ਸਪੈਸ਼ਲ ਜੁਵੇਨਾਇਲ ਪੁਲਿਸ ਯੂਨਿਟ ਨੂੰ ਦਿੱਤੀ ਸੈਂਸੀਟਾਈਜੇਸ਼ਨ ਟਰੇਨਿੰਗ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਲਿਆ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਸਰਕਾਰ ਵਲੋਂ ਸਮੇਂ ‘ਤੇ ਬੱਚਿਆਂ ਦੀ ਸੁਰੱਖਿਆ ਲਈ ਵੱਖ-ਵੱਖ ਕਾਨੂੰਨ ਅਤੇ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਸਾਰੀਆਂ ਸਕੀਮਾਂ ਅਤੇ ਕਾਨੂੰਨਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਬਾਲ ਸੁਰੱਖਿਆ ਨਾਲ ਸਬੰਧਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਣਾਏ ਗਏ ਕਾਨੂੰਨਾਂ ਅਤੇ ਐਕਟਾਂ ਬਾਰੇ ਜਾਣੂ ਕਰਵਾਉਣ ਲਈ ਜ਼ਿਲਾ ਬਾਲ ਸੁਰੱਖਿਆ ਯੂਨਿਟ ਦੁਆਰਾ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਦੀ ਪੁਲਿਸ ਲਾਈਨ ਵਿਖੇ ਸੈਂਸੀਟਾਈਜ਼ੇਸ਼ਨ ਟਰੇਨਿੰਗ ਦਿੱਤੀ ਗਈ।

Advertisements

ਟਰੇਨਿੰਗ ਦੌਰਾਨ ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸੁਖਜਿੰਦਰ ਸਿੰਘ ਵਲੋਂ ਬੱਚਿਆਂ ਨਾਲ ਹੋਣ ਵਾਲੇ ਜਿਣਸੀ ਸੋਸ਼ਣ ਤੋਂ ਸੁਰੱਖਿਆ ਲਈ ਬਣਾਏ ਗਏ ਪੋਕਸੋ ਐਕਟ 2012 ਬਾਰੇ, ਐਕਟ ਅਧੀਨ ਬਣਾਏ ਗਏ ਅਨੁਛੇਦਾਂ ਅਤੇ ਸਜਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਜੁਵੇਨਾਈਲ ਜਸਟਿਸ ਬੋਰਡ ਦੇ ਮੈਂਬਰ ਮੈਡਮ ਹਰਜੀਤ ਕੌਰ ਅਤੇ ਦੇਸ਼ ਗੌਤਮ ਵਲੋਂ ਜੁਵੇਨਾਈਲ ਜਸਟਿਸ ਐਕਟ-2015 ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਅਧਿਕਾਰੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ। ਉਹਨਾਂ ਇਸ ਐਕਟ ਅਧੀਨ ਲੋੜਵੰਦ, ਲਵਾਰਿਸ ਬੱਚਿਆਂ ਅਤੇ ਅਪਰਾਧਿਕ ਮਾਮਲਿਆਂ ਨਾਲ ਸਬੰਧਤ ਬੱਚਿਆਂ ਲਈ ਬਣਾਏ ਗਏ ਐਕਟਾਂ, ਕਾਨੂੰਨਾਂ ਅਤੇ ਵੱਖ-ਵੱਖ ਧਾਰਾਵਾਂ ਬਾਰੇ ਜਾਣਕਾਰੀ ਦਿੱਤੀ। ਬਾਲ ਸੁਰੱਖਿਆਂ ਅਫ਼ਸਰ ਮੈਡਮ ਅੰਕਿਤਾ ਦੁਆਰਾ ਬੱਚੇ ਨੂੰ ਗੋਦ ਲੈਣ ਦੀ ਪ੍ਰਕ੍ਰਿਆ ਵਿੱਚ ਪੁਲਿਸ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਗਿਆ।

ਬਾਲ ਭਲਾਈ ਮੈਂਬਰ ਜਗਮੀਤ ਸਿੰਘ ਸੇਠੀ ਅਤੇ ਰਛਪਾਲ ਦੁਆਰਾ ਬਾਲ ਭਲਾਈ ਕਮੇਟੀ ਦੀ ਕਾਰਜਪ੍ਰਣਾਲੀ ਵਿੱਚ ਵੱਖ-ਵੱਖ ਪੜਾਵਾਂ ਅਤੇ ਪੁਲਿਸ ਵਿਭਾਗ ਦੀ ਭੂਮਿਕਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ, ਤਾਂ ਕਿ ਬੱਚਿਆਂ ਨਾਲ ਸਬੰਧਤ ਕੇਸਾਂ ਦਾ ਨਿਪਟਾਰਾ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕੇ। ਅੰਤ ਵਿੱਚ ਇਸ ਵਰਕਸ਼ਾਪ ਵਿੱਚ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਬੱਚਿਆਂ ਨਾਲ ਸਬੰਧਤ ਮਾਮਲਿਆਂ ਨੂੰ ਨਿਪਟਾਉਣ ਲਈ ਵੱਖ-ਵੱਖ ਵਿਭਾਗਾਂ ਦੀ ਭੂਮਿਕਾ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਸ ਲਈ ਤੰਦਰੁਸਤ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਵੱਖ-ਵੱਖ ਵਿਭਾਗਾਂ ਅਤੇ ਆਮ ਲੋਕਾਂ ਨੂੰ ਬੱਚਿਆਂ ਪ੍ਰਤੀ ਉਸਾਰੂ ਅਤੇ ਚੰਗੀ ਸੋਚ ਅਪਣਾਉਂਣੀ ਚਾਹੀਦੀ ਹੈ, ਤਾਂ ਕਿ ਬੱਚਿਆਂ ‘ਤੇ ਹੋ ਰਹੇ ਅਪਰਾਧ ਘੱਟ ਹੋ ਸਕਣ ਅਤੇ ਬੱਚਿਆਂ ਨੂੰ ਇਕ ਸੁਰੱਖਿਅਤ ਅਤੇ ਉਜਵਲ ਭਵਿੱਖ ਵਾਲਾ ਵਾਤਾਵਰਣ ਮਿਲ ਸਕੇ। 

LEAVE A REPLY

Please enter your comment!
Please enter your name here