ਪਠਾਨਕੋਟ: ਸਿੱਖਿਆ ਵਿਭਾਗ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਟ੍ਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਆਯੋਜਿਤ

ਪਠਾਨਕੋਟ(ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਟ੍ਰੈਫ਼ਿਕ ਐਜੂਕੇਸ਼ਨ ਸੈਲ, ਪਠਾਨਕੋਟ ਪੁਲਿਸ ਦੇ ਸਹਿਯੋਗ ਨਾਲ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਵਿਸ਼ੇ ਤੇ ਇਕ ਸੈਮੀਨਾਰ ਮਹਾਰਾਣਾ ਪ੍ਰਤਾਪ ਸਕੂਲ ਸੁਜਾਨਪੁਰ ਵਿਖੇ ਕਰਵਾਇਆ ਗਿਆ। ਸੈਮੀਨਾਰ ਵਿੱਚ ਟ੍ਰੈਫਿਕ ਮਾਰਸਲ ਵਿਜੇ ਪਾਸੀ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ, ਟ੍ਰੈਫਿਕ ਪੁਲਿਸ ਏਐਸਆਈ ਜਗਤਾਰ ਸੈਣੀ, ਪ੍ਰਦੀਪ ਕੁਮਾਰ, ਅੰਕੁਰ, ਮਨਜੀਤ ਸਿੰਘ, ਚੈਅਰਮੈਨ ਅਵਤਾਰ ਸਿੰਘ, ਪਿ੍ਰੰਸੀਪਲ ਰਾਮ ਮੂਰਤੀ, ਸੰਜੀਵ ਸਰਮਾਂ ਵਿਸੇਸ ਮਹਿਮਾਨ ਵਜੋਂ ਸਾਮਲ ਹੋਏ। ਸੈਮੀਨਾਰ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਲਟੀਮੀਡੀਆ ਰਾਹੀਂ ਟ੍ਰੈਫ਼ਿਕ ਨਿਯਮਾਂ ਸਬੰਧੀ ਬਹੁਤ ਹੀ ਦਿਲਚਸਪ ਢੰਗ ਨਾਲ ਜਾਣਕਾਰੀ ਮੁਹੱਈਆ ਕਰਵਾਈ।

Advertisements

ਮੁੱਖ ਵਕਤਾ ਵਿਜੇ ਪਾਸੀ ਨੇ ਕਿਹਾ ਕਿ ਹੈਲਮੈਟ ਪਾਉਣਾ, ਸੇਫ਼ਟੀ ਬੈਲਟ ਲਾਉਣਾ, ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨਾ, ਰਾਤ ਦੇ ਸਮੇਂ ਸ਼ਹਿਰ ਦੇ ਅੰਦਰ ਗੱਡੀਆਂ ਲੋਅ ਬੀਮ ਲਾਈਟਾਂ ਤੇ ਚਲਾਉਣਾ, ਮਾਨਵ ਰਹਿਤ ਫਾਟਕਾਂ ਨੂੰ ਪਾਰ ਕਰਦੇ ਸਮੇਂ ਸਾਵਧਾਨੀ ਵਰਤਣੀ ਅਤੇ ਬੰਦ ਫ਼ਾਟਕ ਤੇ ਖੱਬੇ ਪਾਸੇ ਖੜ੍ਹਨਾ ਆਦਿ ਸਾਵਧਾਨੀਆਂ ਨੂੰ ਅਪਣਾ ਕੇ ਸੜਕ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਨੂੰ ਹਰ ਸਮੇਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਸ ਮੌਕੇ ਕਾਲਜ ਦੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਨੇ ਕਿਹਾ ਕਿ ਮਨੁੱਖੀ ਜੀਵਨ ਅਨਮੋਲ ਹੈ। ਅਸੀਂ ਟ੍ਰੈਫ਼ਿਕ ਨਿਯਮਾਂ ਦੀ ਉਲੰੰਘਣਾ ਕਰਕੇ ਹਾਦਸਿਆਂ ਨੂੰ ਸੱਦਾ ਦਿੰਦੇ ਹਾਂ ਅਤੇ ਆਪਣੀ ਤੇ ਦੂਜਿਆਂ ਦੀ ਕੀਮਤੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹਾਂ। ਉਨ੍ਹਾਂ ਵਿਦਿਆਥੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫ਼ਿਕ ਨਿਯਮਾਂ ਸਬੰਧੀ ਵਧ ਤੋਂ ਵਧ ਜਾਣਕਾਰੀ ਹਾਸਲ ਕਰਕੇ ਇਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਸ ਸਬੰਧੀ ਚੇਤੰਨ ਕਰਨ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਹਨਾਂ ਨੇ ਵਿਦਿਆਰਥੀਆਂ ਤੋਂ ਪ੍ਰਣ ਲਿਆ ਕਿ ਉਹ ਜੀਵਨ ਵਿੱਚ ਟ੍ਰੈਫ਼ਿਕ ਨਿਯਮਾਂ ਦਾ ਪੂਰੀ ਪ੍ਰਤੀਬੱਧਤਾ ਨਾਲ ਪਾਲਣ ਕਰਨਗੇ।

ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਵਾਤਾਵਰਨ ਬਚਾਉਣਾ, ਨਸ਼ਿਆਂ ਦੇ ਕੋਹੜ ਤੋਂ ਪੰਜਾਬ ਨੂੰ ਮੁਕਤ ਕਰਨਾ ਅਤੇ ਸੜਕ ਹਾਦਸਿਆਂ ਵਿਚ ਹੁੰਦੇ ਜਾਨੀ-ਮਾਲੀ ਨੁਕਸਾਨ ਤੋਂ ਦੇਸ਼ ਵਾਸੀਆਂ ਨੂੰ ਬਚਾਉਣਾ ਸਾਡੇ ਸਾਹਮਣੇ ਤਿੰਨ ਮੁੱਖ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ 17 ਤੋਂ 45 ਸਾਲ ਦੇ ਆਯੂ ਗੁੱਟ ਦੇ ਵਿਅਕਤੀ ਹੀ ਜ਼ਿਆਦਾਤਰ ਸੜਕੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਇਹ ਹੀ ਉਮਰ ਜਿੰਦਗੀ ਦਾ ਬਿਹਤਰੀਨ ਸਮਾਂ ਹੁੰਦੀ ਹੈ ਜਦੋਂ ਇਨਸਾਨ ਆਪਣੇ ਲਈ ਅਤੇ ਦੂਜਿਆਂ ਲਈ ਕੁਝ ਕਰ ਸਕਣ ਦੇ ਸਮਰੱਥ ਹੁੰਦਾ ਹੈ। ਅਜਿਹੇ ਸਮੇਂ ਹਾਦਸਿਆਂ ਵਿਚ ਅਣਿਆਈ ਮੌਤ ਨਾਲ ਵਿਅਕਤੀ ਦਾ ਆਪਣਾ, ਉਸ ਦੇ ਪਰਿਵਾਰ ਦਾ ਅਤੇ ਸਮਾਜ ਦਾ ਬਹੁਤ ਨੁਕਸਾਨ ਹੁੰਦਾ ਹੈ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਪੁੱਛੇ ਪ੍ਰਸ਼ਨਾਂ ਦੇ ਵਿਦਵਾਨ ਵਕਤਾ ਨੇ ਤਸੱਲੀਬਖ਼ਸ਼ ਜਵਾਬ ਦਿੱਤੇ। । ਮੰਚ ਸੰਚਾਲਨ ਦਾ ਕਾਰਜ ਪ੍ਰੋਗਰਾਮ ਅਫ਼ਸਰ ਸੰਜੀਵ ਸਰਮਾਂ ਨੇ ਬਾਖੂਬੀ ਨਿਭਾਇਆ। ਇਸ ਮੌਕੇ ਤੇ ਕਮਲ ਕਿਸੋਰ, ਕਮਲ ਸਰਮਾ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।  

LEAVE A REPLY

Please enter your comment!
Please enter your name here