ਜਲੰਧਰ: ਵਧੀਕ ਡਿਪਟੀ ਕਮਿਸ਼ਨਰ ਸਾਰੰਗਲ ਵੱਲੋਂ ਗਰਮੀ ਰੁੱਤ ਦੇ ਸਬਜ਼ੀ ਬੀਜਾਂ ਦੀ ਕਿੱਟ ਜਾਰੀ

ਜਲੰਧਰ (ਦ ਸਟੈਲਰ ਨਿਊਜ਼)। ਖਾਦਾਂ ਅਤੇ ਹੋਰ ਕੀਟਨਾਸ਼ਕ ਦਵਾਈਆਂ ਤੋਂ ਬਗੈਰ ਹਰ ਪਰਿਵਾਰ ਨੂੰ ਤੰਦਰੁਸਤ ਰਹਿਣ ਲਈ ਤਾਜ਼ੀਆਂ ਸਬਜ਼ੀਆਂ ਦੀ ਪੈਦਾਵਾਰ ਆਪਣੀ ਘਰੇਲੂ ਬਗ਼ੀਚੀ ਵਿੱਚ ਜੈਵਿਕ ਢੰਗ ਨਾਲ ਕਰਨੀ ਚਾਹੀਦੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਬਾਗ਼ਬਾਨੀ ਵਿਭਾਗ ਵੱਲੋਂ ਗਰਮੀ ਰੁੱਤ ਦੀਆਂ ਸਬਜ਼ੀ ਦੇ ਬੀਜਾਂ ਦੀ ਕਿੱਟ ਜਾਰੀ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਵਿੱਚ ਤੰਦਰੁਸਤ ਰਹਿਣ ਲਈ ਸੰਤੁਲਿਤ ਖ਼ੁਰਾਕ, ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਲੋੜੀਂਦੇ ਖ਼ੁਰਾਕੀ ਤੱਕ ਮੌਜੂਦ ਹੋਣ, ਦਾ ਸੇਵਨ ਕਰਨਾ ਬਹੁਤ ਹੀ ਜ਼ਰੂਰੀ ਹੈ।

Advertisements

ਸ਼੍ਰੀ ਸਾਰੰਗਲ ਨੇ ਦੱਸਿਆ ਕਿ ਘਰੇਲੂ ਬਗ਼ੀਚੀ ਵਿੱਚ ਖਾਦਾਂ ਰਹਿਤ ਸਬਜ਼ੀਆਂ ਦੀ ਪੈਦਾਵਾਰ ਕਰਕੇ ਇਨ੍ਹਾਂ ਦੀ ਖ਼ਰੀਦ ’ਤੇ ਆਉਣ ਵਾਲਾ ਖ਼ਰਚ ਵੀ ਬਚਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਬਾਗ਼ਬਾਨੀ ਵਿਭਾਗ ਵੱਲੋਂ ਲੋਕਾਂ ਨੂੰ ਆਰਗੈਨਿਕ ਸਬਜ਼ੀਆਂ ਦੀ ਪੈਦਾਵਾਰ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਾਗ਼ਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।ਇਸ ਮੌਕੇ ਡਾ. ਵਿਪਨ ਚੰਦਰ ਪਠਾਨੀਆ ਡਿਪਟੀ ਡਾਇਰੈਕਟਰ ਬਾਗਬਾਨੀ ਜਲੰਧਰ ਨੇ ਦੱਸਿਆ ਕਿ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਪੰਜਾਬ ਭਰ ਲਈ 40,000 ਕਿੱਟਾਂ ਤਿਆਰ ਕਰ ਕੇ ਭੇਜੀਆਂ ਗਈਆਂ ਹਨ, ਜੋ ਕਿ ਬਾਗ਼ਬਾਨੀ ਵਿਭਾਗ ਦੇ ਦਫ਼ਤਰਾਂ ਤੋਂ 80 ਰੁਪਏ ਦੀ ਕੀਮਤ ’ਤੇ ਖਰੀਦੀ ਜਾ ਸਕਦੀ ਹੈ।

ਡਾ. ਭਜਨ ਸਿੰਘ ਸੈਣੀ ਸਹਾਇਕ ਡਾਇਰੈਕਟਰ ਬਾਗ਼ਬਾਨੀ ਜਲੰਧਰ ਅਤੇ ਡਾ. ਸੁਖਦੀਪ ਸਿੰਘ ਹੁੰਦਲ ਸਹਾਇਕ ਡਾਇਰੈਕਟਰ ਬਾਗ਼ਬਾਨੀ-ਕਮ-ਨੋਡਲ ਅਫ਼ਸਰ ਘਰੇਲੂ ਬਗ਼ੀਚੀ ਪੰਜਾਬ ਨੇ ਦੱਸਿਆ ਕਿ ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸੰਤੁਲਿਤ ਖੁਰਾਕ ਵਿੱਚ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 85 ਗ੍ਰਾਮ ਦਾਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿੱਟ ਵਿਚਲੇ 11 ਤਰ੍ਹਾਂ ਦੀਆਂ ਸਬਜ਼ੀ ਦੇ ਬੀਜਾਂ ਨੂੰ ਬੀਜ ਕੇ ਇਕ ਪਰਿਵਾਰ ਆਪਣੀ ਛੇ ਮਹੀਨਿਆਂ ਦੀ ਸਬਜ਼ੀ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕਦਾ ਹੈ।

ਡਾ.ਸੁਖਵਿੰਦਰ ਸਿੰਘ ਥਿੰਦ ਐਚ.ਡੀ.ਓ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿੱਚ ਇਹ ਕਿੱਟ ਬਾਗ਼ਬਾਨੀ ਵਿਭਾਗ ਦੇ ਬਲਾਕ ਦਫ਼ਤਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਆਤਮਾ ਸਕੀਮ ਤਹਿਤ ਵਿਸ਼ੇਸ਼ ਸਿਖਲਾਈ ਕੈਂਪ ਵੀ ਲਗਾਏ ਜਾ ਰਹੇ ਹਨ।

LEAVE A REPLY

Please enter your comment!
Please enter your name here