ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਨੇ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਬੇਮੌਸਮੀ ਬਰਸਾਤਾਂ ਦੇ ਪਾਣੀ ਕਾਰਨ ਜ਼ਿਲਾ ਪਠਾਨਕੋਟ ਦੇ ਵਧੇਰੇ ਨਮੀ ਵਾਲੇ ਪਿੰਡਾਂ ਵਿੱਚ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ ਜਿਸ ਕਾਰਨ ਕਿਸਾਨਾਂ ਵੱਲੋਂ ਕਾਸਤ ਕੀਤੀ ਕਣਕ ਦੀ ਫਸਲ ਜਾਂ ਤਾਂ ਉੱਗੀ ਨਹੀਂ ਜਾਂ ਫਿਰ ਬਹੁਤ ਵਿਰਲੀ ਹੋਣ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਨਾਂ ਸਾਰੇ ਹਾਲਾਤਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਨੇ ਪਿੰਡ ਭਰਿਆਲ,ਲਾਹੜੀ, ਗਿੱਦੜਪੁਰ, ਗੁਰਦਾਸਪੁਰ ਭਾਈਆਂ ਆਦਿ ਪਿੰਡਾਂ ਦਾ ਦੌਰਾ ਕੀਤਾ। ਇਸ ਟੀਮ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਅੰਸ਼ੁਮਨ ਸ਼ਰਮਾ ਖੇਤੀ ਉਪ ਨਿਰੀਖਕ, ਸੁਖਜਿੰਦਰ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਸੁਭਾਸ਼ ਚੰਦਰ ਸ਼ਾਮਿਲ ਸਨ। ਇਸ ਮੌਕੇ ਅਗਾਂਹਵਧੂ ਕਿਸਾਨ ਹਰਦੀਪ ਸਿੰਘ,ਗੁਰਦੇਵ ਸਿੰਘ,ਸ਼ੇਰ ਸਿੰਘ,ਜਰਨਿੰਦਰ ਸਿੰਘ, ਮਨਜਿੰਦਰ ਸਿੰਘ, ਸੁਭਾਸ਼ ਚੰਦਰ, ਸੰਨੀ ਸਿੰਘ ਨੇ ਇਲਾਕੇ ਨੂੰ ਦਰਪੇਸ਼ ਸਮੱਸਿਆਂਵਾਂ ਬਾਰੇ ਦੱਸਿਆ।

Advertisements

ਕਿਸਾਨ ਗੁਰਦੇਵ ਸਿੰਘ ਨੇ ਕਿਹਾ ਕਿ 15 ਏਕੜ ਰਕਬੇ ਵਿੱਚ ਤਿੰਨ ਦਸੰਬਰ ਤੋਂ ਸੱਤ ਦਸੰਬਰ ਤੱਕ ਕਣਕ ਦੀ ਬਿਜਾਈ ਕੀਤੀ ਸੀ ਪਰ ਬੇਮੌਸਮੀ ਬਰਸਾਤ ਹੋਣ ਕਾਰਨ ਕਣਕ ਬਹੁਤ ਘੱਟ ਉੱਗੀ ਸੀ। ਉਹਨਾਂ ਦੱਸਿਆ ਕਿ ਵੱਤਰ ਆਉਣ ਤੇ ਦੁਬਾਰਾ ਮਹਿੰਗੇ ਭਾਅ ਬੀਜ ਲੈ ਕੇ ਕਣਕ ਦੀ ਦੁਬਾਰਾ ਕਣਕ ਦੀ ਬਿਜਾਈ ਕੀਤੀ ਪਰ ਦੁਬਾਰਾ ਬਰਸਾਤ ਪੈਣ ਕਾਰਨ ਕਣਕ ਨਹੀਂ ਉੱਗੀ। ਉਹਨਾਂ ਕਿਹਾ ਕਿ ਵਾਰ-ਵਾਰ ਬਰਸਾਤਾਂ ਪੈਣ ਅਤੇ ਵਧੇਰੇ ਨਮੀ ਹੋਣ ਕਾਰਨ ਵੱਡੇ ਰਕਬੇ ਵਿੱਚ ਕਣਕ ਦੀ ਫਸਲ ਖਰਾਬ ਹੋ ਗਈ ਹੈ। ਕਿਸਾਨ ਜਰਨਿੰਦਰ ਸਿੰਘ ਨੇ ਦੱਸਿਆ ਕਿ ਸਾਉਣੀ ਵੇਲੇ ਵੀ ਬੇਮੋਸਮੀ ਬਰਸਾਤਾਂ ਕਾਰਨ ਝੋਨੇ ਦੀ ਫਸਲ ਦੀ ਪੈਦਾਵਾਰ ਘੱਟ ਨਿਕਲੀ ਸੀ ਅਤੇ ਹੁਣ ਖੇਤਾਂ ਵਿੱਚ ਜ਼ਿਆਦਾ ਨਮੀ ਹੋਣ ਕਾਰਨ ਕਣਕ ਦੀ ਫਸਲ ਖਰਾਬ ਹੋ ਗਈ ਹੈ। ਉਹਨਾਂ ਕਿਹਾ ਕਿ ਮਹਿੰਗੇ ਭਾਅ ਤੇ ਠੇਕੇ ਤੇ ਲਈ ਜ਼ਮੀਨ ਵਿੱਚ ਫਸਲਾਂ ਖਰਾਬ ਹੋਣ ਕਾਰਨ ਠੇਕੇ ਦੀ ਰਕਮ ਦੇਣੀ ਵੀ ਔਖੀ ਹੋ ਜਾਣੀ ਹੈ। ਉਹਨਾਂ ਜ਼ਿਲਾ ਪ੍ਰਸ਼ਾਸ਼ਣ ਤੋਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਨਿਸ਼ਾਨਦੇਹੀ ਕਰਵਾ ਕੇ ਨਿਕਾਸੀ ਨਾਲਿਆਂ ਦੀ ਖੁਦਾਈ ਕਰਵਾਈ ਜਾਵੇ ਅਤੇ ਸੜਕਾਂ ਵਿੱਚ ਢੁਕਵੀਆਂ ਥਾਵਾਂ ਤੇ ਪੁਲੀਆਂ ਪਾਈਆਂ ਜਾਣ ਤਾਂ ਜੋ ਖੇਤਾਂ ਵਿੱਚੋਂ ਵਾਧੂ ਪਾਣੀ ਨਿਕਲ ਕੇ ਵੱਡੇ ਨਿਕਾਸੀ ਨਾਲੇ ਵਿੱਚ ਜਾ ਸਕੇ।

ਬੇਮੌਸਮੀ ਬਰਸਾਤਾਂ ਦੇ ਪਾਣੀ ਕਾਰਨ ਪਠਾਨਕੋਟ ਦੇ ਵਧੇਰੇ ਨਮੀ ਵਾਲੇ ਇਲਾਕੇ ਵਿੱਚ ਕਣਕ ਦੀ ਫਸਲ ਦਾ ਹੋਇਆ ਨੁਕਸਾਨ

 

ਉਹਨਾਂ ਖਰਾਬ ਹੋਈ ਕਣਕ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਕਿਸਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਇਲਾਕੇ ਵਿੱਚ ਬਾਦਸ਼ਾਹੀ ਨਹਿਰ ਦਾ ਪਾਣੀ ਸਿੰਚਾਈ ਲਈ ਵਾਧੂ ਹੁੰਦਾ ਹੈ ਅਤੇ ਜ਼ਮੀਨ ਹੇਠਲੇ ਪਾਣੀ ਦੀ ਬਹੁਤ ਘੱਟ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਝੋਨੇ ਦੀ ਲਵਾਈ 20 ਜੂਨ ਤੋਂ ਬਾਅਦ ਹੋਣ ਕਾਰਨ ਝੋਨੇ ਦੀ ਫਸਲ ਪਿਛੇਤ ਨਾਲ ਪੱਕਦੀ ਹੈ। ਉਹਨਾਂ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਘੱਟ ਤਾਪਮਾਨ ਕਾਰਨ ਪਿਛੇਤੀ ਪੱਕਣ ਕਾਰਨ ਦਾਣਿਆਂ ਵਿੱਚ ਨਮੀਂ ਵਧੇਰੇ ਹੁੰਦੀ ਹੈ ਜਿਸ ਕਾਰਨ ਮੰਡੀਕਰਨ ਵਿੱਚ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਹਨਾਂ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦੀ ਸੰਭਾਲ ਕਰਦਿਆਂ ਕਣਕ ਦੀ ਬਿਜਾਈ ਪਿਛੇਤੀ ਹੋਣ ਅਤੇ ਬੇਮੌਸਮੀ ਬਰਸਾਤ ਹੋਣ ਕਾਰਨ ਕਣਕ ਦੀ ਫਸਲ ਵੀ ਖਰਾਬ ਹੋ ਗਈ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਦਸ਼ਾਹੀ ਨਹਿਰ ਵਾਲੇ ਪਿੰਡਾਂ ਵਿੱਚ ਝੋਨੇ ਦੀ ਲਵਾਈ ਇੱਕ ਜੂਨ ਤੋਂ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇ ਤਾਂ ਜੋ ਦਰਪੇਸ਼ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਸਕੇ। ਪਿੰਡ ਗੁਰਦਾਸਪੁਰ ਭਾਈਆਂ ਦੇ ਕਿਸਾਨ ਚੰਦਰ ਸ਼ੇਖਰ ਨੇ ਦੱਸਿਆ ਕਿ ਦਨੌਰ ਅਤੇ ਗੁਰਦਾਸਪੁਰ ਭਾਈਆਂ ਦੇ ਕੁਝ ਖੇਤਾਂ ਵਿੱਚ ਅਜੇ ਵੀ ਬਰਸਾਤ ਦਾ ਪਾਣੀ ਖੜਾ ਹੈ ਅਤੇ ਕਣਕ ਦੀ ਬਿਜਾਈ ਨਹੀਂ ਹੋ ਸਕੀ।

ਡਾ. ਅਮਰੀਕ ਸਿੰਘ ਨੇ ਇਸ ਮੌਕੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਇਹਨਾਂ ਸਮੱਸਿਆਵਾਂ ਬਾਰੇ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਭੇਜੀ ਜਾਵੇਗੀ ਤਾਂ ਜੋ ਸਮੱਸਿਆ ਦਾ ਕੋਈ ਨਾਂ ਕੌਈ ਹੱਲ ਕੱਢਿਆਂ ਜਾ ਸਕੇ। ਉਹਨਾਂ ਕਿਹਾ ਕਿ ਖੇਤਾਂ ਦੇ ਵੱਤਰ ਆਉਣ ਤੇ ਚਾਰੇ ਲਈ ਮੱਕੀ,ਗਰਮੀ ਰੁੱਤ ਦੇ ਮਾਂਹ ਅਤੇ ਮੂੰਗੀ ਦੀ ਕਾਸਤ ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਕੀਤੀ ਜਾ ਸਕਦੀ ਹੈ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਕਟਾਈ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਿੰਨਾਂ ਕਿਸਾਨਾਂ ਨੂੰ ਉਪਰੋਕਤ ਫਸਲਾਂ ਦਾ ਬੀਜ ਚਾਹੀਦਾ ਹੋਵੇ ਉਹ ਸੰਬੰਧਤ ਖੇਤੀਬਾੜੀ ਦਫਤਰ ਵਿੱਚ ਜ਼ਰੂਰਤ ਅਨੁਸਾਰ ਮੰਗ ਜ਼ਰੂਰ ਦੇ ਦੇਣ ਤਾਂ ਜੋ ਲੋੜੀਂਦੇ ਬੀਜ ਦਾ ਪ੍ਰਬੰਧ ਕੀਤਾ ਜਾ ਸਕੇ।

LEAVE A REPLY

Please enter your comment!
Please enter your name here