ਲਘੂ ਅਤੇ ਛੋਟੇ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ ਜ਼ਿਲਾ ਪੱਧਰੀ ਐਮ.ਐਸ.ਈ. ਫੈਸਲੀਟੇਸ਼ਨ ਕੌਂਸਲ: ਰਿਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜਿਥੇ ਬਿਜਨੈਸ ਫਸਟ ਪੋਰਟਲ ਸ਼ੁਰੂ ਕਰਕੇ ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਇਕ ਹੀ ਛੱਤ ਹੇਠਾਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੁਣ ਸਰਕਾਰ ਵਲੋਂ ਜ਼ਿਲਾ ਪੱਧਰੀ ਮਾਈਕਰੋ ਅਤੇ ਸਮਾਲ ਐਂਟਰਪ੍ਰਾਈਜਿਜ਼ ਫੈਸਲੀਟੇਸ਼ਨ ਕੌਂਸਲ ਸਥਾਪਿਤ ਕਰ ਦਿੱਤੀ ਗਈ ਹੈ, ਤਾਂ ਜੋ ਛੋਟੇ ਅਤੇ ਲਘੂ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਹੱਲ ਜ਼ਿਲਾ ਪੱਧਰ ‘ਤੇ ਹੀ ਕੀਤਾ ਜਾਵੇ। ਉਹ ਅੱਜ ਬਿਜ਼ਨੈਸ ਫਸਟ ਪੋਰਟਲ ਅਧੀਨ ਜ਼ਿਲਾ ਪੱਧਰੀ ਸਿੰਗਲ ਵਿੰਡੋ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰ ਰਹੇ ਸਨ।

Advertisements

-ਕਿਹਾ, ਕਿਸੇ ਵੀ ਪਾਰਟੀ ਵਲੋਂ 45 ਦਿਨ ‘ਚ ਬਣਦੀ ਅਦਾਇਗੀ ਨਾ ਕਰਨ ‘ਤੇ ਉਦਯੋਗਿਕ ਇਕਾਈ ਵਲੋਂ ਕੌਂਸਲ ‘ਚ ਦਾਇਰ ਕੀਤਾ ਜਾ ਸਕਦੈ ਕੇਸ

ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਮਾਈਕਰੋ ਤੇ ਸਮਾਲ ਐਂਟਰਪ੍ਰਾਈਜਿਜ਼ ਫੈਸਲੀਟੇਸ਼ਨ ਕੌਂਸਲ ਅਪਨੀਤ ਰਿਆਤ ਨੇ ਕਿਹਾ ਕਿ ਲਘੂ ਅਤੇ ਛੋਟੇ ਉਦਯੋਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਿਲਾ ਪੱਧਰੀ ਐਮ.ਐਸ.ਈ. ਫੈਸਲੀਟੇਸ਼ਨ ਕੌਂਸਲ ਕੰਮ ਕਰੇਗੀ। ਉਹਨਾਂ ਕਿਹਾ ਕਿ ਕਿਸੇ ਲਘੂ ਅਤੇ ਛੋਟੇ ਉਦਯੋਗ ਨੂੰ ਕੋਈ ਵੀ ਦਿੱਕਤ ਆਉਣ ‘ਤੇ ਕੌਂਸਲ ਦੇ ਮੈਂਬਰ ਸਕੱਤਰ ਵਜੋਂ ਕੰਮ ਕਰ ਰਹੇ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜੇਕਰ ਕੋਈ ਉਦਯੋਗਿਕ ਇਕਾਈ (ਐਮ.ਐਸ.ਈ.) ਕਿਸੇ ਪਾਰਟੀ ਨੂੰ ਕੋਈ ਪ੍ਰੋਡਕਟ ਸਪਲਾਈ ਜਾਂ ਸਰਵਿਸ ਦਿੰਦੀ ਹੈ, ਤਾਂ ਉਸ ਪਾਰਟੀ ਵਲੋਂ ਉਦਯੋਗਿਕ ਇਕਾਈ ਨੂੰ ਮਿਤੀ ਬੱਧ ਸਮੇਂ ਵਿੱਚ ਸਪਲਾਈ ਕੀਤੇ ਪ੍ਰੋਡਕਟ/ਸਰਵਿਸ ਦੀ ਪੇਮੈਂਟ ਕਰਨੀ ਹੁੰਦੀ ਹੈ।

-ਬਿਜਨੈਸ ਫਸਟ ਪੋਰਟਲ ਅਧੀਨ ਜ਼ਿਲਾ ਪੱਧਰੀ ਸਿੰਗਲ ਵਿੰਡੋ ਕਮੇਟੀ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ

ਜੇਕਰ ਕੋਈ ਪਾਰਟੀ ਉਦਯੋਗਿਕ ਇਕਾਈ ਦੀ ਬਣਦੀ ਰਕਮ ਦੀ ਅਦਾਇਗੀ 45 ਦਿਨਾਂ ਵਿੱਚ ਨਹੀਂ ਕਰਦੀ, ਤਾਂ ਉਹ ਉਦਯੋਗਿਕ ਇਕਾਈ ਜਿਲਾ ਪੱਧਰੀ ਐਮ.ਐਸ.ਈ. ਫੈਸਲੀਟੇਸ਼ਨ ਕੌਂਸਲ ਵਿੱਚ ਆਪਣਾ ਕੇਸ ਦਾਇਰ ਕਰ ਸਕਦੀ ਹੈ। ਉਹਨਾਂ ਕਿਹਾ ਕਿ ਫੈਸਲੀਟੇਸ਼ਨ ਕੌਂਸਲ ਵਲੋਂ ਇਸ ਕੇਸ ਦਾ ਨਿਪਟਾਰਾ ਨਿਰਧਾਰਤ ਸਮੇਂ ਵਿੱਚ ਕੀਤਾ ਜਾਵੇਗਾ ਅਤੇ ਉਦਯੋਗਿਕ ਇਕਾਈ ਨੂੰ ਉਸ ਦੀ ਬਣਦੀ ਪੇਮੈਂਟ ਵਿਆਜ ਸਮੇਤ ਦੁਆਉਣ ਦੀ ਕਾਰਵਾਈ ਕਰੇਗੀ। ਉਹਨਾਂ ਜ਼ਿਲੇ ਦੇ ਉਦਯੋਗਪਤੀਆਂ ਨੂੰ ਇਸ ਫੈਸਲੀਟੇਸ਼ਨ ਕੌਂਸਲ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ।

– ‘ਜ਼ਿਲੇ ਦੇ 31 ਨਿਵੇਸ਼ਕਾਂ ਵਲੋਂ ਕਰੀਬ 2088 ਕਰੋੜ ਰੁਪਏ ਦੇ ਨਿਵੇਸ਼ ਨਾਲ ਵੱਧਣਗੇ ਰੋਜ਼ਗਾਰ ਦੇ ਮੌਕੇ’

ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਦਯਗਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਬਿਜਨੈਸ ਫਸਟ ਪੋਰਟਲ ਕਾਫੀ ਕਾਰਗਰ ਸਾਬਤ ਹੋ ਰਿਹਾ ਹੈ। ਇਸ ਪੋਰਟਲ ਅਧੀਨ ਸਿੰਗਲ ਵਿੰਡੋ ਸਿਸਟਮ ਰਾਹੀਂ ਹੁਣ ਤੱਕ ਜ਼ਿਲੇ ਦੇ 31 ਨਿਵੇਸ਼ਕਾਂ ਵਲੋਂ ਰੁਚੀ ਦਿਖਾਉਂਦੇ ਹੋਏ ਕਰੀਬ 2088 ਕਰੋੜ ਰੁਪਏ ਦਾ ਨਿਵੇਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਨਿਵੇਸ਼ਕਾਂ ਵਲੋਂ ਸ਼ੁਰੂ ਕੀਤੇ ਪ੍ਰੋਜੈਕਟਾਂ ਨਾਲ ਕਰੀਬ 7827 ਵਿਅਕਤੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ। ਉਹਨਾਂ ਕਿਹਾ ਕਿ ਪੋਰਟਲ ਰਾਹੀਂ ਹੁਣ ਤੱਕ ਤਕਰੀਬਨ 550 ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਦਿੱਤੀਆਂ ਜਾ ਚੁੱਕੀਆਂ ਹਨ।

ਇਸ ਮੌਕੇ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਅਮਰਜੀਤ ਸਿੰਘ, ਫੰਕਸ਼ਨਲ ਮੈਨੇਜਰ ਅਰੁਣ ਕੁਮਾਰ, ਪ੍ਰਧਾਨ ਆਲ ਇੰਡੀਆ ਪਲਾਈਵੁੱਡ ਐਸੋਸੀਏਸ਼ਨ ਨਰੇਸ਼ ਤਿਵਾੜੀ, ਮੈਂਬਰ ਜ਼ਿਲਾ ਸਿੰਗਲ ਵਿੰਡੋ ਕਮੇਟੀ ਸਤੀਸ਼ ਕੁਮਾਰ ਪੁਰੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here