ਜਲੰਧਰ: ਦੁਆਬਾ ਖੇਤਰ ’ਚ 4.5 ਕਰੋੜ ਦੀ ਲਾਗਤ ਨਾਲ ਕੰਮ ਕਾਜੀ ਮਹਿਲਾਵਾਂ ਲਈ ਬਣੇਗਾ ਪਹਿਲਾ ਹੋਸਟਲ

ਜਲੰਧਰ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਦੁਆਬਾ ਖੇਤਰ ਵਿੱਚ ਕੰਮ-ਕਾਜੀ ਮਹਿਲਾਵਾਂ ਦੀ ਸੁਰੱਖਿਅਤ ਅਤੇ ਅਰਾਮਦਾਇਕ ਠਹਿਰਾਉ ਨੂੰ ਯਕੀਨੀ ਬਣਾਉਣ ਲਈ 4.5 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ ਸ਼ਹਿਰ ਵਿੱਚ ਪਹਿਲਾ ਹੋਸਟਲ ਬਣਾਇਆ ਜਾਵੇਗਾ।

Advertisements

ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਨ ਨੁੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਤਹਿਤ ਪੰਜਾਬ ਸਰਕਾਰ ਵਲੋਂ ਜਲੰਧਰ ਸ਼ਹਿਰ ਵਿੱਚ ਮਹਿਲਾ ਹੋਸਟਲ ਬਣਾਉਣ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਕੰਮ ਕਰਨ ਲਈ ਸ਼ਹਿਰ ਵਿੱਚ ਆਉਣ ਵਾਲੀਆਂ ਮਹਿਲਾਵਾਂ ਲਈ ਸਾਜ਼ਗਾਰ ਤੇ ਸੁਰੱਖਿਅਤ ਮਾਹੌਲ ਨੂੰ ਯਕੀਨੀ ਬਣਾਉਣ ਲਈ ਇਹ ਹੋਸਟਲ ਬਹੁਤ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਮੰਗ ’ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਭਾਰਤ ਸਰਕਾਰ ਵਲੋਂ ਜਲੰਧਰ ਸ਼ਹਿਰ ਵਿੱਚ ਕੰਮ-ਕਾਜੀ ਮਹਿਲਾਵਾਂ ਲਈ ਹੋਸਟਲ ਦਾ ਨਿਰਮਾਣ ਕਰਨ ਲਈ ਸਹਿਮਤੀ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਹੁ ਮੰਜ਼ਿਲਾ ਇਮਾਰਤ ਦਾ ਨਿਰਮਾਣ ਗਾਂਧੀ ਵਨੀਤਾ ਆਸ਼ਰਮ ਕਪੂਰਥਲਾ ਰੋਡ ਵਿਖੇ ਕੀਤਾ ਜਾਵੇਗਾ ਜਿਸ ਵਿੱਚ 20 ਬੱਚਿਆਂ ਦੀ ਸੰਭਾਲ ਤੋਂ ਇਲਾਵਾ 80 ਕੰਮ-ਕਾਜੀ ਮਹਿਲਾਵਾਂ ਦੇ ਘਰ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਬਹੁ ਮੰਜ਼ਿਲਾ ਇਮਾਰਤ ਦਾ ਨਿਰਮਾਣ 36000 ਵਰਗ ਫੁੱਟ ਵਿੱਚ ਕੀਤਾ ਜਾਵੇਗਾ ਅਤੇ ਇਸ ਦੀ ਪਹਿਲੀ ਕਿਸ਼ਤ ਵਜੋਂ 1.36 ਕਰੋੜ ਰੁਪਏ ਵਿਭਾਗ ਵਲੋਂ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਹੋਸਟਲ ਦੇ ਨਿਰਮਾਣ ’ਤੇ ਆਉਣ ਵਾਲਾ ਕੁੱਲ ਖਰਚ 4.5 ਕਰੋੜ ਰੁਪਏ ਕੇਂਦਰ, ਸੂਬਾ ਸਰਕਾਰ ਅਤੇ ਸਬੰਧਿਤ (ਲਾਗੂ ਕਰਨ) ਏਜੰਸੀ ਵਲੋਂ 60:15:25 ਦੀ ਦਰ ਨਾਲ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਅਹਿਮ ਪ੍ਰੋਜੈਕਟ ’ਤੇ ਕੰਮ ਜਲਦੀ ਸ਼ੁਰੂ ਹੋ ਜਾਵੇਗਾ ਅਤੇ ਇਸ ਨੂੰ ਆਉਂਦੇ 24 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਮ ਕਾਜੀ ਮਹਿਲਾਵਾਂ ਲਈ ਹੋਸਟਲ ਕੇਂਦਰ ਵਲੋਂ ਪ੍ਰਯੋਜਿਤ ਅੰਬਰੇਲਾ ਸਕੀਮ, ‘‘ ਮਿਸ਼ਨ ਫਾਰ ਪ੍ਰੋਟੈਕਸ਼ਨ ਅਤੇ ਇੰਪਾਵਰਮੈਂਟ ਆਫ਼ ਵੁਮੈਨ’ ਦੀ ਇਕ ਉਪ ਸਕੀਮ ਹੈ।

LEAVE A REPLY

Please enter your comment!
Please enter your name here