ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਸਿਖਲਾਈ ਕੋਰਸਾਂ ਦੀ ਕੀਤੀ ਸ਼ੁਰੂਆਤ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਜ਼ਿਲੇ ਦੇ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਸਿਖਲਾਈ ਕੋਰਸਾਂ ਦੇ ਆਯੋਜਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਭੂੰਗਾ ਦੇ ਸਹਿਯੋਗ ਨਾਲ ਕਿਸਾਨਾਂ ਲਈ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਸਿਖਲਾਈ ਕੋਰਸ ਦਾ ਆਯੋਜਨ ਸਿਟਰਸ ਅਸਟੇਟ ਭੂੰਗਾ ਵਿਖੇ ਕੀਤਾ ਗਿਆ।

Advertisements

ਕੋਰਸ ਦੀ ਸ਼ੁਰੂਆਤ ਕਰਦਿਆਂ ਡਾ. ਸਰਵਿੰਦਰ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਭੂੰਗਾ ਨੇ ਇਸ ਸਿਖਲਾਈ ਕੋਰਸ ਵਿੱਚ ਆਏ ਹੋਏ ਕਿਸਾਨਾਂ ਅਤੇ ਮਾਹਿਰਾਂ ਨੂੰ ਜੀ ਆਇਆਂ ਕਹਿੰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਭੂੰਗਾ ਦੀਆਂ ਵੱਖ-ਵੱਖ ਗਤੀਵਿੱਧੀਆਂ ਤੇ ਸਕੀਮਾਂ ਬਾਰੇ ਵੀ ਦੱਸਿਆ। ਡਿਪਟੀ ਡਾਇਰੈਕਟਰ ਕੇ.ਵੀ.ਕੇ. ਡਾ. ਮਨਿੰਦਰ ਸਿੰਘ ਬੌਂਸ ਨੇ ਕੇਂਦਰ ਦੀਆਂ ਕਿਰਸਾਨੀ ਪ੍ਰਤੀ ਸੇਵਾਵਾਂ ਬਾਰੇ ਚਾਨਣਾ ਪਾਇਆ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਸ ਕੇਂਦਰ ਵਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਮੁਹਿੰਮ ਦੇ ਰੂਪ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। 

ਕੇਂਦਰ ਦੇ ਖੇਤੀ ਇੰਜੀਨੀਅਰਿੰਗ ਦੇ ਮਾਹਿਰ ਇੰਜੀਨੀਅਰ ਅਜੈਬ ਸਿੰਘ ਨੇ ਆਏ ਹੋਏ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਦੀ ਉਤਮ ਕਾਰਜਕੁਸ਼ਲਤਾ ਬਾਰੇ ਵੀ ਦੱਸਿਆ। ਇਸ ਤੋਂ ਇਲਾਵਾ ਇਹਨਾਂ ਮਸ਼ੀਨਾਂ ਦੇ ਚਲਾਉਣ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ। ਬਾਗਬਾਨੀ ਅਫ਼ਸਰ ਭੂੰਗਾ ਡਾ. ਜਸਪਾਲ ਸਿੰਘ ਨੇ ਕਿਸਾਨਾਂ ਲਈ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਅਤੇ ਸਿਟਰਸ ਅਸਟੇਟ ਦੀਆਂ ਸੇਵਾਵਾਂ ਬਾਰੇ ਦੱਸਿਆ। ਮਾਹਿਰਾਂ ਵਲੋਂ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਦੇ ਖਦਸ਼ਿਆਂ ਬਾਬਤ ਜਵਾਬ ਵੀ ਦਿੱਤੇ ਗਏ। ਪ੍ਰੋਗਰਾਮ ਵਿੱਚ ਡਿਪਟੀ ਡਾਇਰੈਕਟਰ ਸਿਟਰਸ ਅਸਟੇਟ ਭੂੰਗਾ ਡਾ. ਕੁਲਵੰਤ ਸਿੰਘ, ਖੇਤੀ ਵਿਕਾਸ ਅਫ਼ਸਰ ਭੂੰਗਾ ਡਾ. ਹਰਮਨਦੀਪ ਸਿੰਘ ਅਤੇ ਭਾਰੀ ਗਿਣਤੀ ਵਿੱਚ ਕਿਸਾਨ ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here