ਜੇਕਰ ਕਣਕ ਦੀ ਫਸਲ ਭਾਰੀ ਪਾਣੀ ਲੱਗਣ ਕਾਰਨ ਪੀਲੀ ਹੋਈ ਹੈ ਤਾਂ ਕੀਤਾ ਜਾਵੇੇ ਯੂਰੀਆਂ ਦਾ ਛਿੜਕਾਅ: ਡਾ.ਅਮਰੀਕ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਦੀ ਖੇਤਾਂ ਵਿੱਚ ਸਾਂਭ ਸੰਭਾਲ ਸਕੀਮ ਤਹਿਤ ਪਿੰਡ ਜਗਤਪੁਰ ਵਿਖੇ ਪਿੰਡ ਪੱਧਰੀ ਜਾਗਰੁਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੁਕ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਸੁਭਾਸ਼ ਚੱੰਦਰ ਖੇਤੀਬਾੜੀ ਵਿਸਥਾਰ ਅਫਸਰ,ਮਨਜੀਤ ਕੌਰ ਖੇਤੀਬਾੜੀ ਉਪ ਨਿਰੀਖਕ,ਬਲਵਿੰਦਰ ਕੁਮਾਰ,ਮਨਦੀਪ ਹੰਸ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ),ਸਰਪੰਚ ਰਾਮੇਸ਼ ਚੰਦਰ,ਲੰਬੜਦਾਰ ਭਗਵਾਨ ਦਾਸ, ਬਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਸੁਪਰ ਸੀਡਰ ਨਾਲ ਬੀਜੀ ਕਣਕ ਵਿੱਚ ਯੂਰੀਆ ਖਾਦ ਪਾਣੀ ਲਗਾਉਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਾਈ ਜਾ ਸਕਦੀ ਹੈ ਅਤੇ ਜਿੱਥੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਤਿੰਨ ਸਾਲਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੋਵੇ, ਉੱਥੇ ਚੌਥੇ ਸਾਲ ਤੋਂ ਕਣਕ ਵਿੱਚ 20 ਕਿੱਲੋ ਯੂਰੀਆ ਪ੍ਰਤੀ ਏਕੜ ਘਟਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕਣਕ ਦੀ ਫਸਲ ਨੂੰ ਲਗਾਏ ਪਹਿਲੇ ਪਾਣੀ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਲਈ ਸਿਰਫ ਸਿਫਾਰਸ਼ਸ਼ੁਦਾ ਨਦੀਨਨਾਸ਼ਕਾਂ ਦਾ ਹੀ ਛਿੜਕਾਅ ਕੀਤਾ ਜਾਵੇ ਅਤੇ ਜੇਕਰ ਪਿਛਲੇ ਸਾਲ ਜਿਸ ਵੀ ਨਦੀਨਨਾਸ਼ਕ ਦੀ ਕਾਰਜਕੁਸ਼ਲਤਾ ਤਸੱਲੀ ਬਖਸ਼ ਨਾਂ ਰਹੀ ਹੋਵੇ ,ਉਸ ਦੀ ਇਸ ਸਾਲ ਵਰਤੋਂ ਨਾਂ ਕਰੋ। ਉਹਨਾਂ ਕਿਹਾ ਕਿ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਦੇਸੀ ਖਾਦਾਂ ਦੀ ਵਰਤੋਂ ਦੇ ਨਾਲ ਨਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਜਲਾਇਆਂ ਜ਼ਮੀਨ ਵਿੱਚ ਵਾਹੁਣ ਨੂੰ ਉਤਸ਼ਾਹਿਤ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਕਣਕ ਦੀ ਫਸਲ ਵਿਚੋਂ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦਾ ਛਿੜਕਾਅ ਸਾਫ ਮੌਸਮ ਵਾਲੇ ਦਿਨ ਹੀ ਕੀਤੀ ਜਾਵੇ ਕਿਉਂਕਿ ਬੱਦਲਵਾਈ ਜਾਂ ਧੂੰਦ ਵਾਲੇ ਦਿਨ ਕੀਤੇ ਛਿੜਕਾਅ ਕਰਨ ਨਾਲ ਨਦੀਨਨਾਸ਼ਕ ਦੀ ਕਾਰਜਕੁਸ਼ਲਤਾ ਤੇ ਬੁਰਾ ਪ੍ਰਭਾਵ ਪੈਂਦਾ ਹੈ। ਉਹਨਾਂ ਕਿਹਾ ਕਿ ਨਦੀਨਨਾਸ਼ਕਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਛਿੜਕਾਅ ਦਾ ਤਰੀਕਾ,ਸਮਾਂ ਅਤੇ ਮਾਤਰਾ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ਸ਼ੁਦਾ ਨਦੀਨਨਾਸ਼ਕਾਂ ਦਾ ਹੀ ਛਿੜਕਾਅ ਕੀਤਾ ਜਾਵੇ ਅਤੇ ਨਦੀਨਾਸ਼ਕ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਿਆ ਜਾਵੇ।

Advertisements

ਉਹਨਾਂ ਕਿਹਾ ਕਿ ਦੋ ਜਾਂ ਵੱਧ ਨਦੀਨਨਾਸ਼ਕਾਂ ਦੇ ਮਿਸ਼ਰਣ ਬਣਾ ਕੇ ਛਿੜਕਾਅ ਨਾਂ ਕੀਤਾ ਜਾਵੇ।ਉਨਾਂ ਕਿਹਾ ਕਿ ਛਿੜਕਾਅ ਕਰਨ ਸਮੇਂ ਨੋਜ਼ਲ ਦੀ ਉਚਾਈ ਫਸਲ ਤੋਂ ਤਕਰੀਬਨ 1.5 (ਡੇਢ ਫੁੱਟ) ਦੀ ਉਚਾਈ ਤੇ ਰੱਖੋ ਅਤੇ ਨੋਜ਼ਲ ਦਾ ਕੱਟ ਜ਼ਮੀਨ ਵੱਲ ਨੂੰ ਕਰਕੇ ਛਿੜਕਾਅ ਸਿੱਧੀਆਂ ਪੱਟੀਆਂ ਵਿੱਚ ਆਰਾਮ ਨਾਲ ਇਕਸਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਛਿੜਕਾਅ ਕਰਦੇ ਸਮੇਂ ਨੋਜ਼ਲ ਨੂੰ ਇਧਰ ਉਧਰ ਨਾਂ ਘੁਮਾਉ । ਉਹਨਾਂ ਕਿਹਾ ਕਿ ਨਦੀਨ ਨਾਸ਼ਕ ਦੀ ਵਰਤੋਂ ਚੰਗੇ ਵਤਰ ਵਿੱਚ ਕਰੋ। ਉਹਨਾਂ ਕਿਹਾ ਕਿ ਖੇਤ ਨਾਂ ਤਾਂ ਬਹੁਤ ਖੁਸ਼ਕ ਹੋਵੇ ਅਤੇ ਨਾਂ ਹੀ ਜ਼ਿਆਦਾ ਗਿੱਲਾ ਕਿਉਂਕਿ ਖੁਸ਼ਕ ਖੇਤ ਵਿੱਚ ਚੰਗੇ ਨਤੀਜੇ ਨਹੀਂ ਮਿਲਦੇ ਅਤੇ ਜ਼ਿਆਦਾ ਗਿੱਲੇ ਖੇਤ ਵਿੱਚ ਨਦੀਨਾਸ਼ਕ ਫਸਲ ਦਾ ਨੁਕਸਾਨ ਕਰ ਸਕਦੀ। ਸੁਭਾਸ਼ ਚੰਦਰ ਨੇ ਹਾਜ਼ਰ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਦੀਨਾਸ਼ਕਾਂ ਦਾ ਛਿੜਕਾਅ ਕਰਨ ਸਮੇਂ ਕਿਸਾਨ/ਖੇਤ ਮਜ਼ਦੂਰ ਵੱਲੋਂ ਦਸਤਾਨੇ, ਮਾਸਕ, ਪੂਰੀ ਬਾਂਹ ਦੀ ਕਮੀਜ਼ ਅਤੇ ਪਜ਼ਾਮਾ/ਪੈਂਟ ਜ਼ਰੂਰ ਪਾਇਆ ਹੋਣਾ ਚਾਹੀਦਾ ਤਾਂ ਜੋ ਕਿਸੇ ਕਿਸਮ ਦਾ ਹਾਦਸਾ ਨਾਂ ਵਾਪਰੇ।ਉਨਾਂ ਕਿਹਾ ਕਿ ਜਿੰਨਾਂ ਖੇਤਾਂ ਵਿੱਚ ਬਟਨ ਬੂਟੀ ਨਾਮਕ ਨਦੀਨ ਹੋਵੇ ਤਾਂ 20 ਗ੍ਰਾਮ ਕਾਰਫੈਨਟਰਾਜੋਨ-ਈਥਾਈਲ 40 ਡੀ ਐਫ(ਅਫਿਨਟੀ/ਏਮ) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਉਹਨਾਂ ਕਿਹਾ ਕਿ ਜੇਕਰ ਚੌੜੇ ਪੱਤਿਆਂ ਵਾਲੇ ਨਦੀਨ ਖਾਸ ਕਰਕੇ ਮਕੋਹ,ਕੰਡਿਆਲੀ ਪਾਲਕ,ਰਿਵਾੜੀ/ਰਾਰੀ,ਹਿਰਨ ਖੁਰੀ ਹੋਵੇ ਤਾਂ ਲਾਂਫਿਡਾ 50 ਡੀ ਐਫ (ਮੈਟਸਲਫੂਰਾਨ+ਕਾਰਫੈਨਟਰਾਜ਼ੋਨ) ਪ੍ਰਤੀ ਏਕੜ ਬਿਜਾਈ ਤੋਂ 30-35 ਦਿਨਾਂ ਵਿੱਚ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ। ਇਸ ਮੌਕੇ ਕਿਸਾਨਾਂ ਨੂੰ ਨਦੀਨਨਾਸ਼ਕ ਛਿੜਕਾਅ ਲਈ ਵਰਤੀ ਜਾਣ ਵਾਲੀ ਕੱਟ ਵਾਲੌ ਨੋਜ਼ਲਾਂ ਵੰਡੀਆਂ ਗਈਆ ਅਤੇ ਸਹੀ ਛਿੜਕਾਅ ਤਕਨੀਕਾਂ ਦਾ ਪ੍ਰਦਰਸ਼ਿਤ ਕੀਤਾ ਗਿਆਂ।

LEAVE A REPLY

Please enter your comment!
Please enter your name here