ਹਜ਼ਾਰਾਂ ਦੀ ਤਦਾਦ ਵਿੱਚ ਕਿਸਾਨਾਂ ਨੇ ਵਿਧਾਇਕ ਪਿੰਕੀ ਦੀ ਅਗਵਾਈ ਵਿੱਚ ਕੱਢੀ ਟਰੈਕਟਰ ਜਾਗਰੂਕਤਾ ਰੈਲੀ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਹਜ਼ਾਰਾਂ ਦੀ ਤਦਾਦ ਵਿੱਚ ਕਿਸਾਨਾਂ ਨੇ ਵਿਧਾਇਕ ਫਿਰੋਜ਼ਪੁਰ ਸਹਿਰੀ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਵਿੱਚ ਟਰੈਕਟਰ ਜਾਗਰੂਕਤਾ ਰੈਲੀ ਕੱਢੀ। ਇਸ ਰੈਲੀ ਦੀ ਸ਼ੁਰੂਆਤ ਵਿਧਾਇਕ ਪਿੰਕੀ ਵੱਲੋਂ ਸਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧ ਤੇ ਮੱਥਾ ਟੇਕ ਕੇ ਕੀਤੀ ਗਈ। ਇਸ ਰੈਲੀ ਵਿੱਚ ਐੱਨ.ਸੀ.ਸੀ. ਦੇ ਕੈਡਿਟਾਂ ਵੱਲੋਂ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਹ ਟਰੈਕਟਰ ਜਾਗਰੂਕਤਾ ਰੈਲੀ ਦਾਣਾ ਮੰਡੀ ਫਿਰੋਜ਼ਪੁਰ ਸਹਿਰ ਤੋਂ ਹੁੰਦੀ ਹੋਈ ਸਹਿਰ ਦੇ ਵੱਖ-ਵੱਖ ਕੋਨਿਆਂ ਤੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਚੌਂਕ ਜਾ ਕੇ ਸਮਾਪਤ ਹੋਈ।ਰੈਲੀ ਵਿੱਚ ਲੋਕਾਂ ਵਿੱਚ ਇਨ੍ਹਾਂ ਜ਼ਿਆਦਾ ਉਤਸ਼ਾਹ ਸੀ ਕਿ 15 ਕਿਲੋਮੀਟਰ ਦੇ ਦਾਇਰੇ ‘ਚ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਸਨ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਟਰੈਕਟਰਾਂ ਦਾ ਹੜ੍ਹ ਆ ਗਿਆ ਹੋਵੇ।

Advertisements

ਰੈਲੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਦਾ ਹੁਸੈਨੀਵਾਲਾ ਸ਼ਹੀਦਾਂ ਦੀ ਸਹਾਦਤ ਦੇ ਨਾਂ ਤੇ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਇਹ ਉਹ ਧਰਤੀ ਹੈ ਜਿਸ ਧਰਤੀ ਤੇ ਉਨ੍ਹਾਂ ਮਹਾਨ ਸ਼ਹੀਦਾਂ ਦੀਆਂ ਸਮਾਧਾਂ ਹਨ ਜਿਨ੍ਹਾ ਨੇ ਭਾਰਤ ਵਿੱਚੋਂ ਅੰਗਰੇਜ਼ਾਂ ਨੂੰ ਭਜਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਜੋ ਕੇਂਦਰ ਦੀ ਬੀਜੇਪੀ ਸਰਕਾਰ ਨੇ ਬਣਾਏ ਹਨ ਉਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਸਾਹ ਲਵਾਂਗੇ। ਉਨ੍ਹਾਂ ਕਿਹਾ ਕਿ ਇਹ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਹੈ ਅਤੇ ਮੈਂ ਵਿਧਾਇਕ ਬਾਅਦ ਵਿੱਚ ਕਿਸਾਨ ਪਹਿਲਾ ਹਾਂ। ਵਿਧਾਇਕ ਪਿੰਕੀ ਨੇ ਕਿਹਾ ਕਿ 25 ਅਤੇ 26 ਤਰੀਕ ਨੂੰ ਕਿਸਾਨ ਵੀਰ, ਮਜ਼ਦੂਰ ਅਤੇ ਵਪਾਰੀ ਵਰਗ ਦਿੱਲੀ ਸ਼ਾਂਤਮਈ ਤਰੀਕੇ ਨਾਲ ਜਾਣਗੇ ਅਤੇ ਦਿੱਲੀ ਦੀ ਗੂੰਗੀ ਤੇ ਬੋਲੀ ਸਰਕਾਰ ਨੂੰ ਜੋ ਕੁੰਭਕਰਨੀ ਦੀ ਨੀਂਦ ਸੁੱਤੀ ਪਈ ਹੈ ਹਲੂਣਾਂ ਮਾਰ ਕੇ ਜਗਾਉਣਗੇ। ਉਨ੍ਹਾਂ ਨੇ ਲੋਕਾਂ ਨੂੰ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਰੈਲੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਿੱਟੂ ਸਾਂਘਾ ਤੇ ਸੀਨੀਅਰ ਐਡਵੋਕੇਟ ਗੁਲਸ਼ਨ ਮੌਂਗਾ ਨੇ ਕਿਹਾ ਕਿ ਜਿਵੇਂ ਸ਼ਹੀਦ ਭਗਤ ਸਿੰਘ ਨੇ ਆਪਣੀ ਇਨਕਲਾਬੀ ਸੋਚ ਨਾਲ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਇਆ ਸੀ ਉਸੇ ਤਰ੍ਹਾਂ ਪੰਜਾਬੀ ਲੋਕ ਦੇਸ਼ ਦੇ ਲੋਕਾਂ ਨੂੰ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਤੋਂ ਮੁਕਤ ਕਰਾ ਕੇ ਰਹਿਣਗੇ ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਗੇ।  

LEAVE A REPLY

Please enter your comment!
Please enter your name here