇੰਜਣ ਦੀ 0.8 ਲਿਟਰ ਪ੍ਰਤੀ ਘੰਟਾ ਖਪਤ ਦੇ ਮੁਕਾਬਲੇ ਐਲਮੀਨੀਅਮ ਅਧਾਰਿਤ ਇੰਜਣ ਦੀ 0.4 ਲਿਟਰ ਤੇਲ ਦੀ ਖਪਤ ਹੈ। ਇਸ ਤੋਂ ਇਲਾਵਾ ਐਲਮੀਨੀਅਮ ਇੰਜਣ ਦੀ ਕੀਮਤ 10 ਹਜ਼ਾਰ ਜਦਕਿ ਲੋਹੇ ਦੇ ਇੰਜਣ ਦੀ ਕੀਮਤ 15 ਹਜ਼ਾਰ ਰੁਪਏ ਹੈ।

LEAVE A REPLY

Please enter your comment!
Please enter your name here