ਜਲੰਧਰ ਸਭ ਤੋਂ ਵੱਧ ਯੂ.ਡੀ.ਆਈ.ਡੀ.ਕਾਰਡ ਬਣਾ ਕੇ ਬਣਿਆ ਸੂਬੇ ਦਾ ਮੋਹਰੀ ਜ਼ਿਲਾ: ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਵਿਆਂਗ ਵਿਅਕਤੀਆਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਯੂ.ਡੀ.ਆਈ.ਡੀ. ਕਾਰਡ ਜਾਰੀ ਕਰਨ ਲਈ ਸੂਚੀਬੱਧ ਕਰਨ ਲਈ ਕੀਤੇ ਜਾ ਰਹੇ ਸੰਜੀਦਾ ਯਤਨਾਂ ਸਦਕਾ ਜ਼ਿਲ੍ਹਾ ਜਲੰਧਰ ਵਿਸ਼ੇਸ਼ ਦਿਵਿਆਂਗਤਾ ਪਹਿਚਾਣ ਪੱਤਰ (ਯੂ.ਡੀ.ਆਈ.ਡੀ. )ਜਾਰੀ ਕਰਨ ਵਿੱਚ ਸੂਬੇ ਭਰ ਵਿੱਚ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਪੋਰਟਲ ’ਤੇ ਯੂ.ਡੀ.ਆਈ.ਡੀ.ਕਾਰਡ ਬਣਾਉਣ ਲਈ 3510 ਬਿਨੈਪੱਤਰ ਪ੍ਰਾਪਤ ਹੋਏ ਸਨ ,ਜਿਸ ਵਿਚੋ 3134 ਯੂ.ਡੀ.ਆਈ.ਡੀ.ਕਾਰਡ ਸਫ਼ਲਤਾ ਪੂਰਕ ਜ਼ਿਲ੍ਹੇ ਵਿੱਚ ਤਿਆਰ ਕੀਤੇ ਜਾ ਚੁੱਕੇ ਹਨ, ਜੋ ਕਿ ਸੂਬੇ ਦੇ ਬਾਕੀ ਜਿਲਿ੍ਹਆਂ ਤੋਂ ਸਭ ਤੋਂ ਵੱਧ ਹਨ। ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੂ.ਡੀ.ਆਈ.ਡੀ.ਕਾਰਡ ਬਣਾਉਣ ਵਿੱਚ ਸੂਬੇ ਭਰ ਵਿੱਚ ਹਾਸਿਲ ਕੀਤੇ ਗਏ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਯੂ.ਡੀ.ਆਈ.ਡੀ.ਕਾਰਡ ਤਿਆਰ ਕਰਨ ਲਈ ਨੋਡਲ ਏਜੰਸੀ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਪਹਿਚਾਣ ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਸ਼੍ਰੀ ਥੋਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਜ਼ਿਲ੍ਹੇ ਦੇ ਹਰੇਕ ਕਮਿਊਨਟੀ-ਪ੍ਰਾਇਮਰੀ ਸਿਹਤ ਸੈਂਟਰ ਵਿਖੇ ਇਕ ਕੈਂਪ ਸਥਾਪਿਤ ਕੀਤਾ ਜਾਵੇ ਅਤੇ ਇਸ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਕੌਂਸਲਰਾਂ/ਸਰਪੰਚਾਂ ਅਤੇ ਆਸ਼ਾ ਵਰਕਰਾਂ ਰਾਹੀਂ ਅਗਾਓਂ ਜਾਗਰੂਕ ਕੀਤਾ ਜਾਵੇ ਤਾਂ ਜੋ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਉਨ੍ਹਾਂ ਦੱਸਿਆ ਕਿ ਕੈਂਪਾਂ ਵਿੱਚ ਰੋਜ਼ਾਨਾ 500 ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਸੂਚੀਬੱਧ ਕੀਤਾ ਜਾਵੇ ਅਤੇ ਉਹ ਖੁਦ ਨਿੱਜੀ ਤੌਰ ’ਤੇ ਸੂਚੀਬੱਧ ਕੀਤੇ ਗਏ ਵਿਅਕਤੀਆਂ ਨੂੰ ਕਾਰਡ ਜਾਰੀ ਕਰਨ ਦੇ ਕੰਮ ਦਾ ਨਿਰੀਖਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਛੜੇ ਵਰਗ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ।

Advertisements

ਉਨ੍ਹਾਂ ਦੁਹਰਾਇਆ ਕਿ ਇਨਾਂ ਵਰਗਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਹੋਰਨਾਂ ਵਾਂਗ ਰੋਜਗਾਰ ਦੇ ਵੀ ਸਮਾਨ ਮੌਕੇ ਪ੍ਰਦਾਨ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਦਿਵਿਆਂਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਯੂ.ਡੀ.ਆਈ.ਡੀ.ਕਾਰਡ ਬਣਾਉਣ ਲਈ ਅਪਣੇ ਨਾਲ ਅਧਾਰ ਕਾਰਡ, ਵੋਟਰ ਕਾਰਡ ਜਾਂ ਉਮਰ ਦਾ ਕੋਈ ਵੀ ਸਬੂਤ, ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਯੂ.ਡੀ.ਆਈ.ਡੀ.ਕਾਰਡ ਸਬੰਧੀ ਸੇਵਾ ਕੇਂਦਰਾਂ ਵਿੱਚ ਅਤੇ ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਹਿਰਾਂ ਦੇ ਪੈਨਲ ਜਿਵੇਂ ਕਿ ਹੱਡੀਆਂ, ਈ.ਐਨ.ਟੀ., ਅੱਖਾਂ, ਮਨੋ ਚਕਿਸਤਿਕ, ਬੱਚਿਆਂ ਦੇ ਮਾਹਿਰਾਂ ਵਲੋਂ ਹਰੇਕ ਬਿਨੈਕਾਰ ਦਾ ਦਿਵਿਆਂਗਤਾ ਸਬੰਧੀ ਸਰਟੀਫਿਕੇਟ ਜਾਰੀ ਕਰਨ ਲਈ ਹਰੇਕ ਮੰਗਲਵਾਰ ਅਤੇ ਵੀਰਵਾਰ ਨੂੰ ਜਾਂਚ ਕੀਤੀ ਜਾਂਦੀ ਹੈ। ਯੂ.ਡੀ.ਆਈ.ਡੀ. ਸਕੀਮ ਦੇ ਨੋਡਲ ਅਫ਼ਸਰ ਡਾ.ਅਨੂੰ ਨੇ ਕਿਹਾ ਕਿ ਯੂ.ਡੀ.ਆਈ.ਡੀ.ਕਾਰਡ ’ਤੇ ਕੁਇਕ ਰਿਸਪੌਂਸ ਕੋਡ ਹੁੰਦਾ ਹੈ ਜੋ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਦੀ ਤਸਦੀਕ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਕਾਰਡ ਦਿਖਾਈ ਨਾ ਦੇਣ ਵਾਲੇ ਵਿਅਕਤੀਆਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਪ੍ਰਦਾਨ ਕਰਨ ਤੋਂ ਇਲਾਵਾ ਰੋਜ਼ਗਾਰ ਸਬੰਧੀ ਅਨੇਕਾਂ ਮੌਕਿਆਂ ਵਿੱਚ ਸਹਾਈ ਸਿੱਧ ਹੋਵੇਗਾ।

LEAVE A REPLY

Please enter your comment!
Please enter your name here