ਕੈਬਿਨੇਟ ਮੰਤਰੀ ਅਰੋੜਾ ਨੇ ਕੀਤਾ ਸਰਕਾਰੀ ਸਕੂਲ ਪਿੱਪਲਾਂਵਾਲਾ ਵਿੱਚ ਰੇਨ ਵਾਟਰ ਹਾਰਵੇਸਟਿੰਗ ਸਿਸਟਮ ਦਾ ਸ਼ੁੱਭ ਆਰੰਭ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ। ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ ਵਿਖੇ ਰੇਨ ਵਾਟਰ ਹਾਰਵੇਸਟਿੰਗ ਸਿਸਟਮ ਦਾ ਸ਼ੁੱਭ ਆਰੰਭ ਕਰ ਰਹੇ ਸਨ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਹਰਜਿੰਦਰ ਕੌਰ, ਸਟੇਟ ਐਵਾਰਡੀ ਅਧਿਆਪਕ ਸ੍ਰੀ ਦੀਪਕ ਵਸ਼ਿਸ਼ਟ, ਚੇਅਰਮੈਨ ਆਰ.ਟੀ.ਆਈ ਅਵੇਅਰਨੈਸ ਫੋਰਮ ਰਾਜੀਵ ਵਸ਼ਿਸ਼ਟ, ਕੁੰਦਨ ਲਾਲ ਤੋਂ ਇਲਾਵਾ ਸਕੂਲ ਦੇ ਅਧਿਆਪਕ ਅਤੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਸਰਕਾਰੀ ਸਕੂਲ ਸਿੱਖਿਆ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਰਿਹਾ ਹੈ, ਉਥੇ ਬੁਨਿਆਦੀ ਸਹੂਲਤਾਂ ਪੱਖੋਂ ਸਕੂਲਾਂ ਦੀ ਕਾਇਆ ਕਲਪ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਦੇ 33 ਸਰਕਾਰੀ ਸਕੂਲਾਂ ਵਿੱਚ ਰੇਨ ਵਾਟਰ ਹਾਰਵੇਸਟਿੰਗ ਸਿਸਟਮ ਲਗਾਏ ਜਾ ਰਹੇ ਹਨ, ਤਾਂ ਜੋ ਪਾਣੀ ਦੀ ਸੰਭਾਲ ਕੀਤੀ ਜਾ ਸਕੇ।
ਸੂਬਾ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਚਨਬੱਧ : ਅਰੋੜਾ
ਉਹਨਾਂ ਕਿਹਾ ਕਿ ਇਕ ਰੇਨ ਵਾਟਰ ਹਾਰਵੇਸਟਿੰਗ ਸਿਸਟਮ ‘ਤੇ 2 ਲੱਖ ਰੁਪਏ ਦੀ ਲਾਗਤ ਆ ਰਹੀ ਹੈ ਅਤੇ 33 ਸਕੂਲਾਂ ਨੂੰ ਗ੍ਰਾਂਟ ਦਿੱਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਜਲਦੀ ਹੀ ਬਾਕੀ ਰਹਿੰਦੇ ਸਕੂਲਾਂ ਵਿੱਚ ਪਾਣੀ ਸਾਂਭਣ ਲਈ ਇਹ ਸਿਸਟਮ ਤਿਆਰ ਹੋ ਜਾਣਗੇ। ਉਹਨਾਂ ਖੁਸ਼ੀ ਪ੍ਰਗਟਾਈ ਕਿ ਪੰਜਾਬ ਸਰਕਾਰ ਵਲੋਂ ਵੀ ਬਜਟ ਵਿੱਚ ਸੂਬੇ ਦੇ ਸਰਕਾਰੀ ਸਕੂਲਾਂ ‘ਚ ਰੇਨ ਵਾਟਰ ਹਾਰਵੇਸਟਿੰਗ ਸਿਸਟਮ ਲਗਾਉਣ ਲਈ ਪੈਸੇ ਰੱਖੇ ਗਏ ਹਨ।
ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ, ਤਾਂ ਜੋ ਇਹਨਾਂ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦਾ ਮੌਕਾ ਮਿਲ ਸਕੇ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲਗਨ ਅਤੇ ਮਿਹਨਤ ਨਾਲ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ, ਇਸ ਲਈ ਮਨ ਲਾ ਕੇ ਪੜਾਈ ਵੱਲ ਧਿਆਨ ਦਿੱਤਾ ਜਾਵੇ। ਉਹਨਾਂ ਪਾਣੀ ਦੇ ਡਿੱਗ ਰਹੇ ਪੱਧਰ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪਾਣੀ ਦੀ ਸੰਭਾਲ ਕਰਨੀ ਅਜੋਕੇ ਸਮੇਂ ਦੀ ਮੁੱਖ ਲੋੜ ਹੈ,
ਇਸ ਲਈ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕ ਅਤੇ ਮਾਪੇ ਇਕਜੁੱਟਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ, ਤਾਂ ਜੋ ਸਾਂਝੇ ਯਤਨਾਂ ਨਾਲ ਪਾਣੀ ਦੀ ਸੰਭਾਲ ਕੀਤੀ ਜਾ ਸਕੇ। ਇਸ ਮੌਕੇ ਵਿਦਿਆਰਥੀਆਂ ਵਲੋਂ ਪਾਣੀ ਦੀ ਸੰਭਾਲ ਸਬੰਧੀ ਕੀਤੀ ਗਈ ਪੇਟਿੰਗਜ਼ ਖਿੱਚ ਦਾ ਕੇਂਦਰ ਬਣੀ ਰਹੀ ਅਤੇ ਕੈਬਨਿਟ ਮੰਤਰੀ ਵਲੋਂ ਪੇਟਿੰਗਜ਼ ਕਰਨ ਵਾਲੇ ਬੱਚਿਆਂ ਦਾ ਉਤਸ਼ਾਹ ਵੀ ਵਧਾਇਆ ਗਿਆ।

LEAVE A REPLY

Please enter your comment!
Please enter your name here