ਕੋਵਿਡ ਨਾਲ ਨਜਿੱਠਣ ਲਈ ਸੂਬੇ ਵਿੱਚ 6 ਜੇਲਾਂ ਨੂੰ ਵਿਸ਼ੇਸ਼ ਜੇਲਾਂ ਵਿੱਚ ਤਬਦੀਲ ਕੀਤਾ: ਰੰਧਾਵਾ

ਚੰਡੀਗੜ (ਦ ਸਟੈਲਰ ਨਿਊਜ਼)। ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਕੈਦੀਆਂ ਲਈ 6 ਜੇਲਾਂ ਨੂੰ ਵਿਸ਼ੇਸ਼ ਜੇਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋ ਹੋਰ ਜੇਲਾਂ ਨੂੰ ਕੋਵਿਡ ਦੇ ਮਰੀਜ਼ ਕੈਦੀਆਂ ਦੇ ਇਲਾਜ ਲਈ ਲੈਵਲ-1 ਕੋਵਿਡ ਕੇਅਰ ਸੈਂਟਰ ਵਜੋਂ ਐਲਾਨ ਦਿੱਤਾ ਹੈ। ਇਹ ਖੁਲਾਸਾ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਸ. ਰੰਧਾਵਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਮਿਸ਼ਨ ਫਤਹਿ’ ਮੁਹਿੰਮ ਤਹਿਤ ਜੇਲ ਵਿਭਾਗ ਨੇ ਵੀ ਪੂਰੀ ਕਮਰ ਕਸੀ ਹੋਈ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਛੇ ਜੇਲਾਂ ਨੂੰ ਨਵੇਂ ਕੈਦੀਆਂ ਲਈ ਏਕਾਂਤਵਾਸ ਜੇਲਾਂ ਵਿੱਚ ਤਬਦੀਲ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ ਬਰਨਾਲਾ ਤੇ ਪੱਟੀ ਜੇਲ ਨੂੰ ਏਕਾਂਤਵਾਸ ਜੇਲਾਂ ਵਿੱਚ ਤਬਦੀਲ ਕੀਤਾ ਗਿਆ ਸੀ। ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਬਠਿੰਡਾ, ਪਠਾਨਕੋਟ, ਲੁਧਿਆਣਾ ਤੇ ਮਹਿਲਾ ਜੇਲ ਲੁਧਿਆਣਾ ਨੂੰ ਵਿਸ਼ੇਸ਼ ਜੇਲਾਂ ਐਲਾਨਦਿਆਂ ਨਵੇਂ ਕੈਦੀਆਂ ਦੇ ਏਕਾਂਤਵਾਸ ਲਈ ਰਾਖਵਾਂ ਰੱਖ ਦਿੱਤਾ ਹੈ।

Advertisements

ਜੇਲ ਮੰਤਰੀ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਨਵੇਂ ਕੈਦੀ ਨੂੰ ਪਹਿਲਾ ਇਨਾਂ ਜੇਲਾਂ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਇਨਾਂ ਦੀ ਪੂਰੀ ਸਕਰੀਨਿੰਗ ਤੋਂ ਬਾਅਦ 14 ਦਿਨਾਂ ਦੇ ਏਕਾਂਤਵਾਸ ਉਤੇ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਟੈਸਟਿੰਗ ਕਰਵਾਉਣ ਉਪਰੰਤ ਠੀਕ ਪਾਏ ਜਾਣ ਵਾਲੇ ਕੈਦੀਆਂ ਨੂੰ ਸੰਗਰੂਰ ਜੇਲ ਭੇਜਿਆ ਜਾਂਦਾ ਹੈ ਜਿੱਥੇ ਉਨਾਂ ਨੂੰ ਇਹਤਿਆਤ ਵਜੋਂ 14 ਦਿਨ ਹੋਰ ਏਕਾਂਤਵਾਸ ਉਤੇ ਰੱਖਿਆ ਜਾਂਦਾ ਹੈ। ਇਸ ਉਪਰੰਤ ਠੀਕ ਕੈਦੀਆਂ ਨੂੰ ਬਾਕੀ ਜੇਲਾਂ ਵਿੱਚ ਸਮਰੱਥਾ ਅਨੁਸਾਰ ਸ਼ਿਫਟ ਕੀਤਾ ਜਾਂਦਾ ਹੈ। ਜੇਲ ਮੰਤਰੀ ਸ.ਰੰਧਾਵਾ ਨੇ ਦੱਸਿਆ ਕਿ ਪੰਜਾਬ ਦੀਆਂ ਕੁੱਲ 25 ਜੇਲਾਂ ਵਿੱਚ ਇਸ ਵੇਲੇ 23,500 ਕੈਦੀਆਂ ਦੀ ਸਮਰੱਥਾ ਹੈ ਅਤੇ 17,000 ਕੈਦੀ ਜੇਲਾਂ ਵਿੱਚ ਹਨ। ਉਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜੇਲਾਂ ਵਿੱਚ ਸਮਾਜਿਕ ਵਿੱਥ ਦਾ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਉਚ ਤਾਕਤੀ ਕਮੇਟੀ ਦੇ ਫੈਸਲੇ ਤੋਂ ਬਾਅਦ ਮਾਰਚ ਤੋਂ ਲੈ ਕੇ ਹੁਣ ਤੱਕ 11,500 ਕੈਦੀਆਂ ਨੂੰ ਪੈਰੋਲ ਉਤੇ ਛੱਡਿਆ ਗਿਆ ਹੈ। ਪੰਜਾਬ ਸਰਕਾਰ ਨੇ ਚੰਗੇ ਆਚਰਣ ਵਾਲੇ ਕੈਦੀਆਂ ਲਈ ਬਣਾਏ ਐਕਟ ਵਿੱਚ ਸੋਧ ਕਰਕੇ ਵੱਧ ਤੋਂ ਵੱਧ ਪੈਰੋਲ ਦਾ ਸਮਾਂ ਵੀ 16 ਹਫਤੇ ਤੋਂ ਵਧਾ ਦਿੱਤਾ ਸੀ। ਉਨਾਂ ਕਿਹਾ ਕਿ 17,000 ਕੈਦੀਆਂ ਵਿੱਚੋਂ 9000 ਕੈਦੀਆਂ ਦਾ ਕੋਵਿਡ ਟੈਸਟ ਕਰਵਾਇਆ ਜਾ ਚੁੱਕਾ ਹੈ ਜਿਨਾਂ ਵਿੱਚੋਂ 150 ਕੈਦੀ ਹੁਣ ਤੱਕ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਨਾਂ ਕੈਦੀਆਂ ਨੂੰ ਇਲਾਜ ਲਈ ਗੁਰਦਾਸਪੁਰ ਤੇ ਮਾਲੇਰਕੋਟਲਾ ਜੇਲਾਂ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਜਿਨਾਂ ਨੂੰ ਜੇਲ ਵਿਭਾਗ ਨੇ ਲੈਵਲ-1 ਕੋਵਿਡ ਕੇਅਰ ਸੈਂਟਰ ਵਿੱਚ ਤਬਦੀਲ ਕੀਤਾ ਹੋਇਆ ਹੈ।

LEAVE A REPLY

Please enter your comment!
Please enter your name here