ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨੌਜਵਾਨਾਂ ‘ਚ ਤੰਬਾਕੂਨੋਸ਼ੀ ਦੀ ਵੱਧ ਰਹੀ ਆਦਤ ਸਮਾਜ ਲਈ ਇੱਕ ਵੱਡਾ ਖਤਰਾ ਬਣ ਕੇ ਸਾਹਮਣੇ ਆ ਰਹੀ ਹੈ। ਯੂਵਾ ਅਵਸਥਾ ਜਿੰਦਗੀ ਦਾ ਉਹ ਪੜਾਅ ਹੈ ਜਿੱਥੇ ਵਿਅਕਤੀਗਤ ਰੂਪ ਵਿੱਚ ਵਿਅਕਤੀ ਦੇ ਵਿਕਾਸ ਦੀ ਨੀਂਹ ਰੱਖੀ ਜਾਂਦੀ ਹੈ ਤੇ ਇਸ ਪੜਾਅ ਤੇ ਸਿਗਰੇਟ ਸਮੇਤ ਕਿਸੇ ਵੀ ਹੋਰ ਤਰਾਂ ਦੇ ਨਸ਼ੇ ਦਾ ਕਿਸੇ ਵੀ ਰੂਪ ਵਿੱਚ ਇਸਤੇਮਾਲ ਕਰਨਾ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ। ਇਹ ਵਿਚਾਰ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਚੱਕੋਵਾਲ ਦੁਆਰਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੀ.ਐਚ.ਸੀ. ਵਿਖੇ ਵਿਜਿਟ ਕਰਨ ਆਏ ਸਕੂਲੀ ਵਿਦਿਆਰਥੀਆਂ ਨੂੰ ਪੰਜਾਬ ਰਾਜ ਨੋ ਤੰਬਾਕੂ ਦਿਵਸ ਮੌਕੇ ਪੇਸ਼ ਕੀਤੇ ਗਏ।
ਇਸ ਦੌਰਾਨ ਬੀ.ਈ.ਈ. ਰਮਨਦੀਪ ਕੌਰ, ਹੈਲਥ ਇੰਸਪੈਕਟ ਮਨਜੀਤ ਸਿੰਘ ਅਤੇ ਸਕੂਲ ਦੀਆ ਸਿੱਖਿਆਰਥਣਾਂ ਵੀ ਸ਼ਾਮਿਲ ਹੋਈਆਂ। ਡਾ. ਓ.ਪੀ. ਗੋਜਰਾ ਨੇ ਕਿਹਾ ਕਿ ਸਿਗਰਟਨੋਸ਼ੀ ਜਾਂ ਕਿਸੇ ਵੀ ਤੰਬਾਕੂ ਪਦਾਰਥ ਦੀ ਲੱਤ ਤੋਂ ਛੂਟਕਾਰਾ ਮਜ਼ਬੂਤ ਇੱਛਾ ਸ਼ਕਤੀ ਅਤੇ ਸਵੈ ਵਚਨਬੱਧਤਾ ਨਾਲ ਹੀ ਪਾਇਆ ਜਾ ਸਕਦਾ ਹੈ। ਸਿਗਰੇਟਨੋਸ਼ੀ ਜਾਂ ਬੀੜੀ ਦਾ ਸੇਵਨ ਕਰਨ ਨਾਲ ਨਾ ਕੇਵਲ ਸਿਗਰੇਟ ਜਾਂ ਬੀੜੀ ਪੀਣ ਵਾਲਿਆਂ ਨੂੰ ਹੀ ਸਗੋਂ ਆਸ ਪਾਸ ਵਾਲਿਆਂ ਤੇ, ਜਿਹੜੇ ਸਿਗਰੇਟ ਜਾਂ ਬੀੜੀ ਨਹੀਂ ਵੀ ਪੀਂਦੇ ਉਹਨਾਂ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਨਾ ਸਿਰਫ਼ ਕੈਂਸਰ ਵਰਗੀ ਭਿਆਨਕ ਬੀਮਾਰੀ ਬਲਕਿ ਕੈਂਸਰ ਤੋਂ ਇਲਾਵਾ ਫੇਫੜਿਆਂ ਅਤੇ ਦਿਲ ਦੀਆਂ ਕਈ ਖਤਰਨਾਕ ਬਿਮਾਰੀਆਂ ਹੋਣ ਦਾ ਖਤਰਾ ਬੁਹਤ ਵੱਧ ਜਾਂਦਾ ਹੈ।
ਇਸ ਲਈ ਸਿਗਰਟਨੋਸ਼ੀ ਕਰਨ ਵਾਲਿਆ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਇੱਕ ਸਿਗਰਟ ਦੋ ਸਾਹ ਘੱਟ, ਇੱਕ ਬੀੜੀ ਤਿੰਨ ਸਾਹ ਘੱਟ’। ਤੁਸੀਂ ਸਿਗਰਟ ਨੂੰ ਨਹੀਂ, ਸਿਗਰਟ ਤੁਹਾਨੂੰ ਪੀਂਦੀ ਹੈ, ਇਸਦਾ ਨਤੀਜਾ ਸਿਰਫ ਮੌਤ ਹੈ। ਉਹਨਾਂ ਵੱਲੋਂ ਵਿਦਿਆਰਥੀਆਂ ਲਈ ਇੱਕ ਚੰਗੇ ਅਤੇ ਉਜਵੱਲ ਭੱਵਿਖ ਦੀ ਕਾਮਨਾ ਕਰਦੇ ਹੌਏ ਵਿਦਿਆਰਥੀਆਂ ਨੂੰ ਸਵਸਥ ਆਦਤਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਰਮਨਦੀਪ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਤੰਬਾਕੂ ਕੰਟਰੋਲ ਐਕਟ ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸਦੀ ਉਲੰਘਣਾ ਕਰਨ ਵਾਲੇ ਨੂੰ 200 ਰੁਪਏ ਤੱਕ ਦਾ ਜੁਰਮਾਨਾ ਵੀ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੋਟਪਾ ਐਕਟ ਅਧੀਨ ਕਿਸੇ ਵੀ ਸਿੱਖਿਅਕ ਅਦਾਰੇ ਦੇ 100 ਗਜ ਦੇ ਘੇਰੇ ਅੰਦਰ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰੇਟ ਜਾਂ ਹੋਰ ਤੰਬਾਕੂ ਉਤਪਾਦ ਵੇਚਣਾ, ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਦੀ ਸਿੱਧੇ ਅਤੇ ਅਸਿੱਧੇ ਤੌਰ ਤੇ ਇਸ਼ਤਿਹਾਰਬਾਜੀ ਤੇ ਰੋਕ ਹੈ, ਇਸ ਦੀ ਉਲਘਣਾ ਕਰਨਾ ਕਾਨੂੰਨੀ ਜੁਰਮ ਹੈ, ਜਿਸਦੇ ਲਈ ਸਜ਼ਾ ਅਤੇ ਜੁਰਮਾਨੇ ਦਾ ਪ੍ਰਾਵਧਾਨ ਹੈ।