ਪਿੰਡ ਪੋਸੀ ਵਿਖੇ ਵੈਲਡਿੰਗ ਦੀ ਦੁਕਾਨ ਕਰਦੇ ਦੋ ਭਰਾਵਾਂ ਤੇ ਹਮਲਾ, ਇਕ ਦੀ ਮੌਤ

ਗੜਸ਼ੰਕਰ (ਦ ਸਟੈਲਰ ਨਿਊਜ਼)। ਰਿਪੋਰਟ- ਹਰਦੀਪ ਚੌਹਾਨ। ਕਸਬਾ ਸੈਲਾ ਖੁਰਦ ਅਧੀਨ ਪੈਂਦੇ ਪਿੰਡ ਪੋਸੀ ਵਿੱਚ ਕੱਲ ਸ਼ਾਮ ਵੈਲਡਿੰਗ ਦੀ ਦੁਕਾਨ ਕਰਦੇ ਦੋ ਭਰਾਵਾਂ ਤੇ ਕਰੀਬ ਪੰਦਰਾਂ ਵਿਅਕਤੀਆਂ ਵਲੋਂ ਕੀਤੇ ਕਾਤਲਾਨਾ ਹਮਲੇ ਵਿੱਚ ਇਕ ਭਰਾ ਦੀ ਅੱਜ ਪੀਜਆਈ ਚੰਡੀਗੜ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਦੂਜਾ ਭਰਾ ਗੜਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮਾਮਲਾ ਦੋ ਧਿਰਾਂ ਦੀ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਪੋਸੀ ਦੇ ਵਸਨੀਕ ਦੀਪਕ ਕੁਮਾਰ(22) ਅਤੇ ਸ਼ਿਵ ਸ਼ਾਂਤ ਪੁੱਤਰਾਨ ਰਾਮ ਲੁਭਾਇਆ ਕੱਲ ਸ਼ਾਮ ਪਿੰਡ ਵਿੱਚ ਆਪਣੀ ਵੈਲਡਿੰਗ ਦੀ ਦੁਕਾਨ ‘ਤੇ ਕੰਮ ਕਰ ਰਹੇ ਸਨ ਕਿ ਮੋਟਰਸਾਇਕਲਾਂ ‘ਤੇ ਸਵਾਰ ਹੋ ਕੇ ਆਏ ਕੁੱਝ ਵਿਅਕਤੀਆਂ ਵਲੋਂ ਦੋਹਾਂ ਭਰਾਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।

Advertisements

ਇਸ ਹਮਲੇ ਵਿੱਚ ਦੀਪਕ ਕੁਮਾਰ ਅਤੇ ਸ਼ਿਵ ਸਾਂਤ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਡੂੰਘੀਆਂ ਸੱਟਾਂ ਵੱਜੀਆਂ ਜਿਹਨਾਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਗੜਸ਼ੰਕਰ ਪੁਜਾਇਆ ਗਿਆ। ਜਾਣਕਾਰੀ ਅਨੁਸਾਰ ਦੀਪਕ ਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਪੀਜੀਆਈ ਚੰਡੀਗੜ ਰੈਫਰ ਕੀਤਾ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਿਆ। ਹਮਲੇ ਵਿੱਚ ਜ਼ਖ਼ਮੀ ਹੋਇਆ ਸ਼ਿਵ ਸ਼ਾਂਤ ਗੜਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਸੈਲਾ ਖੁਰਦ ਦੇ ਚੌਂਕੀ ਇੰਚਾਰਜ ਵਿਜਯੰਤ ਬਾਲੀ ਅਨੁਸਾਰ ਇਸ ਸਬੰਧੀ ਕੁਝ ਔਰਤਾਂ ਸਮੇਤ ਕਰੀਬ ਪੰਦਰਾਂ ਵਿਅਕਤੀਆਂ ਵਿਰੁੱਧ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here