ਅਨਾਥ ਆਸ਼ਰਮ ਵਿਖੇ ਈਸ਼ਾ ਕਾਲਿਆ ਨੇ ਮਨਾਇਆ ਨਵਾਂ ਸਾਲ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਅਨਾਥ ਆਸ਼ਰਮ, ਰਾਮ ਕਲੋਨੀ ਕੈਂਪ ਵਿਖੇ ਬੱਚਿਆਂ ਦੇ ਉਦੋਂ ਚਿਹਰੇ ਖਿੜ ਗਏ ਜਦੋਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਉਹਨਾਂ ਨੂੰ ਅਚਾਨਕ ਹੈਪੀ ਨਿਊ ਯੀਅਰ ਕਿਹਾ। ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਨਵੇਂ ਸਾਲ ‘ਤੇ ਇਥੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ, ਤਾਂ ਜੋ ਅਨਾਥ ਬੱਚਿਆਂ ਨਾਲ ਨਵਾਂ ਸਾਲ ਮਨਾਇਆ ਜਾ ਸਕੇ। ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲਾ ਰੈਡ ਕਰਾਸ ਸੋਸਾਇਟੀ ਈਸ਼ਾ ਕਾਲੀਆ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਜਿਥੇ ਉਹਨਾਂ ਨੂੰ ਆਪਣੇਪਨ ਦਾ ਅਹਿਸਾਸ ਕਰਵਾਇਆ, ਉਥੇ ਉਹਨਾਂ ਨੂੰ ਪੜਾਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਬੱਚੇ ਆਪਣੇ-ਆਪ ਨੂੰ ਅਨਾਥ ਨਾ ਸਮਝਣ, ਬਲਕਿ ਜ਼ਿਲਾ ਪ੍ਰਸਾਸ਼ਨ ਇਕ ਪਰਿਵਾਰ ਵਾਂਗ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

Advertisements

ਉਹਨਾਂ ਕਿਹਾ ਕਿ ਜੇਕਰ ਕਿਸੇ ਬੱਚੇ ਨੂੰ ਪੜਾਈ ਦੌਰਾਨ ਟਿਊਸ਼ਨ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਲੋੜ ਮਹਿਸੂਸ ਹੁੰਦੀ ਹੈ, ਤਾਂ ਜ਼ਿਲਾ ਪ੍ਰਸਾਸ਼ਨ ਵਲੋਂ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਜ਼ਿਲਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਵਲੋਂ ਮੁਹੱਈਆ ਕਰਵਾਈਆਂ ਖੇਡ ਕਿੱਟਾਂ ਅਤੇ ਟਰੈਕ ਸੂਟ ਸੌਂਪਦਿਆਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਰੂਚੀ ਪੈਦਾ ਕਰਨ, ਤਾਂ ਜੋ ਉਹ ਸਿਹਤਮੰਦ ਰਹਿ ਸਕਣ। ਈਸ਼ਾ ਕਾਲੀਆ ਨੇ ਕਿਹਾ ਕਿ ਅਨਾਥ ਆਸ਼ਰਮ ਵਿੱਚ 20 ਬੱਚੇ ਰਹਿ ਰਹੇ ਹਨ, ਜਿਨਾਂ ਲਈ ਖਾਣ-ਪੀਣ, ਪੜਾਈ ਅਤੇ ਮਨੋਰੰਜਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਨਾਂ ਬੱਚਿਆਂ ਨੂੰ ਸਮੇਂ-ਸਮੇਂ ‘ਤੇ ਸਪੈਸ਼ਲ ਟੂਰ ਦੌਰਾਨ ਉਘੀਆਂ ਥਾਵਾਂ ‘ਤੇ ਵੀ ਲਿਜਾਇਆ ਜਾਂਦਾ ਹੈ, ਤਾਂ ਜੋ ਉਹਨਾਂ ਦੀ ਜਾਣਕਾਰੀ ਵਿੱਚ ਹੋਰ ਵਾਧਾ ਕੀਤਾ ਜਾ ਸਕੇ।

ਸਮਾਰੋਹ ਦੌਰਾਨ ਸੌਂਪੀਆਂ ਖੇਡ ਕਿੱਟਾਂ ਵਿੱਚ ਬਾਸਕਿਟਬਾਲ, ਹਾਕੀ ਅਤੇ ਕ੍ਰਿਕਟ ਕਿੱਟ ਸ਼ਾਮਲ ਸੀ। ਇਸ ਮੌਕੇ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਦੌਰਾਨ ਆਪਣੇ-ਆਪਣੇ ਹੁਨਰ ਦਾ ਮੁਜ਼ਾਹਰਾ ਵੀ ਕੀਤਾ ਗਿਆ। ਇਸ ਮੌਕੇ ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਅਤੇ ਜ਼ਿਲਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਤੋਂ ਇਲਾਵਾ ਸੋਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here