ਪਠਾਨਕੋਟ (ਦ ਸਟੈਲਰ ਨਿਊਜ਼)। ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਕਾਨਵਾਂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਸੁਭਾਸ਼ ਚੰਦਰ, ਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਮੰਡੀ ਸੁਪਵਾਈਜਰ ਬਨਾਰਸੀ ਦਾਸ, ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ,ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ) ਹਾਜ਼ਰ ਸਨ।
ਦੌਰੇ ਦੌਰਾਨ ਮੰਡੀਆਂ ਵਿੱਚ ਹੋ ਰਹੀ ਝੋਨੇ ਦੀ ਤੁਲਾਈ ਚੈੱਕ ਕੀਤੀ ਗਈ ਅਤੇ ਤੋਲ ਠੀਕ ਪਾਇਆ ਗਿਆ। ਇਸ ਮੋਕੇ ਤੇ ਟੀਮ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਕੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਹੇ ਉਪਰਾਲਿਆਂ ਤੋਂ ਜਾਣੂ ਕਰਵਾਇਆ ਅਤੇ ਅਪੀਲ ਕਰਦਿਆਂ ਕਿਹਾ ਕਿ ਸਾਰੇ ਕਿਸਾਨ ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਦੀ ਬਿਜਾਈ ਕਰਨਗੇ ਤਾਂ ਜੋ ਉਨਾਂ ਦੇ ਖੇਤਾਂ ਦੀ ਪੈਦਾਵਾਰ ਵਿੱਚ ਵਾਧਾ ਹੋਵੇ ਅਤੇ ਵਾਤਾਵਰਣ ਨੂੰ ਵੀ ਸੁੱਧ ਰੱਖਿਆ ਜਾ ਸਕੇ। ਦਾਣਾ ਮੰਡੀ ਕਾਨਵਾਂ ਵਿੱਚ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਆਮ ਕਰਕੇ ਕਿਸਾਨ ਸੋਚਦੇ ਹਨ ਕਿ ਖੇਤੀ ਜਿਨਸਾਂ ਦਾ ਮੰਡੀਕਰਨ ਪੈਦਾਵਾਰ ਤੋਂ ਬਾਅਦ ਵਿੱਚ ਸ਼ੁਰੂ ਹੁੰਦਾ ਹੈ, ਜਦ ਕਿ ਕਿਸਾਨਾਂ ਨੂੰ ਫਸਲ ਦੀ ਬਿਜਾਈ ਤੋਂ ਪਹਿਲਾਂ ਹੀ ਮੰਡੀਰਨ ਬਾਰੇ ਸੋਚਣਾ ਚਾਹੀਦਾ ਹੈ।ਉਨਾਂ ਕਿਹਾ ਕਿ ਕਿਸਾਨ ਨੂੰ ਜਿਨਸ ਦੀ ਤੁਲਾਈ ਸਮੇਂ ਸੁਚੇਤ ਹੋ ਕੇ ਹਾਜ਼ਰ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾਂ ਕਰਨਾ ਪਵੇ। ਉਨਾਂ ਕਿਹਾ ਕਿ ਝੋਨੇ ਦੀ ਤੁਲਾਈ 37.500 ਕਿਲੋ ਪ੍ਰਤੀ ਬੋਰੀ ਦੀ ਭਰਾਈ ਕੀਤੀ ਜਾ ਰਹੀ ਅਤੇ ਬੋਰੀ ਦਾ ਭਾਰ 750 ਗ੍ਰਾਮ ਹੁੰਦਾ ਹੈ।
ਉਨਾਂ ਕਿਹਾ ਕਿ ਆੜਤੀ ਦੇ ਤੋਲੇ ਦੁਆਰਾ ਕੰਢਾ 38 ਕਿਲੋ 200 ਗ੍ਰਾਮ ਤੇ ਬੰਨ ਕੇ ਤੁਲਾਈ ਕਰਨੀ ਹੁੰਦੀ ਹੈ ਇਸ ਲਈ ਕਿਸਾਨ ਨੂੰ ਤੁਲਾਈ ਸਮੇਂ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਤੋਲ 38.200 ਗ੍ਰਾਮ ਤੇ ਹੀ ਹੋਵੇ।ਉਨਾਂ ਕਿਹਾ ਕਿ ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ “ਜੇ” ਫਾਰਮ ਜ਼ਰੂਰ ਲਿਆ ਜਾਵੇ,ਜੇਕਰ ਆੜਤੀ “ਜੇ” ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ। ਉਨਾਂ ਕਿਹਾ ਕਿ ਕਈ ਵਾਰ ਦੇਖਿਆ ਗਿਆ ਹੈ ਕਿ ਕਈ ਆੜਤੀਆਂ ਨੇ ਜਾਅਲੀ “ਜੇ” ਫਾਰਮ ਵੀ ਛਪਵਾਏ ਹੁੰਦੇ ਹਨ,ਜਿਸ ਤੋਂ ਸੁਚੇਤ ਰਹਿਣਾ ਚਾਹੀਦਾ। ਉਨਾਂ ਕਿਹਾ ਕਿ ਅਸਲੀ “ਜੇ” ਫਾਰਮ ਉਪਰ ਸਕੱਤਰ ਮਾਰਕੀਟ ਕਮੇਟੀ ਦੀ ਮੋਹਰ ਲੱਗੀ ਹੁੰਦੀ ਹੈ। ਉਨਾਂ ਨੇ ਕਿਹਾ ਕਿ ਕਦੇ ਵੀ ਛਾਂ ਹੇਠੋਂ,ਬਿਮਾਰੀ ਨਾਲ ਪ੍ਰਭਾਵਤ ਝੋਨੇ ਦੀ ਕਟਾਈ ਪੱਕੇ ਹੋਏ ਝੋਨੇ ਦੀ ਕਟਾਈ ਦੇ ਨਾਲ ਨਾਂ ਕਰੋ ਕਿਉਕਿ ਇਹ ਵੀ ਉਪਜ ਦੇ ਮਿਆਰੀਪਣ ਤੇ ਅਸਰ ਪਾਉਂਦੀ ਹੈ। ਉਨਾਂ ਨੇ ਕਿਹਾ ਕਿ ਵੱਖ-ਵੱਖ ਕਿਸਮਾਂ ਦੀ ਕਟਾਈ ਹਮੇਸ਼ਾਂ ਵੱਖ ਵੱਖ ਹੀ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਹਾਈਬ੍ਰਿਡ ਕਿਸਮਾਂ ਦੀ ਬਿਜਾਏ ਸਿਫਾਰਸ਼ਸ਼ੁਦਾ ਝੋਨੇ ਦੀਆਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ ਤਾਂ ਜੋ ਬੇਲੋੜੀ ਖੱਜਲ ਖਰਾਬੀ ਤੋਂ ਬਚਿਆ ਜਾ ਸਕੇ।