ਜਲੰਧਰ: ਡਿਪਟੀ ਕਮਿਸ਼ਨਰ ਪੁਲਿਸ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਬਲਕਾਰ ਸਿੰਘ ਨੇ ਜਾਬਤਾ ਫੌਜ਼ਦਾਰੀ ਸੰਘਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਮਿਸ਼ਨਰੇਟ ਜਲੰਧਰ ਅਧੀਨ ਪੈਂਦੇ ਥਾਣਿਆਂ ਦੇ ਅਧੀਨ ਇਲਾਕਿਆਂ ਵਿੱਚ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚਾਇਨਾ ਡੋਰ (ਨਾਈਲੋਨ, ਪਲਾਸਟਿਕ ਜਾਂ ਸਿੰਥੈਟਿਕ ਮਟੀਰੀਅਲ ਨਾਲ ਬਣੀ ਡੋਰ/ਧਾਗਾ ਜਾਂ ਕੋਈ ਵੀ ਅਜਿਹੀ ਡੋਰ/ਧਾਗਾ ਜਿਸ ਉਪਰ ਸਿੰਥੈਟਿਕ ਦੀ ਧਾਤੂ ਚੜ੍ਹੀ ਹੋਵੇ ਅਤੇ ਪੰਜਾਬ ਸਰਕਾਰ ਦੇ ਮਾਪਦੰਡਾਂ ਦੇ ਅਨੁਕੂਲ ਨਾ ਹੋਵੇ ) ਦਾ ਨਿਰਮਾਣ ਕਰਨ, ਵੋਚਣ, ਸਟੋਰ ਕਰਨ, ਖਰੀਦ ਕਰਨ, ਸਪਲਾਈ ਕਰਨ, ਆਯਾਤ ਕਰਨ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 30.06.2021 ਤੱਕ ਲਾਗੂ ਰਹੇਗਾ।

Advertisements

ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਨੇ ਇਕ ਹੋਰ ਹੁਕਮ ਰਾਹੀਂ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਖੇਤਰ ਅਧੀਨ ਆਉਂਦੇ ਪਿੰਡਾਂ ਵਿੱਚ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਠੀਕਰੀ ਪਹਿਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਗਈ ਹਨ। ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਨੇ ਸਾਰੀਆਂ ਪੰਚਾਇਤਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਜਾਰੀ ਆਦੇਸ਼ਾਂ ਅਨੁਸਾਰ ਠੀਕਰੀ ਪਹਿਰੇ ਲਗਾਏ ਜਾਣ ਅਤੇ ਠੀਕਰੀ ਪਹਿਰਾ ’ਤੇ ਤਾਇਨਾਤ ਲੋਕਾਂ ਬਾਰੇ ਸੂਚਨਾ ਸਬੰਧਿਤ ਐਸ.ਐਚ.ਓ.ਨੂੰ ਮੁਹੱਈਆ ਕਰਵਾਈ ਜਾਵੇ।

ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਨੇ ਇਕ ਹੋਰ ਹੁਕਮ ਰਾਹੀਂ ਮਾਣਯੋਗ ਭਾਰਤ ਦੀ ਸੁਪਰੀਮ ਕੋਰਟ ਦੇ  ਹੁਕਮਾਂ ਦੀ ਪਾਲਣਾ ਹਿੱਤ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਤਹਿਤ ਜਨਤਕ ਸਥਾਨਾਂ ਦੀਆਂ ਸੀਮਾਵਾਂ ’ਤੇ ਪਟਾਖਿਆਂ ਦਾ ਸ਼ੋਰ ਪੱਧਰ ਅਤੇ ਲਾਊਡ ਸਪੀਕਰਾਂ ਦੀ ਆਵਾਜ਼ 10 ਡੀ.ਬੀ. (ਏ) ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਕੋਈ ਵੀ ਵਿਅਕਤੀ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਦੇ ਦਰਮਿਆਨ ਕੋਈ ਢੋਲ ਜਾਂ ਭੋਂਪੂ ਨਹੀਂ ਵਜਾ ਸਕੇਗਾ ਅਤੇ ਨਾ ਹੀ ਆਵਾਜ਼ ਪੈਦਾ ਕਰਨ ਵਾਲਾ ਕੋਈ ਯੰਤਰ ਵਜਾ ਸਕੇਗਾ ਤੇ ਨਾ ਹੀ ਸਾਊਂਡ ਐਂਪਲੀਫਾਇਰ ਦੀ ਵਰਤੋਂ ਕਰ ਸਕੇਗਾ ਸਿਵਾਏ ਜਨਤਕ ਹੰਗਾਮੀ ਹਾਲਾਤ ਦੇ। ਇਸ ਤੋਂ ਇਲਾਵਾ ਨਿੱਜੀ ਸਾਊਂਡ ਸਿਸਟਮ ਵਾਲਿਆਂ ਵਲੋਂ ਵੀ ਆਪਣੇ ਆਸ-ਪੜੋਸ ਵਿਚ ਸ਼ੋਰ ਦਾ ਪੱਧਰ 7.5 ਡੀ. ਬੀ (ਏ) ਤੋਂ ਵੱਧ ਨਹੀਂ ਰੱਖਿਆ ਜਾ ਸਕੇਗਾ। ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਿਹਾਇਸ਼ੀ ਖੇਤਰ ਵਿੱਚ ਹਾਰਨ ਵਜਾਉਣ ਦੀ ਆਗਿਆ ਨਹੀਂ ਹੋਵੇਗੀ ਅਤੇ ਜੇਕਰ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਸਾਊਂਡ ਸਿਸਟਮ ਦਾ ਸਮਾਨ ਜ਼ਬਤ ਕਰ ਲਿਆ ਜਾਵੇਗਾ।

ਡਿਪਟੀ ਕਮਿਸ਼ਨਰ ਪੁਲਿਸ ਨੇ ਇਕ ਹੋਰ ਹੁਕਮ ਵਿੱਚ ਕਿਹਾ ਕਿ ਮਕਾਨ ਮਾਲਕ ਘਰਾਂ ਵਿੱਚ ਕਿਰਾਏਦਾਰ ਅਤੇ ਪੀ.ਜੀ. ਮਾਲਕ, ਪੀ.ਜੀ.ਅਤੇ ਇਸ ਤੋਂ ਇਲਾਵਾ ਆਮ ਲੋਕ ਘਰਾਂ ਵਿੱਚ ਨੌਕਰ ਅਤੇ ਹੋਰ ਕਾਮੇ ਆਪਣੇ ਨੇੜੇ ਦੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਵਿੱਚ ਜਾਣਕਾਰੀ ਦਿੱਤੇ ਬਿਨਾਂ ਨਹੀਂ ਰੱਖਣਗੇ। ਡਿਪਟੀ ਕਮਿਸ਼ਨਰ ਪੁਲਿਸ ਨੇ ਇਕ ਹੋਰ ਹੁਕਮ ਰਾਹੀਂ ਪੁਲਿਸ ਕਮਿਸ਼ਨਰੇਟ ਦੇ ਇਲਾਕੇ ਵਿੱਚ ਸਮੂਹ ਪਟਾਕਿਆਂ ਦੇ ਨਿਰਮਾਤਾਵਾਂ/ਡੀਲਰਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਪਟਾਖਿਆਂ ਦੇ ਪੈਕਟਾਂ ਉਪਰ ਆਵਾਜ਼ ਦਾ ਲੈਬਲ (ਡੈਸੀਬਲ ਵਿੱਚ) ਪ੍ਰਿੰਟ ਹੋਣਾ ਲਾਜ਼ਮੀ ਹੈ।

ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਨੇ ਇਕ ਹੋਰ ਹੁਕਮ ਰਾਹੀਂ ਕੋਈ ਵੀ ਦੁਕਾਨਦਾਰ/ਦਰਜੀ, ਸੈਨਿਕ/ਅਰਧ ਸੈਨਿਕ ਬਲ/ਪੁਲਿਸ ਦੀ ਬਣੀ ਬਣਾਈ ਵਰਦੀ ਜਾਂ ਕੱਪੜਾ ਲੈ ਕੇ ਸੀਤੀ ਸਿਲਾਈ ਵਰਦੀ ਬਿਨ੍ਹਾਂ ਖਰੀਦਦਾਰ ਦੀ ਦਰੁੱਸਤ ਸ਼ਨਾਖਤ ਕੀਤੇ ਬਿਨਾਂ ਨਹੀਂ ਵੇਚੇਗਾ। ਵਰਦੀ ਖਰੀਦਣ ਵਾਲੇ ਵਿਅਕਤੀ ਦੇ ਫੋਟੋ ਸ਼ਨਾਖਤੀ ਕਾਰਡ ਜੋ ਸਮੱਰਥ ਅਧਿਕਾਰੀ ਵਲੋਂ , ਉਸ ਨੂੰ ਜਾਰੀ ਕੀਤਾ ਗਿਆ ਹੋਵੇ, ਦੀ ਸਵੈ-ਤਸਦੀਕ ਸ਼ੁਦਾ ਫੋਟੋ ਕਾਪੀ ਰੱਖੇਗਾ ਅਤੇ ਖਰੀਦਣ ਵਾਲੇ ਦਾ ਰੈਂਕ,ਨਾਮ,ਪਤਾ,ਫੋਨ ਨੰਬਰ ਅਤੇ ਤਾਇਨਾਤੀ ਦੇ ਸਥਾਨ ਸਬੰਧੀ ਰਿਕਾਰਡ ਰਜਿਸਟਰ ਉਤੇ ਦਰਜ ਕਰੇਗਾ ਅਤੇ ਇਸ ਰਜਿਸਟਰ ਨੂੰ ਦੋ ਮਹੀਨਿਆਂ ਵਿੱਚ ਇਕ ਵਾਰ ਸਬੰਧਿਤ ਮੁੱਖ ਅਫ਼ਸਰ ਥਾਣਾ ਪਾਸੋਂ ਤਸਦੀਕ ਕਰਵਾਏਗਾ ਅਤੇ ਲੋੜ ਪੈਣ ’ਤੇ ਰਿਕਾਰਡ ਪੁਲਿਸ ਨੂੰ ਮੁਹੱਈਆ ਕਰਵਾਏਗਾ।

ਇਕ ਹੋਰ ਹੁਕਮ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਪੁਲਿਸ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਜਲੂਸ ਕੱਢਣ, ਕਿਸੇ ਸਮਾਗਮ /ਜਲੂਸ ਵਿੱਚ ਹਥਿਆਰ ਚੁੱਕ ਕੇ ਚੱਲਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਤਰਤਾ ਅਤੇ ਨਾਅਰੇਬਾਜ਼ੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ।

ਇਸੇ ਤਰ੍ਹਾਂ ਉਨ੍ਹਾਂ ਵਲੋਂ ਇਕ ਹੋਰ ਹੁਕਮ ਵਿੱਚ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਮੈਰਿਜ ਪੈਲਸਾਂ/ਹੋਟਲਾਂ ਦੇ ਦਾਅਵਤ ਹਾਲਾਂ ਵਿੱਚ ਵਿਆਹਾਂ-ਸ਼ਾਦੀਆਂ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਵਿੱਚ ਪਬਲਿਕ ਵੱਲੋਂ ਹਥਿਆਰ ਲੈ ਕੇ ਜਾਣ ’ਤੇ ਪਾਬੰਦੀ ਹੋਵੇਗੀ ਅਤੇ ਨਾਲ ਹੀ ਉਨ੍ਹਾਂ ਮੈਰਿਜ ਪੈਲੇਸਾਂ/ਦਾਅਵਤ ਹਾਲਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਮੈਰਿਜ ਪੈਲੇਸਾਂ/ਦਾਅਵਤ ਹਾਲਾਂ ਵਿੱਚ ਸੀ.ਸੀ.ਟੀ.ਵੀ.ਕੈਮਰੇ ਲਗਾਉਣ ਦੇ ਜ਼ਿੰਮੇਵਾਰ ਹੋਣਗੇ।

ਇਕ ਹੋਰ ਰਾਹੀਂ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਵਲੋਂ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਹਥਿਆਰ ਜਿਵੇਂ ਬੇਸਬਾਲ, ਤੇਜ਼ ਹਥਿਆਰ, ਨੋਕੀਲਾ ਹਥਿਆਰ ਜਾਂ ਕੋਈ ਵੀ ਜਾਨਲੇਵਾ ਹਥਿਆਰ ਗੱਡੀ ਵਿੱਚ ਰੱਖ ਕੇ ਚੱਲਣ ’ਤੇ ਪਾਬੰਦੀ ਲਗਾਈ ਗਈ ਹੈ। ਉਪਰੋਕਤ ਇਹ ਸਾਰੇ ਹੁਕਮ 03.01.2021 ਤੋਂ 02.03.2021 ਤੱਕ ਲਾਗੂ ਰਹਿਣਗੇ।

LEAVE A REPLY

Please enter your comment!
Please enter your name here