ਪਿੰਡ ਨਸਰਾਲਾ ਵਿਖੇ ਚੀਰਾ ਰਹਿਤ ਨਸਬੰਦੀ ਪੰਦਰਵਾੜੇ ਸੰਬੰਧੀ ਜਾਗਰੂਕਤਾ ਕੈਂਪ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ‘ਮਰਦਾਂ ਨੇ ਅਪਣਾਈ ਨਵੀ ਪਹਿਚਾਨ, ਪਰਿਵਾਰ ਨਿਯੋਜਨ ਵਿੱਚ ਭਾਗੀਦਾਰੀ ਨੇ ਵਧਾਇਆ ਸਨਮਾਨ’, ਵਿਸ਼ੇ ਤੇ ਪਰਿਵਾਰ ਭਲਾਈ ਪ੍ਰੋਗਰਾਮ ਅਧੀਨ ਪਰਿਵਾਰ ਨਿਯੋਜਨ ਵਿੱਚ ਮਰਦਾਂ ਦੀ ਭਾਗੀਦਾਰੀ ਵਧਾਉਣ ਲਈ ਮਨਾਏ ਜਾ ਰਹੇ ਚੀਰਾ ਰਹਿਤ ਨਸਬੰਦੀ ਜਾਗਰੂਕਤਾ ਪੰਦਰਵਾੜੇ ਸਬੰਧੀ ਡਾਂ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਯੋਗ ਪ੍ਰਧਾਨਗੀ ਹੇਠ ਪਿੰਡ ਨਸਰਾਲਾ ਵਿਖੇ  ਇੱਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੈਡੀਕਲ ਅਫ਼ਸਰ ਤਰਲੋਕ ਸਿੰਘ, ਬੀ.ਈ.ਈ. ਰਮਨਦੀਪ ਕੌਰ, ਐਲ.ਐਚ.ਵੀ. ਪਰਮਜੀਤ ਕੌਰ, ਏ.ਐਨ.ਐਮ. ਕਮਲਪ੍ਰੀਤ ਕੌਰ, ਮੇਲ ਵਰਕਰ ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਆਸ਼ਾ ਵਰਕਰਾਂ ਤੋਂ ਇਲਾਵਾ ਪਿੰਡ ਨਿਵਾਸੀ ਸ਼ਾਮਿਲ ਹੋਏ। ਇਸ ਜਾਗਰੂਕਤਾ ਕੈਂਪ ਦੌਰਾਨ ਵਿਚਾਰ ਸਾਂਝੇ ਕਰਦੇ ਹੋਏ ਡਾ. ਓ.ਪੀ. ਗੋਜਰਾ ਨੇ ਦੱਸਿਆ ਵੱਧ ਰਹੀ ਅਬਾਦੀ ਸਾਡੇ ਸਮਾਜ ਲਈ ਚੁਣੋਤੀ ਹੈ ਤੇ ਕਈ ਸਮਾਜਿਕ ਬੁਰਾਈਆਂ ਨੂੰ ਜਨਮ ਦਿੰਦੀ ਹੈ।
ਇਸ ਲਈ ਵੱਧ ਰਹੀ ਅਬਾਦੀ ਨੂੰ ਠੱਲ ਪਾਉਣ ਲਈ ਸਿਹਤ ਵਿਭਾਗ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਜੇਕਰ ਕੋਈ ਪਰਿਵਾਰ ਸੀਮਤ ਅਤੇ ਨਿਯੋਜਿਤ ਪਰਿਵਾਰ ਲਈ ਪਰਿਵਾਰ ਨਿਯੋਜਨ ਦਾ ਵਸੀਲਾ ਅਪਨਾਉਣਾ ਚਾਹੁੰਦਾ ਹੈ ਤਾਂ ਉਸ ਪਰਿਵਾਰ ਨੂੰ ਵਸੈਕਟਮੀ ਜੋ ਕਿ ਪਰਿਵਾਰ ਨਿਯੋਜਨ ਦਾ ਸਥਾਈ ਤਰੀਕਾ ਹੈ ਦੀ ਚੋਣ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਜਿੱਥੇ ਮਹਿਲਾਵਾਂ ਪਰਿਵਾਰ ਨਿਯੋਜਨ ਲਈ ਟਬੈਕਟਮੀ ਅਪਨਾਉਂਦੀਆਂ ਹਨ ਉੱਥੇ ਹੁਣ ਮਰਦ ਵੀ ਵਸੈਕਟਮੀ ਅਪਨਾਉਣ ਲਈ ਅੱਗੇ ਆ ਰਹੇ ਹਨ ਜੋ ਕਿ ਇੱਕ ਉਤਸ਼ਾਹਜਕ ਬਦਲਾਅ ਹੈ। ਉਹਨਾਂ ਦੱਸਿਆ ਕਿ ਵਸੈਕਟਮੀ ਮਰਦਾਂ ਵਾਸਤੇ ਪਰਿਵਾਰ ਨਿਯੋਜਨ ਦਾ ਸੱਭ ਤੋਂ ਆਸਾਨ, ਵਧੀਆ ਤੇ ਪੱਕਾ ਵਸੀਲਾ ਹੈ। ਇਸ ਆਪ੍ਰੇਸ਼ਨ ਦੌਰਾਨ ਕਿਸੇ ਤਰਾਂ ਦਾ ਕੋਈ ਟਾਂਕਾ ਅਤੇ ਚੀਰਾ ਨਹੀਂ ਲਗਾਇਆ ਜਾਂਦਾ ਅਤੇ ਲਾਭਪਾਤਰੀ ਥੋੜੇ ਸਮੇਂ ਵਿੱਚ ਹੀ ਘਰ ਵਾਪਿਸ ਜਾ ਸਕਦਾ ਹੈ। ਲਾਭਪਾਤਰੀ ਦੀ ਆਮ ਜਿੰਦਗੀ ਅਤੇ ਰੋਜ਼ਾਨਾ ਦੇ ਕੰਮਾਂ ਵਿੱਚ ਕਿਸੇ ਤਰਾਂ ਦਾ ਕੋਈ ਫਰਕ ਨਹੀਂ ਪੈਂਦਾ। ਬੀ.ਈ.ਈ. ਰਮਨਦੀਪ ਕੌਰ ਨੇ ਕਿਹਾ ਕਿ ਜਿੱਥੇ ਮਹਿਲਾਵਾਂ ਨੂੰ ਨਲਬੰਦੀ ਲਈ ਵੱਡੇ ਆਪ੍ਰੇਸ਼ਨ ਦੀ ਪੀੜਾ ਵਿੱਚੋਂ ਗੁਜ਼ਰਨਾ ਪੈਂਦਾ ਹੈ ਉੱਥੇ ਮਰਦਾਂ ਨੂੰ ਇਸ ਸਾਧਨ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀਂ ਹੁੰਦੀ।
ਇਸ ਲਈ ਜਿੱਥੇ ਤੱਕ ਹੋ ਸਕੇ ਔਰਤਾਂ ਨੂੰ ਵੀ ਪਰਿਵਾਰ ਸੀਮਤ ਰੱਖਣ ਲਈ ਮਰਦਾਂ ਨੂੰ ਨਸਬੰਦੀ ਵਾਸਤੇ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਪਰਿਵਾਰ ਵੀ ਸੀਮਤ ਰਹਿ ਸਕੇ ਅਤੇ ਔਰਤ ਅਤੇ ਮਰਦ ਦੀ ਜਿੰਦਗੀ ਵੀ ਖੁਸ਼ਹਾਲ ਬਣੀ ਰਹਿ ਸਕੇ। ਪਰਿਵਾਰ ਨਿਯੋਜਨ ਲਈ ਪੱਕੇ ਤਰੀਕੇ ਅਪਣਾਉਣ ਵਾਲਿਆਂ ਨੂੰ ਦਿੱਤੀ ਜਾ ਰਹੀ ਪ੍ਰੋਤਸਾਹਨ ਰਾਸ਼ੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਮਰਦਾਂ ਨੂੰ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ 1100 ਰ: ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਲੋਕਾਂ ਵਿੱਚ ਇਹ ਗਲਤ ਧਾਰਣਾ ਹੈ ਕਿ ਇਸ ਅਪਰੇਸ਼ਨ ਨਾਲ ਕਿਸੇ ਤਰਾਂ ਦੀ ਕਮਜ਼ੋਰੀ ਆਉਂਦੀ ਹੈ। ਉਹਨਾਂ ਕਿਹਾ ਕਿ ਇਹ ਬਿਲਕੁਲ ਸੁਰੱਖਿਅਤ ਤਰੀਕਾ ਹੈ ਅਤੇ ਇਸਨੂੰ ਅਪਣਾਉਣ ਲਈ ਲੋਕਾਂ ਦੇ ਵਰਤਾਰੇ ਨੂੰ ਤਬਦੀਲ ਕਰਨ ਅਤੇ ਮਰਦਾਂ ਨੂੰ ਇਸ ਪ੍ਰਤੀ ਅੱਗੇ ਆਉਣ ਦੀ ਜਰੂਰਤ ਹੈ।

LEAVE A REPLY

Please enter your comment!
Please enter your name here