ਪੰਚਾਇਤੀ ਨੁੰਮਾਇਦਿਆਂ ਦੀ ਹੋਈ ਮੀਟਿੰਗ, ਦਰਪੇਸ਼ ਸਮੱਸਿਆਵਾਂ ਤੇ ਕੀਤੀ ਚਰਚਾ

ਤਲਵਾੜਾ (ਦ ਸਟੈਲਰ ਨਿਊਜ਼)। ਬਲਾਕ ਤਲਵਾੜਾ ਦੇ ਪੰਚਾਇਤੀ ਨੁੰਮਾਇਦਿਆਂ ਦੀ ਸਾਂਝੀ ਮੀਟਿੰਗ ਸਥਾਨਕ ਬੀ.ਡੀ.ਪੀ.ਓ.ਕੰਪਲੈਕਸ ਵਿਖੇ ਹੋਈ। ਮੀਟਿੰਗ ‘ਚ ਵੱਡੀ ਗਿਣਤੀ ਸਰਪੰਚਾਂ /ਪੰਚਾਂ ਨੇ ਹਿੱਸਾ ਲਿਆ। ਇਸ ਮੌਕੇ ਹਾਜ਼ਰ ਵੱਖ-ਵੱਖ ਪਿੰਡਾਂ ਦੇ ਨੁੰਮਾਇਦਿਆਂ ਨੇ ਪੰਚਾਇਤਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਰਪੰਚਾਂ/ਪੰਚਾਂ ਦੇ ਮਾਣ ਭੱਤਿਆਂ, ਬੀ.ਡੀ.ਪੀ.ਓ.ਦਫ਼ਤਰ ‘ਚ ਅਮਲੇ ਤੇ ਪੰਚਾਇਤ ਸਕੱਤਰਾਂ ਦੀ ਘਾਟ ਆਦਿ ਵਿਸ਼ੇ ‘ਤੇ ਵਿਸਥਾਰਪੂਰਵਕ ਚਰਚਾ ਕੀਤੀ। ਵਿਭਿੰਨ ਪਿੰਡਾਂ ਦੇ ਚੁਣੇ ਹੋਏ ਜਨ ਪ੍ਰਤੀਨਿੱਧਾਂ ਨੇ ਇੱਕ ਸੁਰ ‘ਚ ਹਿਮਾਚਲ ਪ੍ਰਦੇਸ਼ ਦੀ ਤਰਜ਼ ‘ਤੇ ਇੱਕ ਪੰਚਾਇਤ ਮਗਰ ਇੱਕ ਪੰਚਾਇਤ ਸਕੱਤਰ ਦੀ ਪੁਰਜ਼ੋਰ ਮੰਗ ਕੀਤੀ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦੀ ਕਾਰਗੁਜ਼ਾਰੀ ਦੀ ਜਾਂਚ ਪਰਖ ਕਰਨ ਲਈ ਲਗਾਏ ‘ਗਾਰਡੀਅਨ ਆਫ਼ ਗੋਵਰਨੈਂਸ’ ਜੀ.ਓ.ਜੀ ਦਾ ਕਰੜੇ ਸ਼ਬਦਾਂ ‘ਚ ਵਿਰੋਧ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਵਾਉਣ ਵਾਲੇ ਪੰਚਾਇਤ ਮੈਂਬਰਾਂ ਨੂੰ ਮਾਨ ਭੱਤੇ ਤੋਂ ਵਾਂਝਾ ਰੱਖਿਆ ਗਿਆ ਹੈ, ਜਦਕਿ ਦੂਜੇ ਪਾਸੇ ਜੀ.ਓ.ਜੀ ਦੇ ਨਾਂ ਹੇਠਾਂ ਸਾਬਕਾ ਫੌਜੀਆਂ ਨੂੰ ਗੱਫੇ ਵੰਡੇ ਜਾ ਰਹੇ ਹਨ। ਉਹਨਾਂ ਜੀ.ਓ.ਜੀ. ਹਟਾਓ, ਪੰਚਾਇਤ ਸਕੱਤਰ ਲਾਓ’ ਦਾ ਨਾਅਰੇ ਹੇਠ ਸਰਕਾਰ ਤੋਂ ਪੰਚਾਇਤ ਸਕੱਤਰਾਂ ਦੀ ਭਰਤੀ ਕਰ ‘ਘਰ ਘਰ ਰੁਜ਼ਗਾਰ ‘ ਦੇ ਚੁਣਾਵੀ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕੀਤੀ।

Advertisements

ਹਾਜ਼ਰ ਨੁੰਮਾਇਦਿਆਂ ਨੇ ਪੰਜਾਬ ਸਰਕਾਰ ਵੱਲੋਂ ਜਲ ਸਪਲਾਈਆਂ ਦੇ ਪੰਚਾਇਤੀਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਬਲਾਕ ਦੀਆਂ ਜਿਆਦਾਤਰ ਪੰਚਾਇਤਾਂ ਕੋਲ਼ ਆਪਣੀ ਆਮਦਨ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ, ਨਾ ਹੀ ਇਹ ਜਲ ਸਪਲਾਈਆਂ ਚਲਾਉਣ ਦੇ ਯੋਗ ਹਨ। ਸਰਕਾਰ ਦੇ ਇਸ ਫੈਸਲੇ ਨਾਲ ਪਿੰਡਾਂ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਅਤੇ ਯੋਗ ਤੇ ਤਕਨੀਕੀ ਸਟਾਫ਼ ਦੀ ਘਾਟ ਕਾਰਨ ਪੰਚਾਇਤਾਂ ਨੂੰ ਜਲ ਸਪਲਾਈਆਂ ਚਲਾਉਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਜਦਕਿ ਆਮਦਨ ਦੇ ਵਸੀਲੇ ਨਾ ਹੋਣ ਕਾਰਨ ਪੰਚਾਇਤਾਂ ਬਿਜਲੀ ਦੇ ਬਿੱਲ ਦੇਣ ਤੋਂ ਅਸਮਰੱਥ ਹਨ, ਉਹਨਾਂ ਸਰਕਾਰ ਨੂੰ ਫੈਸਲੇ ‘ਤੇ ਮੁੜ ਨਜ਼ਰਸਾਨੀ ਕਰਨ ਦੀ ਮੰਗ ਕੀਤੀ। ਮੀਟਿੰਗ ‘ਚ ਖ਼ੇਤਰ ਨਾਜ਼ਾਇਜ਼ ਖਣਨ ਅਤੇ ਕਰੱਸ਼ਰਾਂ ਦੀ ਸਮਸਿਆ, ਅਫ਼ਸਰਸ਼ਾਹੀ ਦੀ ਆਪਹੁਦਰੇ ਸ਼ਾਹੀ, ਪੰਚਾਇਤਾਂ ਨੂੰ ਮਜ਼ਬੂਤ ਕਰਨ, ਵਧ ਅਧਿਕਾਰ ਦੇਣ, ਮਗਨਰੇਗਾ ਸਕੀਮ ਨੂੰ ਪ੍ਰਭਾਵਸ਼ਾਲੀ ਬਣਾਉਣ ਆਦਿ ਵੱਖ-ਵੱਖ ਮਸਲਿਆਂ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਇਸ ਮੌਕੇ ਪੰਚਾਇਤੀ ਨੁੰਮਾਇੰਦਿਆਂ ਦੀ ਬਲਾਕ ਪੱਧਰੀ 11 ਮੈਂਬਰੀ ਕਾਰਜ਼ਕਾਰੀ ਕਮੇਟੀ ਦਾ ਗਠਨ ਕੀਤਾ ਗਿਆ, ਉਥੇ ਹੀ ਕਮੇਟੀ ਦੀ ਮਹੀਨਾਵਾਰ ਬੈਠਕ ਅਖ਼ਿਰਲੇ ਸ਼ਨਿਚਰਵਾਰ ਕਰਨ ਦਾ ਫੈਸਲਾ ਕੀਤਾ। ਮੰਚ ਸੰਚਾਲਨ ਸਰਪੰਚ ਨਵਲ ਕਿਸ਼ੋਰ ਨੇ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਰਪੰਚ ਦੀਪਕ ਹਲੇੜ, ਸਰਪੰਚ ਕਰਨੈਲ ਭੰਬੋਤਾੜ, ਸਰਪੰਚ ਰਾਜੇਸ਼ ਕੁਮਾਰ ਆਦਮਪੁਰ ਮੋਟੀਆਂ, ਸਰਪੰਚ ਰਾਕੇਸ਼ ਬਨਕਰਨਪੁਰ, ਸਰਪੰਚ ਸ਼ਾਦੀ ਲਾਲ ਭਡਿਆਰਾਂ, ਸਰਪੰਚ ਅਸ਼ਵਨੀ ਕੁਮਾਰ ਰਾਮਗੜ ਸੀਕਰੀ, ਸਰਪੰਚ ਅਮਨ ਦੇਵੀ ਦਲਵਾਲੀ ਕਲਾਂ, ਸਰਪੰਚ ਗੁਰਦੇਵ ਕੌਰ ਭੇੜਾ, ਸਰਪੰਚ ਸੁਮਨ ਕੁਮਾਰੀ ਚੱਕਮੀਰਪੁਰ, ਸਰਪੰਚ ਵਿਜੈ ਕੁਮਾਰ ਚੱਕਮੀਰਪੁਰ ਕੋਠੀ, ਸਰਪੰਚ ਸ਼ੀਲਾ ਦੇਵੀ ਟੋਟੇ, ਸਰਪੰਚ ਰੂਬੀ ਸੁਖਚੈਨਪੁਰ, ਸਰਪੰਚ ਰਜਨੀਸ਼ ਸਿੰਘ ਨਮੋਲੀ, ਸਰਪੰਚ ਸੁਰਿੰਦਰ ਕੁਮਾਰ ਬਾੜੀ ਪੱਤੀ ਕੈਰੀ, ਸਰਪੰਚ ਪ੍ਰਕਾਸ਼ ਚੰਦ ਪੁਹਾਰੀ, ਸਰਪੰਚ ਪਵਨ ਕੁਮਾਰ ਰੇਪੁਰ, ਸਰਪੰਚ ਹਰਦੀਪ ਕੁਮਾਰ ਡੋਹਰ, ਸਰਪੰਚ ਹੈਪੀ ਦਾਤਾਰਪੁਰ, ਸਰਪੰਚ ਸ਼ਸ਼ੀਬਾਲਾ ਭਟੋਲੀ, ਸਰਪੰਚ ਕੁਲਦੀਪ ਆਦਿ ਵੱਡੀ ਗਿਣਤੀ ਸਰਪੰਚ/ਪੰਚ ਹਾਜ਼ਰ ਸਨ।

LEAVE A REPLY

Please enter your comment!
Please enter your name here