“ਸੂਫ਼ੀ ਫ਼ੈਸਟੀਵਲ”: ਦੂਜੇ ਦਿਨ ਦਾ ਮੇਲਾ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਲੁੱਟਿਆ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਅਮੀਰ ਵਿਰਾਸਤ ਸੂਫ਼ੀ ਗਾਇਕੀ ਨੂੰ ਮੁੜ ਸੁਰਜੀਤ ਕਰਨ ਲਈ ਆਰੰਭੇ ਗਏ ਉਪਰਾਲਿਆਂ ਦੀ ਕੜੀ ਵਜੋਂ “ਸੂਫ਼ੀ ਫ਼ੈਸਟੀਵਲ” ਬਹੁਤ ਹੀ ਸਫਲਤਾਪੂਰਵਕ ਤਰੀਕੇ ਨਾਲ ਮਾਲੇਰਕੋਟਲਾ ਦੇ ਸਰਕਾਰੀ ਕਾਲਜ ਵਿਖੇ ਚੱਲ ਰਿਹਾ ਹੈ। ਅੱਜ ਦੂਜੇ ਦਿਨ ਪ੍ਰਸਿੱਧ ਸੂਫ਼ੀ ਅਤੇ ਲੋਕ ਗਾਇਕ ਕੰਵਰ ਗਰੇਵਾਲ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਜਿਸਨੂੰ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ।
ਆਪਣੀ ਪੇਸ਼ਕਾਰੀ ਦੌਰਾਨ ਜਦੋਂ ਕੰਵਰ ਗਰੇਵਾਲ ਨੇ ਆਪਣੇ ਪ੍ਰਸਿੱਧ ਗੀਤ “ਮਸਤ ਬਣਾ ਦੇਣਗੇ ਬੀਬਾ” ਨੂੰ ਪੇਸ਼ ਕੀਤਾ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਮਾਲੇਰਕੋਟਲਾ ਦੇ ਲੋਕ ਸੂਫ਼ੀ ਰੰਗ ਵਿਚ ਰੰਗੇ ਹੋਏ ਝੂਮ ਰਹੇ ਹੋਣ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਹੋਰ ਵੀ ਕਈ ਮਕਬੂਲ ਗੀਤ ਪੇਸ਼ ਕੀਤੇ। ਉਹਨਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਫੈਸਟੀਵਲ ਦੀ ਬਹੁਤ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਸੂਫ਼ੀ ਸੰਗੀਤ ਨਾਲ ਜੁੜਨ ਦਾ ਸੱਦਾ ਦਿੱਤਾ।

Advertisements

ਇਸ ਤੋਂ ਪਹਿਲਾ ਚਾਰ ਦਿਨ ਚੱਲਣ ਵਾਲੇ ਇਸ ਫੈਸਟੀਵਲ ਦੇ ਦੂਜੇ ਦਿਨ ਦਾ ਉਦਘਾਟਨ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਨੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਵਕਫ਼ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਲਤੀਫ਼ ਅਹਿਮਦ ਥਿੰਦ, ਵਧੀਕ ਡਿਪਟੀ ਕਮਿਸ਼ਨਰ ਸ੍ਰ ਸੁਰਿੰਦਰ ਸਿੰਘ, ਐੱਸ ਡੀ ਐੱਮ ਮਾਲੇਰਕੋਟਲਾ ਸ਼੍ਰੀਮਤੀ ਅਪਰਣਾ ਐੱਮ ਬੀ, ਐੱਸ ਡੀ ਐੱਮ ਅਹਿਮਦਗੜ੍ਹ ਸ੍ਰ ਹਰਬੰਸ ਸਿੰਘ, ਐੱਸ ਡੀ ਐੱਮ ਅਮਰਗੜ੍ਹ ਸ਼੍ਰੀਮਤੀ ਸੁਰਿੰਦਰ ਕੌਰ, ਸਾਕਿਬ ਅਲੀ ਰਾਜਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ਼੍ਰੀਮਤੀ ਪਰਮਿੰਦਰ ਕੌਰ ਮੰਡੇਰ, ਬਾਲੀਵੁੱਡ ਅਦਾਕਾਰ ਹੋਬੀ ਧਾਲੀਵਾਲ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।
ਜਮੀਲ ਉਰ ਰਹਿਮਾਨ ਨੇ ਦੱਸਿਆ ਕਿ 17 ਦਸੰਬਰ ਨੂੰ ਫ਼ੈਸਟੀਵਲ ਦੇ ਅੰਤਿਮ ਦਿਨ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਾਚਾਰੀ ਵਿਭਾਗ ਦੇ ਕੈਬਨਿਟ ਮੰਤਰੀ ਪੰਜਾਬ ਮੋਹਤਰਮਾ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ।
ਸਮੂਹ ਨਿਵਾਸੀਆਂ, ਕਲਾ ਪ੍ਰੇਮੀਆਂ ਤੇ ਆਮ ਲੋਕਾਂ ਨੂੰ ਸੂਫ਼ੀ ਫ਼ੈਸਟੀਵਲ ਦਾ ਅਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਆਯੋਜਿਤ ਹੋਣ ਵਾਲੇ ਸਮਾਗਮਾਂ ਦੀ ਕੋਈ ਟਿਕਟ ਨਹੀਂ ਹੈ। ਇਹ ਸਮਾਗਮ ਰੋਜ਼ਾਨਾ ਸ਼ਾਮ 05.00 ਵਜੇ ਤੋਂ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰਤਾਂ ਦੇ ਬੈਠਣ ਦਾ ਅਲੱਗ ਪ੍ਰਬੰਧ ਵੀ ਕੀਤਾ ਗਿਆ ਹੈ ।
“ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ” ਦੀ ਮਜਲਿਸ ਦੀ ਤਫ਼ਸੀਲ ਸਾਂਝੀ ਕਰਦਿਆ ਉਹਨਾਂ ਕਿਹਾ ਕਿ ਸੂਫ਼ੀ ਗਾਇਕੀ ਸਾਡੇ ਦੇਸ਼ ਦੀ ਅਮੀਰ ਵਿਰਾਸਤ ਦਾ ਅਨਮੋਲ ਹਿੱਸਾ ਹੈ । ਇਸ ਸੂਫ਼ੀ ਫ਼ੈਸਟੀਵਲ ਵਿੱਚ ਦੇਸ਼, ਦੁਨੀਆ ਭਰ ਦੇ ਨਾਮਵਰ ਕਲਾਕਾਰਾਂ ਦੇ ਨਾਲ ਨਾਲ ਸਥਾਨਕ ਕਲਾਕਾਰ ਵੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ ।
ਦੱਸਣਯੋਗ ਹੈ ਕਿ ਕੰਵਰ ਗਰੇਵਾਲ ਤੋਂ ਇਲਾਵਾ ਸਰਦਾਰ ਅਲੀ ਖ਼ਾਨ, ਨਜ਼ੀਰ, ਆਰਿਫ਼ ਮਤੌਈ ਅਤੇ ਅਖ਼ਤਰ ਅਲੀ ਲੋਕਾਂ ਨਾਲ ਰੁ- ਬ-ਰੁ ਹੋਣਗੇ ।

ਉਨ੍ਹਾਂ ਇਸ ਸੂਫ਼ੀ ਫ਼ੈਸਟੀਵਲ ਦੀ ਮਜਲਿਸ ਬਾਰੇ ਇਤਲਾਹ ਸਾਂਝੀ ਕਰਦਿਆ ਹੋਰ ਦੱਸਿਆ ਕਿ ਮਿਤੀ 16 ਦਸੰਬਰ ਦਿਨ ਸ਼ਨੀਵਾਰ ਨੂੰ ” ਸੂਫ਼ੀਆਨਾ ਮੁਸ਼ਾਇਰਾ ” ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸੂਫੀਇਜਮ ਬਾਰੇ ਡਾ.ਮੁਹੰਮਦ ਇਕਬਾਲ ਅਤੇ ਡਾ ਮੁਹੰਮਦ ਜਮੀਲ ਖੋਜ ਪੱਤਰ ਪੇਸ਼ ਕਰਨਗੇ। ਇਸ ਤੋਂ ਇਲਾਵਾ ਡਾ.ਰੁਬੀਨਾ ਸ਼ਬਨਮ ਅਤੇ ਡਾ. ਮੁਹੰਮਦ ਰਫ਼ੀ, ਡਾ. ਸਲੀਮ ਜ਼ੁਬੈਰੀ, ਇਫਤਖਾਰ ਸ਼ੇਖ਼,ਜ਼ਫ਼ਰ ਅਹਿਮਦ ਜ਼ਫ਼ਰ, ਜ਼ਮੀਰ ਅਲੀ ਜ਼ਮੀਰ,ਅਜਮਲ ਖ਼ਾਨ ਸ਼ੇਰਵਾਨੀ,ਰਮਜ਼ਾਨ ਸਯਦ ,ਅਨਵਰ ਆਜ਼ਰ,ਸਾਜਿਦ ਇਸਹਾਕ,ਸ਼ਾਹਿਨਾਜ਼ ਭਾਰਤੀ ਆਪਣੇ ਕਲਾਮ ਪੇਸ਼ ਕਰਨਗੇ । ਇਨ੍ਹਾਂ ਤੋਂ ਇਲਾਵਾ ਵਨੀਤ ਖ਼ਾਨ ਅਤੇ ਸਲਾਮਤ ਅਲੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ।

ਸਮਾਗਮ ਦੀ ਸਮਾਪਤੀ ਮਿਤੀ 17 ਦਸੰਬਰ ਦਿਨ ਐਤਵਾਰ ਨੂੰ ” ਜਸ਼ਨ –ਏ-ਸੂਫੀਆਨਾ ਕਲਾਮ “ਨਾਲ ਹੋਵੇਗੀ ਜਿਸ ਵਿੱਚ ਮਾਸਟਰ ਸਲੀਮ ਅਤੇ ਸਰਦਾਰ ਅਲੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ ਅਤੇ ਪਰਵੇਜ਼ ਝਿੰਜਰ,ਆਬਿਦ ਅਲੀ,ਅਰਹਮ ਇਕਬਾਲ ਅਤੇ ਮੁਹੰਮਦ ਅਨੀਸ਼ ਵੀ ਆਪਣੇ ਹੁਨਰ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ ।

LEAVE A REPLY

Please enter your comment!
Please enter your name here