ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨ ਲਈ ਕੀਤੀ ਨਵੀਂ ਸ਼ੁਰੂਆਤ

ਪਠਾਨਕੋਟ (ਦ ਸਟੈਲਰ ਨਿਊਜ਼)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸਮੇਂ ਸਮੇਂ ਤੇ ਖੇਤੀਬਾੜੀ ਨਾਲ ਸੰਬੰਧਤ ਨਵੀਨਤਮ ਤਕਨੀਕਾਂ ਨੂੰ ਕਿਸਾਨਾਂ ਤੱਕ ਪਿੰਡ ਅਤੇ ਬਲਾਕ ਪੱਧਰ ਤੇ ਜਾਗਰੁਕਤਾ ਕੈਂਪ ਲਗਾ ਪਹੁੰਚਾਇਆ ਜਾਂਦਾ ਹੈ ਤਾਂ ਜੋ ਫਸਲਾਂ ਦੀ ਕਾਸਤ ਵਿੱਚ ਸੰਭਾਵਿਤ ਕਿਸੇ ਕਿਸਮ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਕੋਵਿਡ-19 ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਹਰੇਕ ਤਰਾਂ ਦੇ ਜਨਤਕ ਇਕੱਠ ਕਰਨ ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋ ਕਰੋਨਾ ਵਾਇਰਸ ਦੇ ਅਗਾਂਹ ਪ੍ਰਸਾਰ ਨੂੰ ਰੋਕਿਆ ਜਾ ਸਕੇ, ਅਜਿਹੇ ਹਾਲਾਤ ਵਿੱਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਨਵੀਂ ਪਹਿਲਕਦਮੀ ਕਰਦਿਆਂ ਫਸਲਾਂ ਦੀ ਕਾਸਤ ਸੰਬੰਧੀ ਤਕਨੀਕਾਂ ਅਤੇ ਹੋਰ ਸੰਬੰਧਤ ਸਮੱਸਿਆਵਾਂ ਦੇ ਹੱਲ ਲਈ ਆਨਲਾਈਨ ਜਾਣਕਾਰੀ ਦੇਣ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ।

Advertisements

ਇਸ ਸੰਬੰਧੀ ਬਲਾਕ ਪਠਾਨਕੋਟ ਦੇ ਕਿਸਾਨਾਂ ਲਈ ਗੁੱਗਲ ਮੀਟ ਐਪ ਦੀ ਵਰਤੋਂ ਕਰਦਿਆਂ ਕਿਸਾਨਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ ਜਿਸ ਵਿੱਚ ਅਗਾਂਹਵਧੂ ਨੌਜਵਾਨ ਕਿਸਾਨ ਨਵੀਨ ਸ਼ਰਮਾ, ਗੌਰਵ ਕੁਮਾਰ,ਬੂਟਾ ਰਾਮ, ਸੰਸਾਰ ਸਿੰਘ ,ਅਮਿਤ ਸ਼ਰਮਾ,ਪਰਵੀਨ ਕੁਮਾਰ ਰਾਜੂ,ਮਨਜੀਤ ਕੌਰ ਖੇਤੀ ਉਪ ਨਿਰੀਖਕ ਸਮੇਤ ਕਈ ਕਿਸਾਨ ਸ਼ਾਮਿਲ ਹੋਏ। ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਅਤੇ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਦੇ ਸੁਆਲਾਂ ਦੇ ਜਵਾਬ ਦਿੱਤੇ ਅਤੇ ਝੋਨੇ ਅਤੇ ਮੱਕੀ  ਦੀ ਫਸਲ ਵਿੱਚੋਂ ਨਦੀਨਾਂ ਦੀ ਰੋਕਥਾਮ ਅਤੇ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।

ਆਨਲਾਈਨ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਾਡਾ ਸਭਨਾਂ ਦਾ ਮੁਢਲਾ ਫਰਜ਼ ਬਣਦਾ ਹੈ ਕਿ ਸਿਹਤ ਵਿਭਾਗ, ਪੰਜਾਬ ਸਰਕਾਰ ਵੱਲੋਂ ਕੋਵਿਡ -19 ਦੇ ਅਗਾਹ ਪਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਅਧੀਨ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਹਨਾਂ ਕਿਹਾ ਕਿ ਭੀੜ ਭਾੜ ਵਾਲੀਆਂ ਜਗਾ ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਨੱਕ ਅਤੇ ਮੂੰਹ ਨੂੰ ਮਾਸਕ ਨਾਲ ਢੱਕ ਕੇ ਜਾਇਆ ਜਾਵੇ। ਉਹਨਾਂ ਕਿਹਾ ਕਿ ਹੱਥਾਂ ਦੀ ਸਫਾਈ ਲਈ ਸਮੇਂ ਸਮੇਂ ਤੇ ਸੈਨੇਟਾਇਜ਼ਰ ਜਾ ਸਾਬਣ ਨਾਲ ਹੱਥਾਂ ਨੂੰ ਧੋਇਆ ਜਾਵੇ। ਉਹਨਾਂ ਕਿਹਾ ਕਿ ਅਜਿਹੀਆਂ ਸਾਵਧਾਨੀਆਂ ਦੀ ਵਰਤੋਂ ਕਰਕੇ ਅਸੀਂ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਕਾਮਯਾਬ ਕਰ ਸਕਦੇ ਹਾਂ।

ਉਹਨਾਂ ਕਿਹਾ ਕਿ ਸਿੱਧੀ ਬਿਜਾਈ ਵਾਲੇ ਝੋਨੇ ਦੀ ਫਸਲ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ ਨਦੀਨਾਂ ਦੇ ਅਨੁਸਾਰ ਨਦੀਨਨਾਸ਼ਕਾਂ ਦੀ ਢੁਕਵੇਂ ਸਮੇਂ ਤੇ ਛਿੜਕਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਬਰਸਾਤ ਪੇਣ ਨਾਲ ਝੋਨੇ ਦੀ ਫਸਲ ਦਾ ਪੀਲਾਪਣ ਕੁਝ ਹੀ ਦਿਨਾਂ ਵਿੱਚ ਦੂਰ ਹੋ ਜਾਵੇਗਾ ਇਸ ਲਈ ਕਿਸੇ ਗੈਰਸਿਫਾਰਸ਼ੀ ਖੇਤੀ ਸਮੱਗਰੀ ਪਾਉਣ ਦੀ ਜ਼ਰੂਰਤ ਨਹੀ। ਉਨਾਂ ਦੱਸਿਆ ਕਿ ਹਰ ਹਫਤੇ ਦਿਨ ਬੁੱਧਵਾਰ ਨੂੰ ਦੁਪਹਿਰ 12.30 ਵਜੇ ਤੋਂ 1.30 ਵਜੇ ਤੱਕ ਕਿਸਾਨਾਂ ਨਾਲ ਆਨਲਾਈਨ ਮੀਟਿੰਗ ਕਰਕੇ ਰਾਬਤਾ ਕਾਇਮ ਕੀਤਾ ਜਾਇਆ ਕਰੇਗਾ।

ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲੇ ਇਛੁੱਕ ਕਿਸਾਨਾਂ ਨੂੰ ਐਪ ਸਟੋਰ ਤੋਂ google Meet app ਡਾਊਨਲੋਡ ਕਰਨੀ ਹੋਵੇਗੀ ਅਤੇ ਵਟਸਐਪ ਨੰਬਰ 94630-71919 ਤੇ ਮੀਟਿੰਗ ਵਿੱਚ ਸਾਮਿਲ ਹੋਣ ਲਈ ਸੁਨੇਹਾ ਭੇਜਣਾ ਹੋਵੇਗਾ ਤਾਂ ਜੋ ਮੀਟਿੰਗ ਦਾ ਲਿੰਕ ਭੇਜਿਆ ਜਾ ਸਕੇ। ਉਨਾਂ ਕਿਹਾ ਕਿ ਕੋਈ ਵੀ ਕਿਸਾਨ ਇਸ ਮੀਟਿੰਗ ਵਿੱਚ ਆਪਣੀਆਂ ਖੇਤੀਬਾੜੀ ਨਾਲ ਸੰਬੰਧਤ ਸਮੱਸਿਆਵਾਂ ਬਾਰੇ ਦੱਸ ਸਕਦਾ ਹੈ। ਉਹਨਾਂ ਕਿਹਾ ਕਿ ਖੇਤੀ ਮਾਹਿਰਾਂ ਵੱਲੋਂ ਸਮੇਂ ਅਤੇ ਮੌਸਮ ਮੁਤਾਬਕ ਫਸਲਾਂ ਦੀ ਦੇਖਭਾਲ,ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਇਆ ਕਰੇਗੀ। ਉਹਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਦੀ ਸਮੱਸਿਆ ਦੇ ਹੱਲ ਲਈ ਕਿਸਾਨ ਦੇ ਖੇਤਾਂ ਵਿੱਚ ਜਾਣ ਦੀ ਜ਼ਰੂਰਤ ਹੋਵੇਗੀ ਤਾਂ ਕੋਵਡਿ 19 ਦੀਆ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਖੇਤਾਂ ਵਿੱਚ ਵੀ ਜਾਇਆ ਕਰੇਗਾ। ਉਹਨਾਂ ਸਮੂਹ ਨੌਜਵਾਨ ਕਿਸਾਨਾਂ ਨੂੰ ਇਸ ਨਵੇਕਲੇ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ਼ ਕੀਤੀ।

ਡਾ.ਮਨਦੀਪ ਕੌਰ ਨੇ ਇੱਕ ਸੁਆਲ ਦੇ ਜੁਆਬ ਦਾ ਉੱਤਰ ਦਿੰਦਿਆਂ ਕਿਹਾ ਕਿ ਝੋਨੇ ਦੀ ਫਸਲ ਨੂੰ 90 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਉਣ ਦੀ ਸਿਫਾਰਸ਼ ਕੀਤੀ ਜਾਦੀ ਹੈ। ਉਹਨਾਂ ਕਿਹਾ ਕਿ ਵੱਧ ਯੂਰੀਆ ਖਾਦ ਪਾਉਣ ਨਾਲ ਝੋਨੇ ਦੀ ਫਸਲ ਤੇ ਬਿਮਾਰੀ ਅਤੇ ਕੀੜੇ ਮਕੌੜੇ ਵਧੇਰੇ ਹਮਲਾ ਕਰਦੇ ਹਨ ਜਿੰਨਾਂ ਦੀ ਰੋਕਥਾਮ ਲਈ ਵਰਤੀ ਜਾਣ ਵਾਲੀ ਖੇਤੀ ਸਮੱਗਰੀ ਕਾਰਨ ਖੇਤੀ ਲਾਗਤ ਖਰਚੇ ਵਧਦੇ ਹਨ ਅਤੇ ਸ਼ੁੱਧ ਆਮਦਨ ਘੱਟਦੀ ਹੈ। ਨੌਜਵਾਨ ਕਿਸਾਨ ਗੌਰਵ ਕੁਮਾਰ ਅਤੇ ਨਵੀਨ ਸ਼ਰਮਾ ਨੇ ਮੁੱਖ ਖੇਤੀਬਾੜੀ ਅਫਸਰ ਅਤੇ ਜਿਲਾ ਪ੍ਰਸ਼ਾਸਨ ਪਠਾਨਕੋਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਕਿਸਾਨੀ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੇ ਕਿਉਂ ਕਿ ਕੋਈ ਕਿਸਾਨ ਕਿਸੇ ਜਗਾ ਤੋਂ ( ਭਾਵੇਂ ਉਹ ਖੇਤਾਂ ਵਿੱਚ ਹੀ ਹੋਵੇ) ਮੀਟਿੰਗ ਵਿੱਚ ਸ਼ਾਮਲ ਹੋ ਸਕਦਾ ਹੈ।

LEAVE A REPLY

Please enter your comment!
Please enter your name here