ਅਨੇਕਤਾ ਵਿੱਚ ਏਕਤਾ ਪੈਦਾ ਕਰਦੀ ਹੈ ਐਨ.ਸੀ.ਸੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਐਨ.ਸੀ.ਸੀ ,ਭਾਰਤ ਦੇ ਨੋਜਵਾਨ ਵਿਦਿਆਰਥੀਆਂ ਦੀ ਸੰਸਥਾ,ਦੁਨੀਆਂ ਦੀ ਸਭ ਤੋਂ ਵੱਡੀ ਸਵੈਸੇਵੀ ( ਵਲੰਟੀਅਰ) ਸੰਸਥਾ ਹੈ ਜੋ ਭਾਰਤ ਦੀ ਰਾਸ਼ਟਰੀ ਏਕਤਾ ਅਤੇ ਅਖੰਡਤਾ ਵਿੱਚ ਅਹਿਮ ਭੁਮਿਕਾ ਨਿਭਾ ਰਹੀ ਹੈ। ਐਨ.ਸੀ.ਸੀ ਦੀ ਸ਼ੁਰੂਆਤ 1917 ਵਿੱਚ ਇੰਡੀਅਨ ਡਿਫੈਂਸ ਐਕਟ ਅਧੀਨ ਯੂਨੀਵਰਸਿਟੀ ਕਾਰਪਸ ਦੇ ਨਾਮ ਵਜੋਂ ਹੋਈ ਜਿਸ ਦਾ ਮੁੱਖ ਮਕਸਦ ਭਾਰਤੀ ਵਿਦਿਆਰਥੀਆਂ ਨੂੰ ਫੌਜੀ ਸਿਖਲਾਈ ਦੇ ਕੇ ਫੌਜ ਵਿੱਚ ਭਰਤੀ ਹੋਣ ਲਈ ਉਤਸਾਹਿਤ ਕਰਨਾ ਸੀ। 1920 ਵਿੱਚ ਵਿਦਿਆਰਥੀਆਂ ਨੂੰ ਫੌਜ ਵੱਲ ਜ਼ਿਆਦਾ ਆਕਰਸ਼ਿਤ ਕਰਨ ਲਈ ਇਸ ਦਾ ਨਾਮ ਬਦਲ ਕੇ ਯੂਨੀਵਰਸਿਟੀ ਟਰੇਨਿੰਗ ਕਾਰਪਸ ( ਯੂ.ਟੀ.ਸੀ.) ਕਰ ਦਿੱਤਾ ਗਿਆ। ਉਸ ਸਮੇਂ ਯੂ.ਟੀ.ਸੀ. ਦੇ ਅਫਸਰ ਅਤੇ ਕੈਡਿਟ ਫੌਜ ਵਾਂਗ ਹੀ ਵਰਦੀ ਪਹਿਨਦੇ ਸਨ। ਅਜ਼ਾਦੀ ਤੋਂ ਬਾਅਦ ਪੰਡਿਤ ਹਿਰਦਿਆ ਨਾਥ ਕੂੰਜਰੂ ਦੀ ਅਗੁਵਾਈ ਵਾਲੀ ਕਮੇਟੀ ਦੇ ਸੂਝਾਵ ਦਿੱਤਾ ਕਿ ਵਿਦਿਆਰਥੀਆਂ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕਰਨ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਰਾਸ਼ਟਰੀ ਪੱਧਰ ਤੇ ਇੱਕ ਸੰਸਥਾ ਬਣਾਈ ਜਾਵੇ । ਕੂੰਜਰੂ ਕਮੇਟੀ ਦੇ ਸੁਝਾਵਾਂ ਨੂੰ ਮੰਨਦੇ ਹੋਏ ਗਵਰਨਰ ਜਨਰਲ ਵਲੋਂ ਐਨ.ਸੀ.ਸੀ. ਐਕਟ ਨੂੰ ਮੰਨਜੂਰ ਕਰ ਲਿਆ ਗਿਆ ਅਤੇ ਇਸ ਤਰਾਂ ਭਾਰਤ ਵਿੱਚ 15 ਜੁਲਾਈ 1948 ਨੂੰ ਐਨ.ਸੀ.ਸੀ ਹੋਂਦ ਵਿੱਚ ਆਈ ਅਤੇ ਕੈਡਿਟਾਂ ਨੂੰ ਪੜਾਈ ਦੇ ਨਾਲ-ਨਾਲ ਫੌਜੀ ਸਿਖਲਾਈ ਦੇਣੀ ਸ਼ੁਰੂ ਕੀਤੀ ਗਈ। ਸ਼ੁਰੂ ਵਿੱਚ ਆਰਮੀ ਵਿੰਗ ਦੀਆਂ ਯੂਨਿਟਾਂ ਦੀ ਸਥਾਪਨਾ ਹੋਈ। ਦੇਸ਼ ਦੀ ਪਹਿਲੀ ਯੂਨਿਟ ਨਵੰਬਰ ਦੇ ਚੌਥੇ ਐਤਵਾਰ ਨੂੰ 1947 ਵਿੱਚ ਬਣੀ, ਇਸ ਲਈ ਹਰ ਸਾਲ ਨਵੰਬਰ ਮਹੀਨੇ ਦੇ ਚੌਥੇ ਐਤਵਾਰ ਨੂੰ ਐ.ਸੀ.ਸੀ. ਡੇ ਵਜੋਂ ਮਨਾਇਆ ਜਾਂਦਾ ਹੈ। 1949 ਵਿੱਚ ਗਰਲ ਵਿੰਗ,1950 ਵਿੱਚ ਏਅਰ ਫੋਰਸ ਵਿੰਗ ਅਤੇ 1952 ਵਿੱਚ ਨੇਵੀ ਵਿੰਗ ਦੀ ਸਥਾਪਨਾ ਹੋਈ।

Advertisements

ਇਸੇ ਸਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੋ ਕਿ ਐਨ.ਸੀ.ਸੀ. ਦੀ ਤਰੱਕੀ ਵਿੱਚ ਵਿਸ਼ੇਸ਼ ਰੁਚੀ ਰੱਖਦੇ ਸਨ,ਦੇ ਸੁਝਾਵਾਂ ਨਾਲ ਐਨ.ਸੀ.ਸੀ. ਦੇ ਸਿਲੇਵਸ ਵਿੱਚ ਸਮਾਜਿਕ ਸੁਧਾਰ ਅਤੇ ਸਮਾਜਿਕ ਸੇਵਾ ਦੀਆਂ ਕਿਰਿਆਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਅੱਜ 13 ਲੱਖ ਵਰਦੀ ਪਹਿਣੇ ਵਿਦਿਆਰਥੀ ਐਨ.ਸੀ.ਸੀ.ਵਿੱਚ ਸਿਖਲਾਈ ਲੈ ਰਹੇ ਹਨ। ਇਹ ਸੰਸਥਾ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਅਤੇ ਰਾਸ਼ਟਰ ਭਗਤੀ ਦੀ ਭਾਵਨਾ ਭਰ ਦੇ ਉਹਨਾਂ ਨੂੰ ਚੰਗੇ ਨਾਗਰਿਕ ਅਤੇ ਭਵਿੱਖ ਦੇ ਨੇਤਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਐਨ.ਸੀ.ਸੀ ਨੇ ਵੱਖ-ਵੱਖ ਪਿਛੋਕੜ,ਧਰਮ, ਜਾਤ,ਭਾਸ਼ਾ,ਸਭਿਆਚਾਰ,ਖੇਤਰ ਦੇ ਨੋਜਵਾਨਾਂ ਨੂੰ ਇੱਕ ਪਲੇਟਫਾਰਮ ਤੇ ਇੱਕਠੇ ਕਰਕੇ ਸੰਸਾਰ ਲਈ ਅਨੇਕਤਾ ਵਿੱਚ ਏਕਤਾ ਦੀ ਸਭ ਤੋਂ ਵਧੀਆਂ ਉਦਾਹਰਨ ਪੇਸ਼ ਕੀਤੀ ਹੈ।

1965 ਅਤੇ 1971 ਵਿੱਚ ਭਾਰਤ-ਪਾਕਿਸਤਾਨ ਯੁੱਧ ਦੌਰਾਨ ਫੌਜੀ ਸਿਖਲਾਈ ਪ੍ਰਾਪਤ ਹੋਣ ਕਾਰਣ ਐਨ.ਸੀ.ਸੀ. ਦੇ ਕੈਡਿਟਾਂ ਨੇ ਭਾਰਤੀ ਫੌਜ ਨੂੰ ਅਗਲੇਰੀ ਪੋਸਟਾਂ ਤੇ ਅਸਲਾ ਪਹੁੰਚਾਉਣ ਵਿੱਚ ਅਤੇ ਗਸ਼ਤ ਪਾਰਟੀਆਂ ਦਾ ਹਿੱਸਾ ਬਣ ਕੇ ਦੁਸ਼ਮਣ ਦੇ ਪੈਰਾਟ੍ਰੋਪਰਾਂ ਨੂੰ ਫੜਣ ਅਹਿਮ ਭੁਮਿਕਾ ਨਿਭਾਈ ਜਿਸ ਕਾਰਣ ਐਨ.ਸੀ.ਸੀ. ਨੂੰ ਭਾਰਤ ਦੀ ਦੂਸਰੀ ਸੈਕਿੰਡ ਲਾਇਨ ਆਫ ਫੋਰਸ ਵੀ ਕਿਹਾ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਸਿਵਿਲ ਡਿਫੈਂਸ  ਪ੍ਰਸ਼ਾਸ਼ਨ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਬਚਾਅ ਕਾਰਜਾਂ,ਟਰੈਫਿਕ ਕੰਟਰੋਲ ਅਤੇ  ਲੋਕਾਂ ਦਾ ਮਨੋਬਲ ਬਣਾਏ ਰੱਖਣ ਵਿੱਚ ਮਦਦ ਕੀਤੀ। ਅੱਜ ਇਹ ਕੈਡਿਟ ਭਾਰਤ ਵਿੱਚ ਭਰੂਣ ਹੱਤਿਆ,ਦਹੇਜ ਪ੍ਰਥਾ, ਏਡਜ ਵਰਗੀਆਂ ਸਮਾਜਿਕ ਬੁਰਾਈਆਂ ਅਤੇ ਵਾਤਾਵਰਨ ਸੰਭਾਲ ਪ੍ਰਤਿ ਲੋਕਾਂ ਨੂੰ ਜਾਗਰੂਕ ਕਰਕੇ ਸੱਚਮੁਚ ਭਾਰਤ ਨੂੰ ਵਿਕਸਿਤ ਭਾਰਤ ਵਿੱਚ ਬਦਲਣ ਵਿੱਚ ਯੋਗਦਾਨ ਪਾ ਰਹੇ ਹਨ।
ਐਨ.ਸੀ.ਸੀ. ਦੀ ਸਿਖਲਾਈ ਦੌਰਾਨ ਕੈਡਿਟਾਂ ਨੂੰ ਸਲਾਨਾ ਸਿਖਲਾਈ ਕੈਂਪ.ਥਲ ਸੈਨਾ ਕੈਂਪ,ਐਨ.ਆਈ.ਸੀ.ਕੈਂਪ, ਬੀ.ਐਲ.ਸੀ ਕੈਂਪ,ਰਿਪਬਲਿਕ ਡੇ ਕੈਂਪ ਅਤੇ ਪਰਵਤ ਚੜਾਈ ਸਿਖਲਾਈ ਕੈਂਪ ਵਿੱਚ ਜਾਣ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਯੂਥ ਅਕਸ਼ਚੇਂਜ ਪ੍ਰੋਗਰਾਮ ਅਧੀਨ ਦੂਸਰੇ ਮੁਲਕਾਂ ਵਿੱਚ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ । ਸਕੂਲਾਂ ਵਿੱਚ ਐਨ.ਸੀ.ਸੀ, ਵਿੱਚ ਭਰਤੀ 8ਵੀਂ ਜਾਂ 9ਵੀਂ ਜਮਾਤ ਵਿੱਚ ਹੁੰਦੀ ਹੈ ਅਤੇ ਇਸ ਦੀ ਸਿਖਲਾਈ ਦੋ ਸਾਲ ਦੀ ਹੁੰਦੀ ਹੈ। ਪਹਿਲੇ ਸਾਲ ਵਿੱਚ ਸਿਖਲਾਈ ਸਕੂਲ ਵਿੱਚ ਤਾਇਨਾਤ ਐ.ਸੀ.ਸੀ ਅਫਸਰ ਦੀ ਨਿਗਰਾਨੀ ਹੇਠ ਫੌਜੀ ਸਟਾਫ ਵਲੋਂ ਦਿੱਤੀ ਜਾਂਦੀ ਹੈ ਅਤੇ ਦੂਜੇ ਸਾਲ ਵਿੱਚ ਕੈਡਿਟ ਨੂੰ ਉਹਰ ਲਿਖੇ ਕਿਸੇ ਇੱਕ ਕੈਂਪ ਵਿੱਚ ਜਾਣ ਦਾ ਮੌਕਾ ਮਿਲ ਸਕਦਾ ਹੈ। ਦੂਸਰੇ ਸਾਲ ਦੇ ਅੰਤ ਵਿੱਚ ਇੱਕ ਪੇਪਰ ਹੁੰਦਾ ਹੈ ਜਿਸ ਨੂੰ ਪਾਸ ਕਰਨ ਤੋਂ ਬਾਅਦ ਕੈਡਿਟ ਨੂੰ ਏ ਸਰਟੀਫਿਕੇਟ ਮਿਲਦਾ ਹੈ। ਕਾਲਜ ਵਿੱਚ ਭਰਤੀ ਪਹਿਲੇ ਸਾਲ ਵਿੱਚ ਹੋ ਜਾਂਦੀ ਹੈ ਅਤੇ ਸਿਖਲਾਈ ਤਿੰਨ ਸਾਲ ਦੀ ਹੁੰਦੀ ਹੈ। ਪਹਿਲੇ ਸਾਲ ਦੀ ਸਿਖਲਾਈ ਸਕੂਲਾਂ ਵਾਂਗ ਕਾਲਜ ਵਿੱਚ ਹੀ ਹੁੰਦੀ ਹੈ।

ਦੂਜੇ ਸਾਲ ਵਿੱਚ ਕੈਡਿਟ ਨੂੰ ਕੈਂਪ ਲਗਾਉਣ ਦਾ ਮੌਕਾ ਮਿਲਦਾ ਹੈ ਅਤੇ ਦੂਸਰੇ ਸਾਲ ਦੇ ਅੰਤ ਵਿੱਚ ਇੱਕ ਪੇਪਰ ਹੁੰਦਾ ਹੈ ਜਿਸ ਨੂੰ ਪਾਸ ਕਰਨ ਤੋਂ ਬਾਅਦ ਕੈਡਿਟ ਨੂੰ ਬੀ ਸਰਟੀਫਿਕੇਟ ਮਿਲਦਾ ਹੈ। ਬੀ ਸਰਟੀਫਿਕੇਟ ਪਾਸ ਕੈਡਿਟ ਤੀਸਰੇ ਸਾਲ ਵਿੱਚ ਜਾਂਦਾ ਹੈ ਅਤੇ ਇਸ ਸਾਲ ਵੀ ਉਸ ਨੂੰ ਇੱਕ ਕੈਂਪ ਲਗਾਉਣਾ ਜਰੂਰੀ ਹੈ ਅਤੇ ਤੀਸਰੇ ਸਾਲ ਦੀ ਸਿਖਲਾਈ ਤੋਂ ਬਾਅਦ ਵੀ ਇੱਕ ਪੇਪਰ ਹੁੰਦਾ ਹੈ ਜਿਸ ਨੂੰ ਪਾਸ ਕਰਨ ਤੋਂ ਬਾਅਦ ਕੈਡਿਟ ਨੂੰ ਸੀ ਸਰਟੀਫਿਕੇਟ ਮਿਲਦਾ ਹੈ। ਕਾਲਜ ਦੇ ਕੈਡਿਟਾਂ ਨੂੰ ਉਪਰ ਲਿਖੇ ਕੈਂਪਾਂ ਤੋਂ ਇਲਾਵਾ ਆਰਮੀ ਅਟੈਚਮਿੰਟ ਕੈਂਪ ਲਗਾਉਣ ਦਾਂ ਮੌਕਾ ਮਿਲ ਸਕਦਾ ਹੈ ਜਿਸ ਵਿੱਚ ਕੈਡਿਟਾਂ ਨੂੰ ਆਰਮੀ ਦੀ ਕਿਸੇ ਯੂਨਿਟ ਨਾਲ ਜੋੜ ਦੇ 20 ਦਿਨ ਫੌਜੀ ਜਵਾਨਾਂ ਨਾਲ ਸਿਖਲਾਈ ਦਿੱਤੀ ਜਾਂਦੀ ਹੈ। ਇੱਤੇ ਜ਼ਿਕਰਯੋਗ ਹੈ ਕਿ ਐਨ.ਸੀ.ਸੀ ਦੇ ਕਿਸੇ ਵੀ ਸਰਟੀਫਿਕੇਟ ਲਈ ਪ੍ਰੀਖਿਆ ਦੇਣ ਲਈ 75 % ਤੋਂ ਵੱਧ ਹਾਜ਼ਰੀਆਂ ਅਤੇ ਇੱਕ ਕੈਂਪ ਲਗਾਉਣ ਦੀ ਸ਼ਰਤ ਜਰੂਰੀ ਹੈ। ਏ ਗ੍ਰੇਡ ਵਿੱਚ ਸੀ ਸਰਟੀਫਿਕੇਟ ਪਾਸ ਕੈਡਿਟ ਨੂੰ ਫੌਜ ਵਿੱਚ ਅਫਸਰ ਦੀ ਭਰਤੀ ਲਈ ਹੋਣ ਵਾਲੇ ਲਿਖਤੀ ਪੇਪਰ ਤੋਂ ਛੋਟ ਹੁੰਦੀ ਹੈ ਅਤੇ ਕੈਡਿਟ ਨੇ ਸਿੱਧੇ ਐਸ.ਐਸ.ਬੀ.ਇੰਟਰਵਿਊ ਲਈ ਪੈਸ਼ ਹੋਣਾ ਹੁੰਦਾ ਹੈ। ਇਸ ਤੋਂ ਇਲਾਵਾ ਸੀ ਸਰਟੀਫੇਕ ਪਾਸ ਕੈਡਿਟਾਂ ਲਈ ਫੌਜੀ ਅਫਸਰ ਲਈ ਸਪੈਸ਼ਲ ਭਰਤੀ ਵੀ ਹੁੰਦੀ ਹੈ।
ਕਿਸੇ ਵੀ ਰਾਸ਼ਟਰ ਦੀ ਤਰੱਕੀ ਵਿੱਚ ਨੋਜਵਾਨ ਪੀੜੀ ਦਾ ਮੁੱਖ ਰੋਲ ਹੁੰਦਾ ਹੈ ਇਸ ਲਈ  ਜਿਥੇ ਯੋਜਨਾਵੱਧ ਤਰੀਕੇ ਦੀ ਸਿਖਲਾਈ ਨਾਲ ਉਹ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾ ਸਕਦੇ ਹਨ ਉਥੇ ਦੀ ਨਕਾਰਾਤਮਕ ਤਾਕਤਾਂ ਉਹਨਾਂ ਨੂੰ ਅੱਤਵਾਦ ਅਤੇ ਨਸ਼ਾਖੋਰੀ ਵਰਗੀਆਂ ਬੁਰਾਈਆਂ ਵੱਲ ਵੀ ਧਕੇਲ ਸਕਦੀਆਂ ਹੈ। ਇਸ ਲਈ ਐਨ.ਸੀ.ਸੀ ਨੋਜਵਾਨਾਂ ਨੂੰ ਅੱਤਵਾਦ ਅਤੇ ਨਸ਼ਾਖੋਰੀ ਵਰਗੀਆਂ ਬੁਰਾਈਆਂ ਤੋਂ ਬਚਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਕੈਂਪਾ ਦੌਰਾਨ ਸਪੈਸ਼ਲਿਸ਼ਟ ਲੋਕਾਂ ਨੂੰ ਬੁਲਾ ਕੇ ਕੈਡਿਟਾਂ ਨੂੰ ਇਹਨਾਂ ਬੁਰਾਈਆਂ ਪ੍ਰਤਿ ਜਾਗਰੂਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾਂ ਉਹਨਾਂ ਨੂੰ ਮੁਸ਼ਿਕਲ ਹਲਾਤਾਂ ਵਿੱਚ ਥੋੜੇ ਜਿਹੇ ਖਤਰੇ ਵਾਲਾ ਫੈਸਲਾਂ ਲੈਣ ਦੇ ਸਮਰਥ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਜਿੰਦਗੀ ਦੇ ਮੁਸ਼ਿਕਲ ਹਲਾਤਾਂ ਵਿੱਚ ਵੀ ਉਹ ਵਧੀਆ ਜਿੰਦਗੀ ਗੁਜਾਰ ਸਕਣ। ਕਿਉਂਕਿ ਭਾਰਤ 21ਵੀਂ ਸਦੀ ਵਿੱਚ ਇੱਕ ਵਿਕਸਿਤ ਦੇਸ਼ ਵੱਲ ਵੱਧ ਰਿਹਾ ਹੈ ਇਹ ਤਰੱਕੀ ਸਿਰਫ ਮੇਹਨਤੀ, ਗਿਆਨ, ਦੇਸ਼ ਲਈ ਪਿਆਰ ਕਰਨ ਵਾਲੇ ਅਤੇ ਸਭ ਤੋਂ ਉਪਰ ਅਨੁਸਾਸ਼ਤ ਅਤੇ ਕਦਰਾਂ ਕੀਮਤਾਂ ਵਾਲੇ ਨੋਜਵਾਨਾਂ ਨਾਲ ਹੀ ਸੰਭਵ ਹੋ ਸਕਦੀ ਹੈ। ਦੇਸ਼ ਦੇ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਐਨ.ਸੀ.ਸੀ. ਦੀ ਸਿਖਲਾਈ ਲੈਣ ਲਈ ਜਰੂਰ ਭੇਜੀਏ ਤਾਂ ਜੋ ਸਾਡੇ ਬੱਚੇ ਵੀ ਭਵਿੱਖ ਵਿੱਚ ਭਾਰਤ ਦੇ ਚੰਗੇ ਨਾਗਰਿਕ ਬਣ ਸਕਣ।

LEAVE A REPLY

Please enter your comment!
Please enter your name here