ਰੇਤ ਮਾਫ਼ੀਆ ਵਿੱਚ ਕਾਂਗਰਸੀਆਂ ਨਾਲ ਆਪਣੀ ਹਿੱਸੇਦਾਰੀ ਵਧਾਉਣ ਲਈ ਧਰਨਿਆਂ ਦੇ ਡਰਾਮੇ ਕਰ ਰਹੇ ਹਨ ਬਾਦਲ : ਰੋੜੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਮ ਆਦਮੀ ਪਾਰਟੀ  ਐਨ.ਆਰ.ਆਈ ਵਿੰਗ ਦੇ ਪ੍ਰਧਾਨ ਅਤੇ ਗੜਸੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕੁਝ ਦਿਨ ਪਹਿਲਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਰੇਤ ਮਾਫ਼ੀਆ ਵਿਰੁੱਧ ਮੋਹਾਲੀ ਵਿੱਚ ਦਿੱਤੇ ਧਰਨੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਰੇਤ ਮਾਫ਼ੀਆ ਦੇ ਫਾਊਂਡਰ ਮੈਂਬਰਾਂ ਵੱਲੋਂ ਰੇਤ ਮਾਫ਼ੀਆ ਅਤੇ ਗੁੰਡਾ ਪਰਚੀ ਵਿਰੁੱਧ ਹੀ ਧਰਨਾ ਇੰਜ ਜਾਪਦਾ ਹੈ, ਜਿਵੇਂ ਤਾਲਿਬਾਨ ਸ਼ਾਂਤੀ ਅਤੇ ਅਹਿੰਸਾ ਲਈ ਮੋਮਬੱਤੀ ਮਾਰਚ ਕੱਢ ਰਹੇ ਹੋਣ।
ਰੌੜੀ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਬਾਦਲਾਂ ਨੇ ਆਪਣੇ 10 ਸਾਲਾਂ ਦੇ  ਮਾਫ਼ੀਆ ਰਾਜ ਵਿੱਚ ਰੇਤ ਮਾਫ਼ੀਆ ਦੀਆਂ ਸੰਗਠਨਾਤਮਕ ਤਰੀਕੇ ਨਾਲ ਜੜਾਂ ਪੰਜਾਬ ਵਿੱਚ ਲਗਾਈਆਂ ਸਨ,  ਰੇਤ ਮਾਫ਼ੀਆਂ ਦੇ ਉਹੀ ਪਿਤਾਮਾ (ਫਾਊਂਡਰ) ਅੱਜ-ਕੱਲ ਰੇਤ ਮਾਫ਼ੀਆ ਤੇ ਗੁੰਡਾ ਪਰਚੀ ਵਿਰੁੱਧ ਹੀ ਧਰਨੇ ਲਗਾਉਣ ਦੇ ਖੇਖਣ ਕਰਨ ਲੱਗੇ ਹਨ।
ਰੌੜੀ ਨੇ ਕਿਹਾ ਕਿ ਧਰਨੇ ਲਗਾਉਣ ਦਾ ਅਸਲੀ ਕਾਰਨ ਕਾਂਗਰਸੀਆਂ ਨਾਲ ਰੇਤ ਮਾਫ਼ੀਆ ਵਿੱਚ ਆਪਣਾ ਹਿੱਸਾ ਵਧਾਉਣ ਲਈ ਦਬਾਅ ਪਾਉਣਾ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਸਭ ਨੂੰ ਪਤਾ ਹੈ ਕਿ ਕਾਂਗਰਸੀ, ਅਕਾਲੀ (ਬਾਦਲ) ਅਤੇ ਭਾਜਪਾ ਵਾਲੇ ਵਾਰੀਆਂ ਬੰਨ ਕੇ ਪੰਜਾਬ ਨੂੰ ਲੁੱਟਦੇ ਆ ਰਹੇ ਹਨ। ਇਨਾਂ ਵਿੱਚੋਂ ਜੋ ਵੀ ਸੱਤਾ ਉੱਤੇ ਕਾਬਜ਼ ਹੁੰਦਾ ਹੈ, ਉਹ ਵੱਡੇ ਸ਼ੇਅਰ (ਹਿੱਸੇਦਾਰੀ) ਨਾਲ ਸੰਬੰੰਧਿਤ ਮਾਫ਼ੀਆ ਦੀ ਕਮਾਨ ਸੰਭਾਲ ਲੈਂਦਾ ਹੈ। ਪਹਿਲਾਂ ਬਾਦਲਾਂ ਦੇ ਰਾਜ ਵਿੱਚ ਰੇਤ ਮਾਫੀਆ, ਸ਼ਰਾਬ ਮਾਫੀਆ ਅਤੇ ਕੇਬਲ ਮਾਫੀਆ ਆਦਿ ਵਿੱਚ ਅਕਾਲੀ-ਭਾਜਪਾ ਆਗੂ ਵੱਡੇ ਹਿੱਸੇਦਾਰ ਸਨ ਅਤੇ ਕਾਂਗਰਸੀ  20-30 ਪ੍ਰਤੀਸ਼ਤ ‘ਚ ਛੋਟੇ ਭਾਈਵਾਲ ਸਨ। ਹੁਣ ਕਾਂਗਰਸੀ ਵੱਡੇ ਹਿੱਸੇਦਾਰ ਅਤੇ ਬਾਦਲ ਛੋਟੇ ਹਿੱਸੇਦਾਰ ਹਨ।  ਹੁਣ ਕਿਉਂਕਿ ਬਾਦਲ ਕੈਪਟਨ ਸਰਕਾਰ ਨੂੰ ਆਪਣੇ ਘਰ ਦੀ ਸਰਕਾਰ ਸਮਝਦੇ ਹਨ, ਇਸ ਲਈ ਉਹ ਕੈਪਟਨ ਦੇ ਸਲਾਹਕਾਰ ਨਾਲ ਮੁਬਾਰਿਕਪੁਰ-ਡੇਰਾਬੱਸੀ ਅਤੇ ਪੂਰੇ ਪੰਜਾਬ ‘ਚ ਕਾਂਗਰਸੀਆਂ ਨਾਲ ਰੇਤੇ ਦੀਆਂ ਖੱਡਾਂ ਅਤੇ ਗੁੰਡਾ ਪਰਚੀਆਂ ‘ਚ ਆਪਣੇ ਹਿੱਸੇ ਨੂੰ ਬਰਾਬਰ 50-50 ਪ੍ਰਤੀਸ਼ਤ ਤੱਕ ਵਧਾਉਣਾ ਚਾਹੁੰਦੇ ਹਨ। ਜਿਸ ਲਈ ਉਹ ਦਬਾਅ ਦੀ ਰਾਜਨੀਤੀ ਤਹਿਤ ਰੇਤ ਮਾਫ਼ੀਆ ਵਿਰੁੱਧ ਧਰਨੇ ਪ੍ਰਦਰਸ਼ਨਾਂ ਦਾ ਨਾਟਕ ਕਰ ਰਹੇ ਹਨ।
ਰੋੜੀ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਭਲੀ-ਭਾਂਤੀ ਜਾਣਦੇ ਹੀ ਨਹੀਂ ਸਗੋਂ ਅੱਖੀਂ ਦੇਖ ਰਹੇ ਹਨ, ਕਿ ਕੈਪਟਨ ਅਤੇ ਬਾਦਲ ਕਿਸ ਹੱਦ ਤੱਕ ਮਿਲੇ ਹੋਏ ਹਨ। ਇਸ ਲਈ ਨਾ ਬਾਦਲ ਅਤੇ ਨਾ ਹੀ ਕਾਂਗਰਸੀ ਅਜਿਹੇ ਹਾਸੋਹੀਣੇ ਡਰਾਮੇ ਕਰਕੇ ਪੰਜਾਬ ਦੇ ਲੋਕਾਂ ਨੂੰ ਹੋਰ ਗੁੰਮਰਾਹ ਨਹੀਂ ਕਰ ਸਕਦੇ।
ਰੌੜੀ ਨੇ ਕਿਹਾ ਕਿ ਜੇਕਰ ਕੈਪਟਨ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤ ਪਿਆਰੇ ਹੁੰਦੇ ਤਾਂ ਉਹ ਪੰਜਾਬ ਵਿਚ ਰੇਤ ਮਾਫ਼ੀਆ ਨੂੰ ਕੁਚਲਣ ਅਤੇ ਸੂਬੇ ਦਾ ਖਜਾਨਾ ਭਰਨ ਲਈ ਤੇਲੰਗਾਨਾ ਸਰਕਾਰ ਦੀ ਖਣਨ ਨੀਤੀ (ਮਾਈਨਿੰਗ ਪਾਲਿਸੀ) ਪੰਜਾਬ ਵਿੱਚ ਲਾਗੂ ਕਰਦੇ, ਉਹਨਾਂ ਕਿਹਾ ਕਿ 2022 ਵਿੱਚ ‘ਆਪ’ ਦੀ ਸਰਕਾਰ ਬਣਨ ਉੱਤੇ ਤੇਲੰਗਾਨਾ ਮਾਈਨਿੰਗ ਮਾਡਲ ਨੂੰ ਹੋਰ ਵੀ ਸਾਫ਼ ਸੁਥਰੇ ਤਰੀਕੇ ਨਾਲ ਲਾਗੂ ਕਰੇਗੀ। ਜਿਸ ਨਾਲ ਨਾ ਕੇਵਲ ਸੂਬੇ ਦਾ ਖ਼ਜ਼ਾਨਾ ਭਰੇਗਾ ਸਗੋਂ ਵੱਡੇ ਪੱਧਰ ਉੱਤੇ ਰੁਜ਼ਗਾਰ ਵੀ ਪੈਦਾ ਹੋਵੇਗਾ।

Advertisements

LEAVE A REPLY

Please enter your comment!
Please enter your name here