ਸਾੜੋ ਨਹੀਂ ਕਮਾਓ’-ਝੋਨੇ ਦੀ ਪਰਾਲੀ ਬਿਜਲੀ ਉਤਪਾਦਨ ਪਲਾਂਟ ਨੂੰ ਵੇਚ ਕੇ ਚੌਖੀ ਕਮਾਈ ਕਰ ਰਹੇ ਕਿਸਾਨ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰੇਰਿਤ ਕਰਨ ਵਾਸਤੇ ਕੀਤੇ ਜਾ ਰਹੇ ਠੋਸ ਯਤਨਾਂ ਸਦਕਾ ਬਹੁਤ ਸਾਰੇ ਕਿਸਾਨਾਂ ਨੇ ਪਰਾਲੀ ਸਾੜਨ ਦੀ ਬਜਾਏ ਇਸ ਤੋਂ ਪੈਸੇ ਕਮਾਉਣ ਦਾ ਢੰਗ ਖੋਜ ਲਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲੇ ਕੋਲ ਰੇਕਸ ਸਮੇਤ ਸਿਰਫ 20 ਬੇਲਰ ਮਸ਼ੀਨਾਂ ਸਨ ਅਤੇ ਇਸ ਸਾਲ ਸਰਕਾਰ ਦੀ 50 ਫੀਸਦੀ ਸਬਸਿਡੀ ਸਕੀਮ ਅਧੀਨ ਕਿਸਾਨਾਂ ਨੂੰ 12 ਹੋਰ ਬੇਲਰ ਮਸ਼ੀਨਾਂ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਹ ਮਸ਼ੀਨ ਇਕ ਦਿਨ ਵਿੱਚ 20 ਤੋਂ 25 ਏਕੜ ਝੋਨੇ ਦੀ ਪਰਾਲੀ ਨੂੰ ਬੇਲ ਦਿੰਦੀ ਹੈ ਅਤੇ ਇਕ ਏਕੜ ਵਿੱਚ 25 ਤੋਂ 30 ਕੁਇੰਟਲ ਪਰਾਲੀ ਨਿਕਲਦੀ ਹੈ।
ਉਹਨਾਂ ਦੱਸਿਆ ਕਿ ਇਹ ਗੰਢਾਂ ਬਿਜਲੀ ਉਤਪਾਦਨ ਪਲਾਂਟ ਵੱਲੋਂ 135 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀਆਂ ਜਾ ਰਹੀਆਂ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਮਸ਼ੀਨ ਨੂੰ ਕਿਸਾਨਾਂ ਵਿੱਚ ਲੋਕਪ੍ਰਿਅ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਕਿਸਾਨ ਵੀ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਨੂੰ ਆਮਦਨ ਦਾ ਸਾਧਨ ਬਣਾ ਸਕਣ। ਥੋਰੀ ਨੇ ਦੱਸਿਆ ਕਿ ਨਕੋਦਰ ਦੇ ਪਿੰਡ ਬੀੜ ਵਿਖੇ ਸਥਾਪਤ 6 ਮੈਗਾਵਾਟ ਦੀ ਸਮਰੱਥਾ ਵਾਲਾ ਬਿਜਲੀ ਉਤਪਾਦਨ ਯੁਨਿਟ 30000 ਏਕੜ ਵਿੱਚ ਪਰਾਲੀ ਦਾ ਪ੍ਰਬੰਧਨ ਕਰ ਰਿਹਾ ਹੈ ਅਤੇ ਇਹ ਪਲਾਂਟ 24 ਘੰਟੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਲਾਂਟ ਦੀ 75000 ਟਨ ਝੋਨੇ ਦੀ ਪਰਾਲੀ ਦੀ ਸਮਰੱਥਾ ਹੈ।
ਕੰਗਨਾ ਪਿੰਡ ਦੇ ਕਿਸਾਨ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਨਕੋਦਰ ਦੇ ਪਿੰਡ ਬੀੜ ਵਿਖੇ ਸਥਾਪਤ ਬਿਜਲੀ ਉਤਪਾਦਨ ਯੁਨਿਟ ਨੂੰ ਲਗਭਗ 20,000 ਕੁਇੰਟਲ ਝੋਨੇ ਦੀ ਪਰਾਲੀ ਵੇਚ ਰਿਹਾ ਹੈ ਅਤੇ ਪਰਾਲੀ ਦੀਆਂ ਗੰਢਾਂ ਬਣਾਉਣ ਤੋਂ ਬਾਅਦ 135 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪ੍ਰਾਪਤ ਕਰ ਰਿਹਾ ਹੈ।  ਉਸ ਨੇ ਕਿਹਾ ਕਿ ਝੋਨੇ ਦੀ ਪਰਾਲੀ ਉਸ ਦੀ ਕਮਾਈ ਦਾ ਸਥਾਈ ਸਾਧਨ ਬਣ ਗਈ ਹੈ ਅਤੇ ਉਸ ਨੂੰ ਵੇਖਦਿਆਂ ਇਲਾਕੇ ਦੇ ਹੋਰ ਕਿਸਾਨ ਵੀ ਅੱਗੇ ਆਏ ਹਨ ਅਤੇ ਪਰਾਲੀ ਵੇਚਣ ਲਈ ਤਿਆਰ ਹਨ। ਇਸੇ ਤਰਾਂ ਪਿੰਡ ਮੀਆਂਵਾਲ ਅਰਾਈਆਂ ਦੇ ਮੇਜਰ ਸਿੰਘ ਨੇ ਦੱਸਿਆ ਕਿ ਲਗਭਗ 3 ਟਨ ਪਰਾਲੀ ਪ੍ਰਤੀ ਏਕੜ ਪੈਦਾ ਕੀਤੀ ਜਾ ਰਹੀ ਹੈ ਅਤੇ ਪਲਾਂਟ ਉਹਨਾਂ ਨੂੰ ਗੰਢਾਂ ਬਣਾਉਣ ਤੋਂ ਬਾਅਦ ਪ੍ਰਤੀ ਕੁਇੰਟਲ 135 ਰੁਪਏ ਦੀ ਅਦਾਇਗੀ ਕਰ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਕਟਾਈ ਵਾਲੇ ਖੇਤ ਵਿਚ ਰੀਪਰ ਚਲਾਉਣਾ ਪਵੇਗਾ ਅਤੇ ਬਾਅਦ ਵਿਚ ਰੇਕ, ਬੇਲਰ ਵਾਲੀ ਇਕ ਛੋਟੀ ਜਿਹੀ ਮਸ਼ੀਨ ਖਿੰਡੀ ਹੋਈ ਪਰਾਲੀ ਨੂੰ ਕਤਾਰ ਵਿਚ ਪਾ ਦਿੰਦੀ ਹੈ ਅਤੇ ਅਖੀਰ ਵਿਚ ਬੇਲਰ ਗੰਢਾਂ ਬਣਾਉਈਆਂ ਸ਼ੁਰੂ ਕਰ ਦਿੰਦਾ ਹੈ।

Advertisements

LEAVE A REPLY

Please enter your comment!
Please enter your name here