ਪੰਜਾਬ ਰੋਡਵੇਜ਼ ਐਸੋਸੀਏਸ਼ਨ ਨੇ ਸਰਕਾਰੀ ਮੁਲਾਜ਼ਮਾਂ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦੇਣ ਦੀ ਕੀਤੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਬੈਠਕ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਬੈਠਕ ਸ਼ੁਰੂ ਹੋਣ ਤੇ ਜੱਥੇਬੰਦੀ ਦੇ ਮੈਂਬਰ ਰਣਜੀਤ ਸਿੰਘ ਇੰਸਪੈਕਟਰ ਅਤੇ ਰੇਸ਼ਮ ਸਿੰਘ ਜੱਲੋਵਾਲ ਡਰਾਈਵਰ ਦੇ ਅਕਾਲ ਚਲਾਣਾ ਕਰਨ ਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਉਪਰੰਤ ਨਵੇਂ ਆਏ ਮੈਂਬਰ ਸੰਤ ਰਾਮ ਇੰਸਪੈਕਟਰ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਠੱਕਰਵਾਲ ਨੇ ਸਾਰੇ ਮੈਂਬਰਾਂ ਨੂੰ ਇਹ ਹਦਾਇਤ ਕੀਤੀ ਕਿ ਕੋਰੋਨਾ ਦੀ ਮਹਾਂਮਾਰੀ ਅਜੇ ਵੀ ਵੱਧ ਰਹੀ ਹੈ ਇਸ ਲਈ ਹਰੇਕ ਮੈਂਬਰ ਸੋਸ਼ਲ ਡਿਸਟੈਂਸ, ਮਾਸਕ ਅਤੇ ਸੈਨਾਟਾਈਜ਼ਰ ਦਾ ਇਸਤੇਮਾਲ ਜ਼ਰੂਰ ਕਰੇ।

Advertisements

ਇਸ ਦੇ ਨਾਲ ਹੀ ਪ੍ਰਧਾਨ ਨੇ ਸਰਕਾਰ ਦੀ ਵੀ ਪੁਰਜ਼ੋਰ ਨਿੰਦਾ ਕੀਤੀ ਕਿ ਇਹ ਸਰਕਾਰ ਖਾਲੀ ਖਜ਼ਾਨੇ ਬਹਾਨੇ ਨਾਲ ਸਰਕਾਰੀ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਡੀ.ਏ. ਦੀਆਂ ਕਿਸ਼ਤਾਂ ਤੇ ਡੀ.ਏ.ਦੇ ਪਿਛਲੇ ਬਕਾਏ ਅਤੇ ਪੇਅ ਕਮਿਸ਼ਨ ਦੀ ਰਿਪੋਰਟ ਦੇਣ ਦਾ ਟਾਲ ਮਟੋਲ ਕਰ ਰਹੀ ਹੈ। ਸਾਡੀ ਜੱਥੇਬੰਦੀ ਕਿਸਾਨ ਜੱਥੇਬੰਦੀਆਂ ਦੀ ਵੀ ਪੁਰਜੋਰ ਹਮਾਇਤ ਕਰਦੀ ਹੈ। ਪ੍ਰਧਾਨ ਨੇ ਚਿਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਨੇ ਜੇ ਮੁਲਾਜ਼ਮਾਂ/ਪੈਨਸ਼ਨਰਾਂ ਦੇ ਰਹਿੰਦੇ ਬਕਾਏ, ਮੈਡੀਕਲ ਬਿਲਾਂ ਦਾ ਭੁਗਤਾਨ ਅਤੇ ਰਿਟਾਇਰ ਹੋਏ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਜਲਦੀ ਤੋਂ ਜਲਦੀ ਨਾ ਰਿਲੀਜ਼ ਕੀਤੀਆਂ ਤਾਂ ਸਾਡੀ ਜੱਥੇਬੰਦੀ ਬਾਕੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਮੁੱਖਮੰਤਰੀ ਤੇ ਖਜ਼ਾਨਾ ਮੰਤਰੀ ਦੇ ਪੁਤਲੇ ਫੁਕਣਗੇ ਤੇ ਵਜ਼ੀਰਾ ਦੇ ਘਿਰਾਓ ਕੀਤੇ ਜਾਣਗੇ।

ਚੇਅਰਮੈਨ ਰਣਜੀਤ ਸਿੰਘ ਮੁਲਤਾਨੀ ਨੇ ਸਰਕਾਰ ਦੀ ਨਿੰਦਾ ਕੀਤੀ ਕਿ ਇਹ ਸਾਰੇ ਸਰਕਾਰੀ ਮਹਿਕਮੇ ਵੇਚਣ ਤੇ ਤੁਲੇ ਹੋਏ ਹਨ। ਇਹ ਸਰਕਾਰ ਵੀ ਕੇਂਦਰ ਸਰਕਾਰ ਨਾਲ ਰਲ ਕੇ ਮਹਿਕਮੇ ਬੰਦ ਕਰਨ ਤੇ ਮੁਲਾਜ਼ਮਾਂ ਨੂੰ ਨਾ ਭਰਤੀ ਕਰਨ ਦੀਆਂ ਅੰਦਰ ਖਾਤੇ ਚਾਲਾਂ ਚਲ ਰਹੇ ਹਨ। ਉਹਨਾਂ ਨੇ 26 ਨਵੰਬਰ ਵਿੱਚ ਬਾਕੀ ਜੱਥੇਬੰਦੀਆਂ ਦਾ ਵੀ ਸਾਥ ਦੇਣ ਦਾ ਫੈਸਲਾ ਕੀਤਾ ਹੈ। ਇਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਮੁਲਾਜ਼ਮਾਂ ਦੇ ਬੱਚਿਆਂ ਨੂੰ ਪਹਿਲ ਦੇ ਆਧਾਰ ਦੇ ਨੌਕਰੀ ਦਿੱਤੀ ਜਾਵੇ ਤੇ ਰੋਡਵੇਜ਼ ਦੇ ਰਿਟਾਇਰਡ ਕਰਮਚਾਰੀ ਤੇ ਉਸ ਦੀ ਪਤਨੀ ਨੂੰ ਬੱਸਾਂ ਵਿੱਚ ਫ੍ਰੀ ਸਫਰ ਕਰਨ ਦੀ ਸਹੂਲਤ ਦਿੱਤੀ ਜਾਵੇ।

ਇਸ ਮੀਟਿੰਗ ਨੂੰ ਰਣਜੀਤ ਕੁਮਾਰ ਸ਼ਰਮਾ, ਸੁਰਿੰਦਰ ਕੁਮਾਰ ਸੈਣੀ, ਭਗਵਾਨ ਦਾਸ, ਜਗਦੀਸ਼ ਸਿੰਘ, ਕੁਲਭੂਸ਼ਨ ਪ੍ਰਕਾਸ਼ ਸਿੰਘ, ਹਰਦਿਆਲ ਸਿੰਘ ਬਾੜੀਆਂ, ਜਨਰਲ ਸਕੱਤਰ ਗਿਆਨ ਸਿੰਘ ਭਲੇਠੂ, ਸ਼ਿਵ ਲਾਲ, ਇੰਦਰਮੋਹਨ ਬਾਲੀ, ਹਰਬੰਸ ਸਿੰਘ ਬੈਂਸ, ਸਵਰਨ ਸਿੰਘ, ਸੰਤ ਰਾਮ, ਗੁਰਮੀਤ ਸਿੰਘ, ਜੋਧ ਸਿੰਘ, ਗੁਰਬਖਸ਼ ਸਿੰਘ ਮਨਕੋਟੀਆ, ਮਨਮੋਹਨ ਸਿੰਘ ਵਾਲੀਆ, ਦਿਲਬਾਗ ਸਿੰਘ ਸੈਣੀ, ਜੀਤ ਸਿੰਘ ਅਤੇ ਰਾਮ ਕ੍ਰਿਸ਼ਨ ਬਾੜੀਆਂ ਨੇ ਵੀ ਸੰਬੋਧਨ ਕੀਤਾ। ਜਨਰਲ ਸਕੱਤਰ ਗਿਆਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਅਗਲੀ ਮੀਟਿੰਗ 15 ਦਿਸੰਬਰ,2020 ਨੂੰ ਹੋਵੇਗੀ।

LEAVE A REPLY

Please enter your comment!
Please enter your name here