ਕੰਢੀ ‘ਚ ਪੱਥਰ ਤੇ ਲੱਕੜ ਮਾਫੀਆ ਦਾ ਵੱਧ ਰਿਹਾ ਰਾਜ, ਜੰਗਲਾਂ ‘ਚ ਰੁੱਖ ਤੇ ਖੱਡਾਂ ‘ਚ ਪੱਥਰ ਹੋ ਰਹੇ ਗਾਇਬ

ਤਲਵਾੜਾ(ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਕੰਢੀ ਖ਼ੇਤਰ ਦੇ ਜੰਗਲਾਂ ‘ਚ ਦਰੱਖਤਾਂ ਦੀ ਨਾਜ਼ਾਇਜ ਕਟਾਈ ਨਿਰਵਿਘਨ ਜ਼ਾਰੀ ਹੈ। ਖ਼ੇਤਰ ‘ਚ ਕਥਿਤ ਮਾਈਨਿੰਗ ਅਤੇ ਲੱਕੜ ਦੀ ਨਾਜ਼ਾਇਜ ਕਟਾਈ ਨੇ ਵਾਤਾਵਰਣ ਨੂੰ ਵੱਡੀ ਢਾਹ ਲਾਈ ਹੈ। ਜੰਗਲਾਂ ਅਤੇ ਖੱਡਾਂ ਦੀ ਹੋਂਦ ਖਤਰੇ ‘ਚ ਪੈ ਗਈ ਹੈ। ਜੰਗਲ ਖਾਲੀ ਹੋ ਗਏ ਹਨ, ਖੱਡਾਂ ਡੂੰਘੇ ਟੋਇਆਂ ‘ਚ ਬਦਲ ਦਿੱਤੀਆਂ ਗਈਆਂ ਹਨ। ਪੱਥਰ ਤੇ ਲੱਕੜ ਮਾਫੀਆ ਦੇ ਸਿਆਸੀ ਦਬਾਅ ਅਤੇ ਭ੍ਰਿਸ਼ਟ ਅਫ਼ਸਰਸ਼ਾਹੀ ਦੇ ਚੱਲਦਿਆਂ ਸਰਕਾਰੀ ਵਿਭਾਗ ‘ਸੱਪ ਲੰਘਣ ਉਪਰੰਤ ਲਕੀਰ ਪਿੱਟਣ’ ਤੱਕ ਸੀਮਿਤ ਹੋ ਕੇ ਰਹਿ ਗਏ ਹਨ। ਜੰਗਲਾਤ ਵਿਭਾਗ ਦੇ ਵੇਲਾ ਲੰਘਾ ਚੁੱਕੇ ਨਰਮ ਨਿਯਮ ਮਾਫੀਆ ਨੂੰ ਖੂਬ ਰਾਸ ਆ ਰਹੇ ਹਨ।

Advertisements

ਆਲਮ ਇਹ ਹੈ ਕਿ ਸਰਕਾਰੀ ਜੰਗਲਾਂ ‘ਚੋਂ ਖੈਰ, ਚੀਲ ਆਦਿ ਸਮੇਤ ਹੋਰ ਵਾਣਸੂ ਲੱਕੜ ਦੀ ਕਟਾਈ ਦਾ ਕੰਮ ਜ਼ੋਰਾਂ ‘ਚ ਚੱਲ ਰਿਹਾ ਹੈ। ਇਲਾਕੇ ‘ਚ ਰਸੂਖ਼ਦਾਰਾਂ ਦੀਆਂ ਆਰਾ ਮਿੱਲਾਂ ਦੇ ਲਾਇਸੰਸਾਂ ‘ਤੇ ਚੱਲਦੀਆਂ ਕੱਥਾ ਫੈਕਟਰੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਤਾਜ਼ਾ ਮਾਮਲਾ ਨੀਮ ਪਹਾੜੀ ਪਿੰਡ ਸੁਖਚੈਨਪੁਰ ਦਾ ਹੈ, ਜਿੱਥੇ ਲੱਕੜ ਮਾਫੀਆ ਨੇ 10 ਦੇ ਕਰੀਬ ਚੀਲ ਦੇ ਦਰੱਖਤ ਚੌਰੀ ਵੱਢ ਲਏ ਹਨ। ਪਿੰਡ ਵਾਸੀਆਂ ਦੇ ਮੁਤਾਬਕ ਲੱਕੜ ਦਰੱਖਤਾਂ ਦੀ ਕਟਾਈ ਸ਼ਾਮਲਾਤ ਭੂਮੀ ‘ਚੋਂ ਕੀਤੀ ਗਈ ਹੈ। ਜੰਗਲਾਤ ਵਿਭਾਗ ਦੇ ਨਿਯਮਾਂ ਅਨੁਸਾਰ ਕੁੱਝ ਖਾਸ ਹਲਾਤਾਂ ਅਤੇ ਖਾਸ ਹਦਾਇਤਾਂ ‘ਚ ਹੀ ਹਰੀ ਚੀਲ ਦੀ ਕਟਾਈ ਦੀ ਆਗਿਆ ਦਿੱਤੀ ਜਾਂਦੀ ਹੈ। ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਅਮਰਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਮੁਲਾਜ਼ਮਾਂ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ।

ਮੁਲਜ਼ਮ ਦਵਿੰਦਰ ਕੁਮਾਰ ਪੁੱਤਰ ਬਚਿੱਤਰ ਸਿੰਘ ਖ਼ਿਲਾਫ਼ ਕਾਰਵਾਈ ਕਰਦਿਆਂ ਡੈਮੇਜ਼ ਰਿਪੋਰਟ ਕੱਟ ਜ਼ੁਰਮਾਨਾ ਕਰ ਦਿੱਤਾ ਹੈ। ਡੀਐਫਓ ਦਸੂਹਾ ਅਟਲ ਮਹਾਜਨ ਨੇ ਦਾਅਵਾ ਕੀਤਾ ਕਿ ਜੰਗਲਾਤ ਵਿਭਾਗ ਦੇ ਰੱਕਬੇ ‘ਚ ਕੋਈ ਵੀ ਮਾਈਨਿੰਗ ਨਹੀਂ ਹੋ ਰਹੀ । ਉਹਨਾਂ ਇਲਾਕੇ ‘ਚ ਚੱਲਦੀਆਂ ਕੱਥਾ ਫੈਕਟਰੀਆਂ ਦੇ ਮਾਲਕਾਂ ਕੋਲ਼ ਜ਼ਰੂਰੀ ਦਸਤਾਵੇਜ ਹੋਣ ਦੀ ਗੱਲ ਆਖੀ। ਸਰਕਾਰੀ ਜੰਗਲਾਂ ‘ਚ ਕਥਿਤ ਕਟਾਈ ਹੋਣ ‘ਤੇ ਵਿਭਾਗ ਵੱਲੋਂ ਬਣਦੀ ਯੋਗ ਕਾਰਵਾਈ ਕਰਨ ਦਾ ਦਾਅਵਾ ਕੀਤਾ।

LEAVE A REPLY

Please enter your comment!
Please enter your name here