ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਸਿਹਤ ਕੇਂਦਰਾਂ ‘ਚ ਗੂੰਜ਼ੀਆਂ ਸੈਂਕੜੇ ਕਿਲਕਾਰੀਆਂ

ਜਲੰਧਰ (ਦ ਸਟੈਲਰ ਨਿਊਜ਼)। ਜਿਥੇ ਜਲੰਧਰ ਕੋਰੋਨਾ ਦਾ ਹਾਟ ਸਪਾਟ ਬਣਿਆ ਹੋਇਆ ਹੈ ਉਥੇ ਮਿਸ਼ਨ ਫ਼ਤਿਹ ਤਹਿਤ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲਾ ਵਾਸੀਆਂ ਨੂੰ ਸਰਕਾਰੀ ਸਿਹਤ ਕੇਂਦਰਾਂ ਵਿੱਚ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਕੋਵਿਡ-19 ਦੇ ਨਾਜ਼ੁਕ ਦੌਰ ਦੌਰਾਨ ਸਰਕਾਰੀ ਸਿਹਤ ਕੇਂਦਰਾਂ ਵਿੱਚ ਸੈਂਕੜੇ ਕਿਲਕਾਰੀਆਂ ਵੀ ਗੂੰਜ਼ੀਆਂ। ਇਸ ਤੋਂ ਇਲਾਵਾ ਸਰਕਾਰੀ ਡਾਕਟਰਾਂ ਸਮੇਤ ਸਿਹਤ ਕਰਮੀਆਂ ਨੇ ਕੋਰੋਨਾ ਯੋਧਿਆਂ ਦੀ ਭੂਮਿਕਾ ਨਿਭਾਉਂਦਿਆਂ ਤਿੰਨ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤਾਂ ਦੀ ਡਲਿਵਰੀ ਵੀ ਕੀਤੀ ਜੋ ਅਪਣੇ ਆਪ ਵਿੱਚ ਇਕ ਮਿਸਾਲੀ ਕਦਮ ਹੈ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲੇ ਦੇ ਸਿਹਤ ਅਮਲੇ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਨਿਭਾਈ ਜਾ ਰਹੀ ਡਿਊਟੀ ਸ਼ਲਾਘਾ ਯੋਗ ਹੈ।

Advertisements

ਉਨਾਂ ਕਿਹਾ ਕਿ ਜ਼ਿਲੇ ਦਾ ਸਮੁੱਚਾ ਸਿਹਤ ਅਮਲਾ ਕੋਰੋਨਾ ਯੋਧਿਆਂ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਕੋਵਿਡ ਦੇ ਨਾਲ-ਨਾਲ ਸਿਹਤ ਕੇਂਦਰਾਂ ਵਿੱਚ ਬਾਕੀ ਬਿਮਾਰੀਆਂ ਦਾ ਵੀ ਸੁਚਾਰੂ ਢੰਗ ਨਾਲ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਿਵਲ ਹਸਪਤਾਲ ਜਲੰਧਰ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਸੈਂਕੜੇ ਬੱਚਿਆਂ ਨੇ ਜਨਮ ਲਿਆ ਉਥੇ ਤਿੰਨ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤਾਂ ਦਾ ਜਣੇਪਾ ਵੀ ਕੋਵਿਡ-19 ਦੇ ਮੱਦੇਨਜ਼ਰ ਸਾਵਧਾਨੀਆਂ ਵਰਤ ਕੇ ਸੁਰੱਖਿਅਤ ਢੰਗ ਨਾਲ ਕਰਵਾਇਆ ਗਿਆ। ਉਨਾਂ ਜ਼ਿਲੇ ਦੇ ਡਾਕਟਰਾਂ ਸਮੇਤ ਪੂਰੇ ਸਿਹਤ ਕਰਮੀਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਉਹ ਅਪਣੀ ਡਿਊਟੀ ਇਸੇ ਤਰਾਂ ਨਿਭਾਉਂਦੇ ਰਹਿਣ ਅਤੇ ਉਹ ਦਿਨ ਦੂਰ ਨਹੀਂ ਜਦੋਂ ਉਨਾਂ ਦੀ ਮਿਹਨਤ ਨਾਲ ਨਿਭਾਈ ਡਿਊਟੀ ਸਦਕਾ ਜ਼ਿਲਾ ਜਲੰਧਰ ਕੋਰੋਨਾ ਮਹਾਂਮਾਰੀ ‘ਤੇ ਫ਼ਤਿਹ ਪਾ ਲਵੇਗਾ। 

ਥੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਤਹਿਤ ਇਕਜੁੱਟਤਾ ਨਾਲ ਜ਼ਿਲਾ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆ ਵਰਤਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨੀ ਬਹੁਤ ਜਰੂਰੀ ਹੈ ,ਇਸ ਤੋਂ ਇਲਾਵਾ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਸਮੇਂ-ਸਮੇਂ ‘ਤੇ 20 ਸੈਕੰਡ ਤੱਕ ਹੱਥ ਧੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਇਸਤਰੀ ਰੋਗਾਂ ਦੇ ਮਾਹਿਰ ਡਾ.ਕੁਲਵਿੰਦਰ ਕੌਰ ਐਸ.ਐਮ.ਓ. ਨੇ ਦੱਸਿਆ ਸਿਵਲ ਹਸਪਤਾਲ ਜਲੰਧਰ ਵਿਖੇ ਲਾਕਡਾਊਨ ਦੌਰਾਨ ਕਰੀਬ 650 ਬੱਚਿਆ ਨੇ ਜਨਮ ਲਿਆ ਹੈ। ਉਨਾਂ ਕਿਹਾ ਕਿ ਜਣੇਪਾ ਕਰਨ ਦੌਰਾਨ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕੋਵਿਡ-19 ਸਬੰਧੀ ਸਾਰੀਆਂ ਸਾਵਧਾਨੀਆਂ ਅਮਲ ਵਿੱਚ ਲਿਆਂਦੀਆਂ ਜਾ ਸਕਣ। ਉਨਾਂ ਕਿਹਾ ਕਿ ਸਿਵਲ ਹਸਪਤਾਲ ਜਲੰਧਰ ਵਿਖੇ ਤਿੰਨ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤਾਂ ਦਾ ਵੀ ਸੁਰੱਖਿਅਤ ਜਣੇਪਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਉਕਤ ਤਿੰਨੋ ਔਰਤਾਂ ਸਮੇਤ ਬੱਚੇ ਪੁਰੀ ਤਰਾਂ ਸੁਰੱਖਿਅਤ ਹਨ।

LEAVE A REPLY

Please enter your comment!
Please enter your name here