ਪੰਜਾਬ ਸਰਕਾਰ ਵੱਲੋਂ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਲਈ 469 ਕਰੋੜ ਦੀ ਬਕਾਇਆ ਰਾਸ਼ੀ ਜਾਰੀ 

ਚੰਡੀਗੜ(ਦਾ ਸਟੈਲਰ ਨਿਊਜ਼)।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਵੱਖ-ਵੱਖ ਸਕੀਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੀ ਬਕਾਇਆ ਅਦਾਇਗੀ ਲਈ 469 ਕਰੋੜ ਰੁਪਏ ਜਾਰੀ ਕਰਨ ਤੋਂ ਇਲਾਵਾ ਸੂਬੇ ਦੇ ਖਜ਼ਾਨੇ ਵਿੱਚ ਵੈਟ/ਜੀ.ਐਸ.ਟੀ. ਰਿਫੰਡ ਦੇ ਸਮੁੱਚੇ ਬਕਾਏ ਦਾ ਨਿਪਟਾਰਾ ਕਰ ਦਿੱਤਾ ਹੈ। ਇਹ ਫੰਡ ਸਥਾਨਕ ਸਰਕਾਰਾਂ ਅਤੇ ਸਿੱਖਿਆ ਵਿਭਾਗਾਂ ਦੇ ਨਾਲ-ਨਾਲ ਸਮਾਜਿਕ ਸੁਰੱਖਿਆ ਪੈਨਸ਼ਨਾਂ ਨਾਲ ਸਬੰਧਤ ਹਨ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਇਹ ਫੰਡ ਜਾਰੀ ਕੀਤੇ ਗਏ ਹਨ ਜਿਸ ਦਾ ਮਕਸਦ ਮੁੱਖ ਖੇਤਰਾਂ ਵਿੱਚ ਵਿਕਾਸ ਦੀ ਗਤੀ ਵਿੱਚ ਹੋਰ ਤੇਜ਼ੀ ਲਿਆਉਣਾ ਹੈ।

Advertisements

ਕੁੱਲ ਰਾਸ਼ੀ ਵਿੱਚੋਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ਚੱਲ ਰਹੇ ਵਿਕਾਸ ਕੰਮਾਂ ਲਈ 188 ਕਰੋੜ ਰੁਪਏ ਜਦਕਿ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ ਲਾਭਪਾਤਰੀਆਂ ਲਈ 138 ਕਰੋੜ ਜਾਰੀ ਕੀਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀਆ ਮਾਧਮਿਕ ਸਿਖਸ਼ਾ ਅਭਿਆਨ (ਰਮਸਾ) ਅਤੇ ਮਿਡ ਡੇ ਮੀਲ ਸਕੀਮਾਂ ਤਹਿਤ ਸਿੱਖਿਆ ਵਿਭਾਗ ਨੂੰ 77 ਕਰੋੜ ਰੁਪਏ ਜਾਰੀ ਕੀਤੇ ਗਏ ਹਨ।   ਬੁਲਾਰੇ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਵੈਟ ਰਿਫੰਡ ਲਈ 62 ਕਰੋੜ ਅਤੇ ਜੀ.ਐਸ.ਟੀ. ਲਈ 4 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਜਿਸ ਨਾਲ ਖਜ਼ਾਨੇ ਵਿੱਚ ਸਮੁੱਚੇ ਬਕਾਏ ਦਾ ਨਿਪਟਾਰਾ ਹੋ ਗਿਆ ਹੈ।

ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਸੁੱਚਜੇ ਪ੍ਰਬੰਧਾਂ ਰਾਹੀਂ ਖਰਚੇ ਘਟਾਉਣ ਬਾਰੇ ਸਮੇਂ-ਸਮੇਂ ‘ਤੇ ਹਦਾਇਤਾਂ ਕੀਤੀਆਂ ਹਨ ਤਾਂ ਕਿ ਸੂਬੇ ਦੀ ਵਿੱਤੀ ਸਥਿਤੀ ਹੋਰ ਮਜ਼ਬੂਤ ਬਣਾਈ ਜਾ ਸਕੇ ਜੋ ਪਹਿਲਾਂ ਹੀ ਲੀਹ ‘ਤੇ ਪਈ ਹੋਈ ਹੈ।

LEAVE A REPLY

Please enter your comment!
Please enter your name here