ਡਿਪਟੀ ਕਮਿਸ਼ਨਰ ਵੱਲੋਂ ਸਮੁੱਚੇ 26 ਸੇਵਾ ਕੇਂਦਰਾਂ ‘ਤੇ ਆਯੂਸ਼ਮਾਨ ਭਾਰਤ ਈ-ਕਾਰਡ ਸੇਵਾ ਦੀ ਸ਼ੁਰੂਆਤ

ਜਲੰਧਰ (ਦ ਸਟੈਲਰ ਨਿਊਜ਼)। ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸਮੂਹ ਯੋਗ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਜਾਰੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ ਜ਼ਿਲ੍ਹੇ ਦੇ ਸਮੁੱਚੇ 26 ਟਾਈਪ-2 ਸੇਵਾ ਕੇਂਦਰਾਂ ਵਿੱਚ ਈ-ਕਾਰਡ ਬਣਾਉਣ ਦੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਕਤ ਸੇਵਾ ਕੇਂਦਰਾਂ ਵਿੱਚ ਈ-ਕਾਰਡ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 262520 ਪਰਿਵਾਰ ਇਸ ਸਕੀਮ ਅਧੀਨ 5 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਇਲਾਜ ਦਾ ਲਾਭ ਲੈਣ ਦੇ ਯੋਗ ਹਨ।  ਉਨ੍ਹਾਂ ਲੋਕਾਂ ਨੂੰ ਇਸ ਸਕੀਮ ਅਧੀਨ ਆਪਣਾ ਨਾਮ ਦਰਜ ਕਰਵਾਉਣ ਲਈ ਸੇਵਾ ਕੇਂਦਰਾਂ, ਸੀਐਸਸੀ ਅਤੇ ਸਰਕਾਰੀ ਸਿਹਤ ਸੰਭਾਲ ਸੰਸਥਾਵਾਂ ਵਿੱਚ ਆਪਣਾ ਅਧਾਰ ਕਾਰਡ ਨਾਲ ਲੈ ਕੇ ਜਾਣ ਦੀ ਅਪੀਲ ਕੀਤੀ।

Advertisements

ਉਨ੍ਹਾਂ ਦੱਸਿਆ ਕਿ ਈ-ਕਾਰਡ ਜਨਰੇਸ਼ਨ ਸੇਵਾਵਾਂ ਬੀ.ਡੀ.ਪੀ.ਓ ਦਫ਼ਤਰ ਆਦਮਪੁਰ ਨੇੜੇ, ਬੱਸ ਸਟੈਂਡ ਅਲਾਵਲਪੁਰ ਨੇੜੇ, ਪਟਵਾਰਖਾਨਾ ਫਿਲੌਰ ਦੇ ਪਿਛਲੇ ਪਾਸੇ, ਬੱਸ ਸਟੈਂਡ ਨਕੋਦਰ ਦੇ ਪਿਛਲੇ ਪਾਸੇ, ਬੜਾ ਪਿੰਡ ਰੋਡ ਗੁਰਾਇਆ, ਬਸਤੀ ਮਿੱਠੂ, ਭੋਗਪੁਰ, ਦੁਸ਼ਹਿਰਾ ਗਰਾਊਂਡ ਸ਼ਾਹਕੋਟ, ਈਓਸੀਪੀ ਨੂਰਮਹਿਲ, ਗੋਂਸੇ ਮੁਹੱਲਾ, ਨਕੋਦਰ, ਗੁਰੂ ਅਮਰਦਾਸ ਕਲੋਨੀ, ਕਰਤਾਰਪੁਰ, ਮੇਜਰ ਰੋਹਿਤ ਸ਼ਰਮਾ ਸਰਕਾਰੀ ਸਕੂਲ, ਮਾਡਲ ਟਾਊਨ, ਨੇੜੇ ਟਿਊਬਵੈੱਲ ਨੰਬਰ 2 ਗੁਰਾਇਆ, ਨਵੀਂ ਸਬਜ਼ੀ ਮੰਡੀ, ਮਕਸੂਦਾਂ, ਪਰਮਿੰਦਰ ਹਸਪਤਾਲ ਹੁਸ਼ਿਆਰਪੁਰ ਰੋਡ ਦੇ ਸਾਹਮਣੇ, ਫੁੱਲ ਰੋਡ ਲੋਹੀਆਂ, ਪ੍ਰਾਇਮਰੀ ਹੈਲਥ ਸੈਂਟਰ ਮਹਿਤਪੁਰ, ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਗੜ੍ਹਾ ਰੋਡ, ਸੁਵਿਧਾ ਸੈਂਟਰ ਐਸ.ਡੀ.ਐਮ ਦਫ਼ਤਰ ਨਕੋਦਰ, ਸੁਵਿਧਾ ਸੈਂਟਰ ਐਸ.ਡੀ.ਐਮ. ਦਫ਼ਤਰ ਫਿਲੌਰ, ਆਰ.ਓ.ਬੀ. ਦਮੋਰੀਆ ਪੁਲ ਹੇਠਲੇ ਸੇਵਾ ਕੇਂਦਰ, ਪਿੰਡ ਢਿੱਲਵਾਂ ਨੇੜੇ ਐਲੀਮੈਂਟਰੀ ਸਕੂਲ ਪਿੰਡ ਖੁਰਲਾ ਕਿੰਗਰਾ ਰੋਡ, ਸਰਕਾਰੀ ਹਾਈ ਸਕੂਲ ਪਿੰਡ ਕੋਟ ਸਾਦਿਕ ਦੇ ਸਾਹਮਣੇ ਅਤੇ ਪਿੰਡ ਲੱਦੇਵਾਲੀ ਸਮੇਤ ਸਮੁੱਚੇ 26 ਟਾਈਪ-2 ਸੇਵਾ ਕੇਂਦਰਾਂ ਵਿੱਚ ਈ-ਕਾਰਡ ਬਣਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਈ-ਕਾਰਡ ਜਨਰੇਸ਼ਨ ਸੇਵਾਵਾਂ ਜਲਦੀ ਹੀ 26 ਫਰਵਰੀ ਤੋਂ ਟਾਈਪ -3 ਸ਼੍ਰੇਣੀ ਦੇ ਬਾਕੀ 6 ਸੇਵਾ ਕੇਂਦਰਾਂ ਵਿੱਚ ਵੀ ਸ਼ੁਰੂ ਹੋ ਜਾਣਗੀਆਂ।

ਉਨ੍ਹਾਂ ਸੇਵਾ ਕੇਂਦਰ ਆਪ੍ਰੇਟਰਾਂ ਨੂੰ ਹਦਾਇਤ ਕੀਤੀ ਕਿ ਉਹ ਈ-ਕਾਰਡ ਬਣਾਉਣ ਵਿਚ ਜਲੰਧਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਤੋਂ ਇਲਾਵਾ ਇਸ ਸਕੀਮ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਯਤਨ ਕਰਨ। ਡਿਪਟੀ ਕਮਿਸ਼ਨਰ ਨੇ ਸਭ ਤੋਂ ਵੱਧ ਈ-ਕਾਰਡ ਬਣਾਉਣ ਵਿੱਚ ਸਰਬਓਤਮ ਪ੍ਰਦਰਸ਼ਨ ਕਰਨ ਵਾਲੇ ਆਪਰੇਟਰਾਂ ਨੂੰ ਇਨਾਮ ਅਤੇ ਸਨਮਾਨ ਦੇਣ ਦਾ ਐਲਾਨ ਵੀ ਕੀਤਾ। ਨਾਲ ਹੀ ਉਨ੍ਹਾਂ ਗਵਰਨੈਂਸ ਰਿਫਾਰਮ ਵਿਭਾਗ ਦੇ ਅਧਿਕਾਰੀਆਂ ਨੂੰ ਹਰੇਕ ਆਪ੍ਰੇਟਰ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਨ ਲਈ ਇਕ ਸਿਸਟਮ ਵਿਕਸਤ ਕਰਨ ਵੀ ਕਿਹਾ।

ਇਸ ਦੌਰਾਨ ਉਨ੍ਹਾਂ ਸੇਵਾ ਕੇਂਦਰਾਂ ਦੀ ਪੈਂਡੈਂਸੀ ਦਾ ਵੀ ਜਾਇਜ਼ਾ ਲਿਆ ਅਤੇ ਮੌਜੂਦਾ ਪੈਂਡੈਂਸੀ ਰੇਟ 0.02 ਪ੍ਰਤੀਸ਼ਤ ‘ਤੇ ਸੰਤੁਸ਼ਟੀ ਜ਼ਾਹਰ ਕੀਤੀ, ਜੋ ਕਿ ਰਾਜ ਵਿਚ ਸਭ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਤੋਂ 201897 ਦੇ ਕਰੀਬ ਵਿਅਕਤੀਆਂ ਨੂੰ ਵੱਖ-ਵੱਖ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਾਪਤ ਹੋਈਆਂ ਹਨ ਅਤੇ ਸਿਰਫ਼ 46 ਅਰਜ਼ੀਆਂ ਪੈਂਡਿੰਗ ਹਨ। ਉਨ੍ਹਾਂ ਆਪ੍ਰੇਟਰਾਂ ਪੈਂਡੈਂਸੀ ਨੂੰ ਜ਼ੀਰੋ ਦੇ ਅੰਕੜੇ ਤੱਕ ਲਿਆਉਣ ਲਈ ਹੋਰ ਉਪਰਾਲੇ ਕਰਨ ਲਈ ਕਿਹਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਟੀਸੀ ਹਤਿੰਦਰ ਮਲਹੋਤਰਾ, ਡੀਈਜੀਸੀ ਗੁਰਪ੍ਰੀਤ ਸਿੰਘ, ਬੀਐਲਐਸ ਦੇ ਜ਼ੋਨਲ ਮੁਖੀ ਅਨਿਲ ਸ਼ਰਮਾ, ਆਪ੍ਰੇਸ਼ਨ ਹੈੱਡ ਅੰਬਰੀਸ਼ ਸਕਸੈਨਾ, ਡੀਐਮ ਸੇਵਾ ਕੇਂਦਰ ਹਰਪ੍ਰੀਤ ਸਿੰਘ, ਏਡੀਐਮ ਬਹਾਦਰ ਸਿੰਘ, ਮਾਸਟਰ ਟ੍ਰੇਨਰ ਜਸਪ੍ਰੀਤ ਸਿੰਘ ਅਤੇ ਸਮੂਹ ਸੇਵਾ ਕੇਂਦਰਾਂ ਦੇ ਸੰਚਾਲਕ ਮੌਜੂਦ ਸਨ।

LEAVE A REPLY

Please enter your comment!
Please enter your name here