ਹਰ ਹਫ਼ਤੇ ਹੋਵੇਗੀ ਸ਼ਹੀਦਾਂ ਦੇ ਪਰਿਵਾਰਾਂ ਦੀ ਸੁਣਵਾਈ, ਐਸਡੀਐਮਜ਼ ਕਰਨਗੇ ਦਿਨ ਤੇ ਸਮਾਂ ਨਿਸ਼ਚਿਤ: ਅਪਨੀਤ ਰਿਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਜ਼ਿਲਾ ਪ੍ਰਸ਼ਾਸਨ ਨੇ ਇਕ ਵੱਖਰੀ ਪਹਿਲ ਕਰਦਿਆਂ ਫੈਸਲਾ ਕੀਤਾ ਕਿ ਕੰਮਕਾਜ਼ ਵਾਲੇ ਦਿਨਾਂ ਵਿੱਚੋਂ ਇਕ ਦਿਨ ਵਿਸ਼ੇਸ਼ ਤੌਰ ‘ਤੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ/ਸ਼ਿਕਾਇਤਾਂ ਸੁਨਣ ਲਈ ਮੁਕਰਰ ਕੀਤਾ ਜਾਵੇਗਾ ਅਤੇ ਇਨਾਂ ਮਸਲਿਆਂ ਦਾ ਨਬੇੜਾ ਤਰਜ਼ੀਹ ‘ਤੇ ਘੱਟੋ-ਘੱਟ ਸਮੇਂ ਵਿੱਚ ਕੀਤਾ ਜਾਵੇਗਾ। ਇਨਾਂ ਪਰਿਵਾਰਾਂ ਦੀ ਸਹੂਲਤ ਲਈ ਐਸ.ਡੀ.ਐਮਜ਼ ਆਉਂਦੇ ਮਹੀਨੇ ਇਸ ਕੰਮ ਦੀ ਸ਼ੁਰੂਆਤ ਕਰਨਗੇ।

Advertisements

ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਕਦਮ ਤਹਿਤ ਸਾਰੇ ਐਸਡੀਐਮਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਦਫ਼ਤਰਾਂ ਵਿੱਚ ਦਿਨ ਅਤੇ ਸਮਾਂ ਨਿਸ਼ਚਿਤ ਕਰਨ ਤਾਂ ਜੋ ਇਨਾਂ ਪਰਿਵਾਰਾਂ ਨਾਲ ਸਬੰਧਤ ਮਸਲਿਆਂ ਨੂੰ ਤੁਰੰਤ ਹੱਲ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਸਾਰੇ ਐਸ.ਡੀ.ਐਮਜ਼ ਕੰਮਕਾਜ਼ ਵਾਲੇ ਦਿਨਾਂ ਵਿੱਚੋਂ ਇਕ ਦਿਨ ਇਨਾਂ ਪਰਿਵਾਰਾਂ, ਜਿਨਾਂ ਵਿੱਚ ਪੁਲਿਸ ਦੇ ਸ਼ਹੀਦਾਂ ਅਤੇ ਸੈਨਾਵਾਂ ਦੇ ਸ਼ਹੀਦ ਸੈਨਿਕਾਂ ਦੇ ਪਰਿਵਾਰ ਸ਼ਾਮਲ ਹਨ, ਦੀਆਂ ਸ਼ਿਕਾਇਤਾਂ/ਸਮੱਸਿਆਵਾਂ ਸੁਨਣ ਉਪਰੰਤ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਇਨਾਂ ਮਸਲਿਆਂ ਦਾ ਢੁਕਵਾਂ ਹੱਲ ਯਕੀਨੀ ਬਣਾਉਣਗੇ।

ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਸ਼ਹੀਦਾਂ ਦੇ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਅਤੇ ਹਰ ਦੁੱਖ-ਸੁੱਖ ਵਿੱਚ ਉਨਾਂ ਦਾ ਸਰਗਰਮ ਭਾਈਵਾਲ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬੰਧਤ ਐਸ.ਡੀ.ਐਮਜ਼ ਇਨਾਂ ਪਰਿਵਾਰਾਂ ਦਾ ਮਸਲਾ ਉਨਾਂ ਦੇ ਧਿਆਨ ਵਿੱਚ ਆਉਣ ਉਪਰੰਤ ਉਸ ਨੂੰ ਸਮਾਂਬੱਧ ਢੰਗ ਨਾਲ ਨਬੇੜਨਗੇ ਅਤੇ ਅਜਿਹੇ ਮਸਲਿਆਂ ਬਾਬਤ ਮਹੀਨਾਵਾਰ ਰਿਪੋਰਟ ਉਨਾਂ ਦੇ ਦਫ਼ਤਰ ਨੂੰ ਜ਼ਿਲਾ ਪੱਧਰੀ ਸਮੀਖਿਆ ਲਈ ਹਰ ਮਹੀਨੇ ਦੀ 20 ਤਾਰੀਕ ਨੂੰ ਪੁੱਜਦੀ ਕਰਨਗੇ। ਅਪਨੀਤ ਰਿਆਤ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਕੋਈ ਵੀ ਸਮੱਸਿਆ ਜਾਂ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਆਪਣੀ ਸ਼ਿਕਾਇਤ ਸਬੰਧਤ ਐਸ.ਡੀ.ਐਮਜ਼ ਕੋਲ ਤੁਰੰਤ ਨਬੇੜੇ ਲਈ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਸੂਬੇ ਭਰ ਵਿੱਚ ਹੁਸ਼ਿਆਰਪੁਰ ਅਜਿਹਾ ਜ਼ਿਲਾ ਹੈ ਜਿਥੋਂ ਦੇ ਲੋਕ ਵਧੇਰੇ ਗਿਣਤੀ ਵਿੱਚ ਹਥਿਆਰਬੰਦ ਸੈਨਾਵਾਂ ਵਿੱਚ ਸੇਵਾਵਾਂ ਦੇ ਰਹੇ ਹਨ ਅਤੇ ਇਸ ਜ਼ਿਲੇ ਦੇ ਬਹੁਗਿਣਤੀ ਜਵਾਨਾਂ ਨੇ ਦੇਸ਼ ਦੀ ਰੱਖਿਆ ਖਾਤਰ ਕੁਰਬਾਨੀਆਂ ਦਿੱਤੀਆਂ ਹਨ।

LEAVE A REPLY

Please enter your comment!
Please enter your name here