ਪਠਾਨਕੋਟ: ਮਿਸ਼ਨ ਸਤ-ਪ੍ਰਤੀਸਤ ਨੂੰ ਲੈਕੇ ਜਿਲ੍ਹਾ ਸਿੱਖਿਆ ਅਫਸਰ ਨੇ ਕੀਤੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਮਿਸ਼ਨ ਸਤ-ਪ੍ਰਤੀਸਤ 2021 ਨੂੰ ਲੈਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਵੱਲੋਂ ਜਿਲ੍ਹੇ ਦੇ ਸਮੂਹ ਬੀਪੀਈਓ, ਸੀਐਚਟੀ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ  ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਸਮੂਹ ਬਲਾਕ ਪ੍ਰਾਇਮਰੀ ਅਫ਼ਸਰਾਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ ਅਤੇ ਅਧਿਆਪਕਾਂ ਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।

Advertisements

ਉਨ੍ਹਾਂ ਜਿਲ੍ਹਾ ਦੀ ਸਿੱਖਿਆ ਨੂੰ ਹੋਰ ਉਚਾਈਆਂ ਤੇ ਲਿਜਾਉਣ ਲਈ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਕਾਮਯਾਬੀ ਲਈ ਸਕੂਲ ਪੱਧਰ ਤੱਕ ਮਾਈਕਰੋ ਯੋਜਨਾਬੰਦੀ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਜਿਲ੍ਹੇ ਦੇ ਸਕੂਲਾਂ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਅਧਿਆਪਕ ਬਹੁਤ ਲਗਨ ਅਤੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ ਅਤੇ ਅਧਿਆਪਕਾਂ ਦੀ ਸਖ਼ਤ ਘਾਲਣਾ ਨੇ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਬਣਦਾ ਯੋਗਦਾਨ ਦਿੱਤਾ ਹੈ।

ਉਨ੍ਹਾਂ ਕਿਹਾ ਕਿ 14 ਨਵੰਬਰ ਤੋਂ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਚੌਥੇ ਸੈਸ਼ਨ ਦੇ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵੱਧ ਰਿਹਾ ਹੈ ਇਸ ਲਈ ਹੁਣ ਸਮੂਹ ਬੀਪੀਈਓ ਅਤੇ ਅਧਿਆਪਕਾਂ ਦਾ ਇਹ ਫਰਜ਼ ਬਣ ਗਿਆ ਹੈ ਕਿ ਉਹ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ। ਉਨ੍ਹਾਂ ਸਕੂਲਾਂ ਵਿੱਚ ਵੱਧ ਤੋਂ ਵੱਧ ਈ-ਕੰਟੈਂਟ ਦੀ ਵਰਤੋਂ ਕਰਨ ਤੇ ਜੋਰ ਦਿੱਤਾ. ਬੀਪੀਈਓ ਨੂੰ ਉਹਨਾਂ ਦੇ ਬਲਾਕਾਂ ਦੇ ਸਕੂਲਾਂ ਵਿੱਚ ਚਲ ਰਹੀਆਂ ਬੈਸਟ ਪ੍ਰੈਕਟਿਸਜ ਨੂੰ ਦੂਸਰੇ ਸਕੂਲਾਂ ਨਾਲ ਸਾਂਝੇ ਕਰਨ ਲਈ ਕਿਹਾ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਡੀਈਓ ਐਲੀਮੈਂਟਰੀ ਰਮੇਸ ਲਾਲ ਠਾਕੁਰ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜਿਲ੍ਹਾ ਕੋਆਰਡੀਨੇਟਰ ਵਨੀਤ ਮਹਾਜਨ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੇ ਮਿਆਰ ਨੂੰ ਹੋਰ ਗੁਣਾਤਮਕ ਬਣਾਉਣ ਲਈ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਿਉਂਤਬੰਦੀ ਕਰਨ ਅਤੇ ਉਸ ਵਿਉਂਤਬੱਧੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ।

ਉਨ੍ਹਾਂ ਪ੍ਰੀ-ਪ੍ਰਾਇਮਰੀ ਦੇ ਸਪਲੀਮੈਂਟਰੀ ਮਟੀਰੀਅਲ ਦੀ ਬਾਖੂਬੀ ਵਰਤੋਂ, ਵਿਦਿਆਰਥੀਆਂ ਅੰਦਰ ਕਿਤਾਬਾਂ ਪੜ੍ਹਨ ਦੀ ਰੁਚੀ ਵਿਕਸਤ ਕਰਨ, ਸਮਾਰਟ ਸਕੂਲਾਂ ਅਤੇ ਅੰਗਰੇਜ਼ੀ ਮਾਧਿਅਮ ਸਕੂਲਾਂ ਵੱਲ ਧਿਆਨ ਕੇਂਦਰਿਤ ਕਰਨ, ਸਕੂਲ ਵਿਜਟ ਦੌਰਾਨ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਬਾਰੇ ਚਰਚਾ ਕੀਤੀ। ਇਸ ਮੌਕੇ ਤੇ ਬੀਪੀਈਓ ਕੁਲਦੀਪ ਸਿੰਘ, ਬੀਪੀਈਓ ਰਾਕੇਸ ਠਾਕੁਰ, ਸੀਐਚਟੀ ਨੰਦ ਲਾਲ, ਸੀਐਚਟੀ ਤਿਲਕ ਰਾਜ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here