ਜਿਲਾ ਪੁਲਿਸ ਵੱਲੋਂ ਲਾਏ ਲੋਕ ਦਰਬਾਰ ਵਿੱਚ 186 ਦਰਖਾਸਤਾਂ ਦਾ ਮੌਕੇ ’ਤੇ ਨਿਪਟਾਰਾ: ਐਸਐਸਪੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਪੁਲਿਸ ਵੱਲੋਂ ਲੋਕ ਮਸਲਿਆਂ ’ਤੇ ਤੁਰੰਤ ਨਿਪਟਾਰੇ ਲਈ ਅੱਜ ਸਬ ਡਵੀਜਨ ਪੱਧਰ ’ਤੇ ਵੱਖ-ਵੱਖ ਥਾਈਂ ਲਗਾਏ ਗਏ ਲੋਕ ਦਰਬਾਰ ਵਿੱਚ ਸੰਬੰਧਤ ਧਿਰਾਂ ਦੇ ਪੱਖ ਸੁਣਨ ਉਪਰੰਤ 1186 ਦਰਖਾਸਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸੰਬੰਧੀ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ ਦਿੱਤੀਆਂ ਦਰਖਾਸਤਾਂ ’ਤੇ ਸੁਣਵਾਈ ਦੇ ਨਾਲ-ਨਾਲ ਤੁਰੰਤ ਨਬੇੜੇ ਲਈ ਲੋਕ ਦਰਬਾਰ ਲਗਾਏ ਗਏ ਸਨ ਜਿੱਥੇ ਸੰਬੰਧਤ ਧਿਰਾਂ ਨੂੰ ਬੁਲਾ ਕੇ ਉਨ੍ਹਾਂ ਦਾ ਪੱਖ ਸੁਣਨ ਉਪਰੰਤ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਲੋਕ ਦਰਬਾਰ ਵਿੱਚ ਨਬੇੜੀਆਂ ਗਈਆਂ ਕੁੱਲ 1186 ਦਰਖਾਸਤਾਂ ’ਚੋਂ 328 ਸਬ-ਡਵੀਜਨ ਦਿਹਾਤੀ, 241 ਸਬ-ਡਵੀਜਨ ਸਿਟੀ, 214 ਸਬ ਡਵੀਜਨ ਟਾਂਡਾ, 174 ਸਬ-ਡਵੀਜਨ ਗੜਸ਼ੰਕਰ, 148 ਸਬ-ਡਵੀਜਨ ਦਸੂਹਾ ਅਤੇ 81 ਸਬ ਡਵੀਜਨ ਮੁਕੇਰੀਆਂ ਨਾਲ ਸੰਬੰਧਤ ਸਨ।

Advertisements

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦਰਖਾਸਤਾਂ ਵਿੱਚੋਂ ਦੋਵਾਂ ਧਿਰਾਂ ਵੱਲੋਂ ਆਏ ਮੋਹਤਵਰਾਂ ਦੀ ਹਾਜਰੀ ਵਿੱਚ 777 ਦਰਖਾਸਤਾਂ ’ਚ ਰਾਜੀਨਾਮੇ, 3 ਦਰਖਾਸਤਾਂ ’ਚ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਜਦਕਿ 266 ਦਰਖਾਸਤਾਂ ਦਿਵਾਨੀ ਮਾਮਲਿਆਂ ਨਾਲ ਸੰਬੰਧਤ ਸਨ ਅਤੇ 75 ਦਰਖਾਸਤਾਂ ਝੂਠੀਆਂ ਪਾਈਆਂ ਗਈਆਂ। ਉਹਨਾਂ ਨੇ ਦੱਸਿਆ ਕਿ ਕੁੱਲ 65 ਦਰਖਾਸਤਾਂ ਵੱਖ-ਵੱਖ ਕਾਰਨਾਂ ਕਰਕੇ ਦਾਖਲ ਦਫਤਰ ਕੀਤੀਆਂ ਗਈਆਂ। ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਲੋਕ ਦਰਬਾਰ ਦਾ ਉਦੇਸ਼ ਲੋਕਾਂ ਦੇ ਮਸਲੇ ਗਹੁ ਨਾਲ ਸੁਣਨ ਉਪਰੰਤ ਢੁਕਵੀਂ ਕਾਰਵਾਈ ਨੂੰ ਅਮਲ ਵਿੱਚ ਲਿਆਉਣਾ ਹੈ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿਲਾ ਪੁਲਿਸ ਵੱਲੋਂ ਲੋਕ ਦਰਬਾਰ 26 ਦਸੰਬਰ ਸ਼ਨੀਵਾਰ ਨੂੰ ਵੀ ਵੱਖ-ਵੱਖ ਸਬ ਡਵੀਜਨ ਪੱਧਰ ’ਤੇ ਲਾਏ ਜਾਣਗੇ ਜਿਥੇ ਸੰਬੰਧਤ ਧਿਰਾਂ ਆਪਣੀਆਂ ਦਰਖਾਸਤਾਂ ਦੇ ਨਿਪਟਾਰੇ ਲਈ ਪਹੁੰਚ ਸਕਦੀਆਂ ਹਨ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਲੋਕ ਦਰਬਾਰ ਦੌਰਾਨ ਸੰਬੰਧਤ ਧਿਰਾਂ ਦੀ ਤਸੱਲੀ ਮੁਤਾਬਕ ਕਾਰਵਾਈ ਅਮਲ ਵਿਚ ਲਿਆਉਣ ਨੂੰ ਯਕੀਨੀ ਬਣਾਇਆ ਜਾਵੇ।

LEAVE A REPLY

Please enter your comment!
Please enter your name here