ਸਿੰਗਲਾ ਨੇ ਪਠਾਨਕੋਟ ਦੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਦਿੱਤੇ ਐਪਲ ਆਈਪੈਡ, ਲੈਪਟੌਪ ਤੇ ਐਂਡਰੌਇਡ ਟੈਬਲੇਟ

ਪਠਾਨਕੋਟ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਪਠਾਨਕੋਟ ਜ਼ਿਲੇ ਦੇ ਜੇਤੂਆਂ ਦਾ ਐਪਲ ਆਈਪੈਡ, ਲੈਪਟੋਪ ਅਤੇ ਐਂਡਰੌਇਡ ਟੈਬਲੇਟ ਨਾਲ ਸਨਮਾਨ ਕੀਤਾ। ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਲੋਕ ਨਿਰਮਾਣ ਵਿਭਾਗ ਦੇ ਸਥਾਨਕ ਰੈਸਟ ਹਾਊਸ ਵਿਖੇ ਕਰਵਾਏ ਗਏ ਇੱਕ ਸੰਖੇਪ ਸਮਾਗਮ ਦੌਰਾਨ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵਿਸ਼ੇਸ਼ ਤੌਰ ‘ਤੇ ਇਨਾਮ ਵੰਡ ਸਮਾਰੋਹ ‘ਚ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ ਸਿੰਗਲਾ ਨੇ ਜੇਤੂਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੀਆਂ ਸੋਚੀਆਂ ਮੰਜ਼ਿਲਾਂ ਸਰ ਕਰਨ ਲਈ ਭਵਿੱਖ ‘ਚ ਵੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਪਠਾਨਕੋਟ, ਹਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਅਸੀਸ ਵਿੱਜ, ਜਗਜੀਤ ਸਿੰਘ ਡੀ.ਈ.ਓ. ਸੈਕੰਡਰੀ, ਰਾਜੇਸਵਰ ਸਲਾਰੀਆਂ ਡਿਪਟੀ ਡੀ.ਈ.ਓ. , ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ ਪਠਾਨਕੋਟ, ਰਾਮ ਲੁਭਾਇਆ ਸੂਚਨਾ ਤੇ ਲੋਕ ਸੰਪਰਕ ਅਫਸ਼ਰ ਪਠਾਨਕੋਟ, ਬਲਕਾਰ ਅੱਤਰੀ ਜਿਲਾ ਮੀਡਿਆ ਕੋਆਰਡੀਨੇਟਰ ਅਤੇ ਹੋਰ ਵਿਭਾਗ ਅਧਿਕਾਰੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਵਿਸ਼ਵ ਰਿਕਾਰਡ ਸਥਾਪਤ ਕਰਨ ਵਾਲੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ‘ਚ ਪਠਾਨਕੋਟ ਜ਼ਿਲੇ ‘ਚੋਂ 1605 ਵਿਦਿਆਰਥੀਆਂ ਨੇ ਪਸੰਦੀਦਾ ਵਿਸ਼ੇ ‘ਤੇ ਵੀਡਿਓ ਬਣਾ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਨਾਂ ‘ਚੋਂ ਕ੍ਰਾਇਸਟ ਦ ਕਿੰਗ ਕਾਨਵੈਂਟ ਸਕੂਲ ‘ਚ ਪੰਜਵੀਂ ਜਮਾਤ ‘ਚ ਪੜਦੇ ਆਰਿਤ ਕੁਮਾਰ ਨੇ ਪਹਿਲਾ ਇਨਾਮ ਐਪਲ ਆਈਪੈਡ ਜਿੱਤੀ ਸੀ ਜਦਕਿ ਸੇਂਟ ਜੋਸਫ਼ ਕਾਨਵੈਂਟ ਸਕੂਲ ‘ਚ ਅੱਠਵੀਂ ਜਮਾਤ ‘ਚ ਪੜਦੀ ਯੇਤੀ ਨੇ ਦੂਜਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਸੀ।

ਇਸੇ ਤਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਣੀ ‘ਚ 11ਵੀਂ ਜਮਾਤ ‘ਚ ਪੜ•ਦੀ ਭਾਰਤੀ ਨੇ ਤੀਜੇ ਇਨਾਮ ਵਜੋਂ ਐਂਡਰੌਇਡ ਟੈਬਲੇਟ ‘ਤੇ ਕਬਜ਼ਾ ਕੀਤਾ ਸੀ। ਇਨਾਮ ਪ੍ਰਾਪਤ ਕਰਨ ਤੋਂ ਬਾਅਦ ਜੇਤੂਆਂ ਨੇ ਵਿਜੈ ਇੰਦਰ ਸਿੰਗਲਾ ਦਾ ਤਾਲਾਬੰਦੀ ਦੌਰਾਨ ਅਜਿਹਾ ਦਿਲਚਸਪ ਆਨਲਾਇਨ ਮੁਕਾਬਲਾ ਕਰਵਾਉਣ ਲਈ ਬੜੀ ਉਤਸੁਕਤਾ ਨਾਲ ਧੰਨਵਾਦ ਕੀਤਾ। ਸਮਾਗਮ ਦੌਰਾਨ ਬੋਲਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਵਿਸ਼ਵ ਰਿਕਾਰਡ ਸਥਾਪਿਤ ਕਰਨ ਦੇ ਨਾਲ-ਨਾਲ ‘ਅੰਬੈਸਡਰਜ਼ ਆਫ਼ ਹੋਪ’ ਮੁਹਿੰਮ ਨੇ ਸਕੂਲੀ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਦਾ ਆਪਣਾ ਮੰਤਵ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਉਨਾਂ ਦੱਸਿਆ ਕਿ ਸਿਰਫ਼ 8 ਦਿਨਾਂ ‘ਚ ਹੀ ਇਸ ਮੁਕਾਬਲੇ ਲਈ 1,05,898 ਸਕੂਲੀ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਉਨਾਂ ਕਿਹਾ ਕਿ ਇੰਨੀ ਵੱਡੀ ਗਿਣਤੀ ‘ਚ ਪ੍ਰਾਪਤ ਹੋਈਆਂ ਵੀਡਿਓਜ਼ ‘ਚੋਂ ਜੇਤੂਆਂ ਦੀ ਚੋਣ ਕਰਨੀ ਬਹੁਤ ਮੁਸ਼ਕਿਲ ਸੀ ਪਰ ਇਹ ਕੰਮ ਬਹੁਤ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਹੈ। ਉਨਾਂ ਕਿਹਾ ਕਿ ਹਰ ਜ਼ਿਲੇ ‘ਚ 3 ਜੇਤੂਆਂ ਨੂੰ ਆਈਪੈਡ, ਲੈਪਟੌਪ ਅਤੇ ਟੈਬਲੇਟ ਦੇਣ ਦੇ ਨਾਲ-ਨਾਲ ਸਾਰੇ 22 ਜ਼ਿਲਿਆਂ ‘ਚੋਂ ਹੋਰ ਚੰਗੀਆਂ ਵੀਡਿਓਜ਼ ਭੇਜਣ ਵਾਲੇ ਲਗਭਗ 1,000 ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।

ਇਸ ਮੌਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਆਰਿਤ ਨੇ ਦੱਸਿਆ ਕਿ ਉਹ ਬੜੀ ਤਨਦੇਹੀ ਨਾਲ ਇਨਾਮ ਮਿਲਣ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਹੱਥੋਂ ਇਨਾਮ ਮਿਲਣ ਕਰਕੇ ਇਹ ਦਿਨ ਉਸ ਲਈ ਸਦਾ ਲਈ ਯਾਦਗਾਰੀ ਬਣ ਗਿਆ ਹੈ। ਇਸੇ ਤਰਾਂ ਤੀਜਾ ਸਥਾਨ ਹਾਸਲ ਕਰਨ ਵਾਲੀ ਭਾਰਤੀ ਨੇ ਕਿਹਾ ਕਿ ਉਸਦੇ ਪਿਤਾ ਵੈਲਡਿੰਗ ਦੀ ਦੁਕਾਨ ਕਰਦੇ ਹਨ ਤੇ ਉਸ ਕੋਲ ਤਾਂ ਮੁਕਾਬਲੇ ‘ਚ ਭੇਜਣ ਲਈ ਵੀਡਿਓ ਬਣਾਉਣ ਲਈ ਵੀ ਮੋਬਾਇਲ ਨਹੀਂ ਸੀ ਅਤੇ ਉਸਨੇ ਕਿਸੇ ਗੁਆਂਢੀ ਦੇ ਮੋਬਾਇਲ ਤੋਂ ਵੀਡਿਓ ਬਣਾ ਕੇ ਭੇਜੀ ਸੀ। ਉਸਨੇ ਕਿਹਾ ਕਿ ਮੁਕਾਬਲਾ ਜਿੱਤ ਕੇ ਉਸਦਾ ਉਤਸ਼ਾਹ ਬਹੁਤ ਵਧਿਆ ਹੈ ਅਤੇ ਹੁਣ ਉਹ ਆਪਣੀ ਸੋਚੀ ਮੰਜ਼ਿਲ ‘ਤੇ ਪਹੁੰਚਣ ਲਈ ਹੋਰ ਵਧੇਰੇ ਮਿਹਨਤ ਕਰੇਗੀ।

LEAVE A REPLY

Please enter your comment!
Please enter your name here