‘ਦਸ ਮਿੰਟ ਦਾ ਸਵਰਗ’,ਕੰਵਰਦੀਪ ਭੱਲਾ ਦੀ ਮਿੰਨੀ ਕਹਾਣੀ

ਬਾਪੂ ਨੇ ਤੜਕੇ ਮੈਨੂੰ ਉਠਾਇਆ ਤੇ ਖੇਤਾਂ ਨੂੰ ਤੁਰਨ ਲਈ ਕਿਹਾ ਅੱਜ ਐਤਵਾਰ ਹੋਣ ਕਰਕੇ ਮੈਨੂੰ ਵੀ ਕਾਲਜ ਤੋਂ ਛੁੱਟੀ ਸੀ, ਅਤੇ ਨਾਲ ਹੀ ਬਾਪੂ ਨੇ ਬੇਬੇ ਨੂੰ ਸ਼ਾਹ ਵੇਲਾ ਖੇਤਾਂ ਵਿੱਚ ਪਹੁੰਚਾਣ ਲਈ ਕਹਿ ਦਿੱਤਾ । ਬਾਪੂ ਨੇ ਬਲਦਾਂ ਨੂੰ ਜੋੜਿਆ ਤੇ ਅਸੀਂ ਖੇਤਾਂ ਨੂੰ ਤੁਰ ਪਏ । ਖੇਤ ਵਿੱਚ ਪਹੁੰਚ ਕੇ ਬਾਪੂ ਵਾਹੀ ਕਰਨ ਲੱਗ ਪਿਆ ਅਤੇ ਮੈਂ ਕਿਆਰੇ ਵਿੱਚੋਂ ਪੱਠੇ ਵੱਡਣ ਲੱਗਾ । ਅਸਾਂ ਅਜੇ ਆਪਣਾ ਕੰਮ ਖਤਮ ਹੀ ਕੀਤਾ ਸੀ , ਕਿ ਦੂਰੋ ਬੇਬੇ ਸ਼ਾਹ ਵੇਲਾ ਚੁੱਕੀ ਨਜ਼ਰ ਆਈ ਮਨ ਬਾਗੋ ਬਾਗ ਹੋ ਗਿਆ ਕਿਉਂਕਿ ਹੁਣ ਭੁੱਖ ਵੀ ਅੱਤ ਦੀ ਲੱਗੀ ਹੋਈ ਸੀ। ਮਾਂ ਦੇ ਸਿਰ ਤੋਂ ਟੋਕਰਾ ਲਹਾ ਕੇ ਥੱਲੇ ਰੱਖਿਆ ਮਾਂ ਨੇ ਸਾਨੂੰ ਦੋ ਦੋ ਪਰੋਠੇਂ  ਮੱਖਣੀ ਨਾਲ ਦਿੱਤੇ ਤੇ ਨਾਲ ਲੱਸੀ ,ਅਸੀਂ ਰੱਜ ਕੇ ਰੋਟੀ ਖਾਧੀ ਬਾਪੂ ਉੱਥੇ ਹੀ ਪਰਨਾ ਵਿਛਾ ਕੇ ਸੋਂ ਗਿਆ ਅਤੇ ਮਾਂ ਖੇਤਾਂ ਵਿੱਚੋਂ ਸਾਗ ਲਈ ਬਾਥੂ ਤੋੜਨ ਲਈ ਚਲੀ ਗਈ । ਮੈਂ ਮਾਂ -ਬਾਪ ਦੇ ਚਿਹਰੇ ਵੱਲ ਤੱਕਦਾ ਕਿਵੇਂ ਇਹ ਮੇਰੀਆਂ ਦੋ ਭੈਣਾਂ ਦਾ ਵਿਆਹ ਇਸ ਸੱਤ ਕਨਾਲ ਚਾਰ ਮਰਲੇ ਦੀ ਖੇਤੀ  ਵਿੱਚੋਂ ਕਰਨਗੇ ।

Advertisements

ਇਹ ਸੋਚਦਾ –ਸੋਚਦਾ ਮੈਂ ਵੀ ਹਰੇ ਘਾਹ ਤੇ ਲੰਮੇ ਪੈ ਗਿਆ ਅਤੇ ਸੋ ਗਿਆ । ਮੇਰੇ ਸਾਹਮਣੇ ਪ੍ਰੀਤੀ ਦਾ ਚਿਹਰਾ ਘੁੰਮਣ ਲੱਗਾ ਜੋ ਕੇ ਮੇਰੇ ਬਚਪਨ ਦੀ ਸਹੇਲੀ ਸੀ ਕਿਵੇਂ ਅਸੀਂ ਇੱਕਠੇ ਪੜਦੇ ਅਤੇ ਖੇਡਦੇ ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਅਸੀਂ ਜਵਾਨੀ ਦੀ ਦਹਿਲੀਜ਼ ਤੇ ਪਹੁੰਚੇ ਅਤੇ ਇੱਕ ਦੂਸਰੇ ਨਾਲ ਵਿਆਹ ਕਰਵਾਉਣ ਦੀਆਂ ਕਸਮਾਂ ਖਾਧੀਆਂ । ਸਮਾਂ ਬੀਤਦਾ ਗਿਆ ਅਚਾਨਕ ਉਹ ਅਮਰੀਕਾ ਚਲੀ ਗਈ ਕਈ ਸਾਲਾਂ ਤੋਂ ਉਸ ਦਾ ਕੋਈ ਥੋ ਪਤਾ ਨਹੀਂ ਲੱਗਾ,ਪਰ ਕਈ  ਵਾਰੀ ਗਲੀ ਵਿੱਚ ਖੜਕੇ ਔਰਤਾਂ ਪ੍ਰੀਤੀ ਬਾਰੇ ਗੱਲਾਂ ਕਰਦੀਆਂ ਕਿ ਉਹ ਤਾਂ ਬਹੁਤ ਅਮੀਰ ਹੋ ਗਈ ਹੈ, ਉਸ ਦੀਆਂ ਤਾਂ ਬਾਹਾਂ ਵੀ ਸੋਨੇ ਨਾਲ ਲੱਦੀਆਂ ਹੁੰਦੀਆਂ ਹਨ ਇਹ ਸੋਚ ਕੇ ਮੰਨ ਬਹੁਤ ਖੁਸ਼ ਹੁੰਦਾ।

ਸੋਚਦਾ ਕਾਸ਼ ! ਕਿ ਮੇਰਾ ਵਿਆਹ ਹੀ ਕਿਤੇ ਪ੍ਰੀਤੀ ਨਾਲ ਹੀ ਹੋ ਜਾਦਾਂ ਅਜੇ ਸੋਚ ਹੀ ਰਿਹਾ ਸੀ ਕਿ ਮੁਬਾਇਲ ਦੀ ਘੰਟੀ ਵੱਜੀ ਮੈਂ ਜਦੋਂ ਫੋਨ ਚੁੱਕਿਆ ਤਾਂ ਅੱਗੋਂ ਇੱਕ ਪਿਆਰੀ ਆਵਾਜ਼ ਆਈ,  ਹਾਏ ਜੋਵੀਅਲ ਕੀ ਹਾਲ ਹੈ ? ਮੈਂ ਇੱਕਦਮ ਬੋਲਿਆ ਠੀਕ ਹੈ, ਪਰ ਤੁਸੀਂ ਕੋਣ ? ਮੈਂ ਪ੍ਰੀਤੀ ਹੁਣ ਮੇਰੇ ਕੋਲੋ ਬੋਲਿਆ ਨਾ ਗਿਆ ਉਹ ਵੀ ਭਾਵੁਕ ਹੋ ਗਈ ਅਸੀਂ ਕਾਫੀ ਦੇਰ ਰੋਂਦੇ ਰਹੇ ,ਆਪਣੇ ਆਪ ਨੂੰ ਸੰਭਾਲਣ ਤੋਂ ਬਾਅਦ ਅਸੀਂ ਕਾਫੀ ਲੰਮੀ ਗੱਲਬਾਤ ਕੀਤੀ ਉਸ ਨੇ ਵਿਆਹ ਦੀ ਆਫਰ ਦਿੱਤੀ ਮੈਂ ਤੇ ਮੇਰੇ ਸਾਰੇ ਪਰਿਵਾਰ ਵਲੋਂ ਉਸ ਨੂੰ ਸਵੀਕਾਰ ਕਰ ਲਿਆ। ਵਿਆਹ ਇੱਕ ਮਹੀਨੇ ਤੱਕ ਚਾਵਾਂ ਲਾਡਾਂ ਨਾਲ ਹੋਇਆ, ਵਿਆਹ ਦਾ ਸਾਰਾ ਖਰਚਾ ਪ੍ਰੀਤੀ ਨੇ ਖੁੱਦ ਕੀਤਾ ਸਗੋਂ ਉਸਨੇ ਮੇਰੀ ਜੇਬ ਵੀ ਨੋਟਾਂ ਨਾਲ ਭਰ ਦਿੱਤੀ । ਮੇਰੇ ਪਰਿਵਾਰ ਦੇ ਸਾਰੇ ਮੈਂਬਰ ਅਤੇ ਸਕੇ ਸਬੰਧੀ  ਬਹੁਤ ਹੀ ਖੁਸ਼ ਸਨ ।ਇੱਕ ਪਾਸੇ ਵਿਆਹ ਦੀ ਖੁਸ਼ੀ ਦੂਸਰੇ ਪਾਸੇ ਅਮਰੀਕਾ ਜਾਣ ਦਾ ਜਾਦੂ ਸਿਰ ਚੱੜ ਬੋਲ ਰਿਹਾ ਸੀ।

ਸਾਡੇ ਠਹਿਰਨ ਦਾ ਪ੍ਰਬੰਧ ਹੋਟਲ ਵਿੱਚ ਕੀਤਾ ਗਿਆ , ਡਰਾਈਵਰ ਗੁਲਾਬ ਦੇ ਫੁੱਲਾਂ ਵਾਲੀ ਸਜਾਈ ਗੱਡੀ ਨੂੰ ਲੈ ਕੇ ਆਇਆ ਮੈਂ ਅਤੇ ਪ੍ਰੀਤੀ ਉਸ ਵਿੱਚ ਬੈਠ ਗਏ। ਡਰਾਈਵਰ ਨੇ ਜਿਉਂ ਹੀ ਗੱਡੀ ਸਟਾਰਟ ਕੀਤੀ, ਬਾਪੂ ਦੀ ਅਵਾਜ਼ ਕੰਨਾਂ ਵਿੱਚ ਪਈ ੳੱਠ ਜਾ ਪੁੱਤ ਮੈਂ ਸਾਰਾ ਕੰਮ ਖਤਮ ਕਰ ਲਿਆ ਏ ” ਚੱਲ ਘਰ ਚਲੀਏ ਹੁਣ। ਮੇਰੀ ਨੀਂਦ ਖੁੱਲ ਗਈ , ਮੈਂ ਉੱਠ ਕੇ ਬੈਠ ਗਿਆ ਖੇਤਾਂ ਵਿੱਚ ਮੈਨੂੰ ਸਿਰਫ ਹਰੀਆਂ ਫਸਲਾਂ ਹੀ ਨਜ਼ਰ ਆ ਰਹੀਆਂ ਸਨ। ਮੈਂ ਮੱਥੇ ਤੇ ਹੱਥ ਰੱਖੀ  ਸੋਚ  ਰਿਹਾ ਸੀ ਕਿ ਕਾਸ਼! ਕਿਤੇ ਇਹ ਸੁਪਨਾ ਹੀ ਸਾਕਾਰ ਹੋ ਜਾਂਦਾ, ਤਾਂ ਸ਼ਾਇਦ ਇਹ ਦਸ ਮਿੰਟ ਦਾ ਸਵਰਗ ਹੀ ਨਹੀਂ ਬਲਕਿ ਉਮਰ ਭਰ ਦਾ ਸਵਰਗ ਬਣ ਜਾਂਦਾ।

ਕੰਵਰਦੀਪ ਸਿੰਘ ਭੱਲਾ (ਸਹਾਇਕ ਮੈਨੇਜਰ) ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ ਪਿੱਪਲਾਂਵਾਲਾ, ਹੁਸ਼ਿਆਰਪੁਰ,
99881-94776

LEAVE A REPLY

Please enter your comment!
Please enter your name here