ਵਿਦਿਆਰਥੀਆਂ ਦੀ ਪ੍ਰੀ-ਬੋਰਡ ਪ੍ਰੀਖਿਆ ਕਾਰਗੁਜ਼ਾਰੀ ਬਾਰੇ ਮਾਪਿਆਂ ਨੂੰ ਦਿੱਤੀ ਜਾਵੇਗੀ ਜਾਣਕਾਰੀ: ਸੰਜੀਵ ਗੌਤਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੀਟਿੰਗਾਂ ਕਰਕੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਿਹਤਰ ਬਣਾਉਣ ਦੇ ਉਪਰਾਲੇ ਲਗਾਤਾਰ ਜਾਰੀ ਹਨ।ਫਰਵਰੀ ਮਹੀਨੇ ਦੌਰਾਨ ਸਮੂਹ ਸਰਕਾਰੀ ਸਕੂਲਾਂ ਦੇ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਵਿਸ਼ਾਵਾਰ ਪ੍ਰੀ-ਬੋਰਡ ਮੁਲਾਂਕਣ ਕਰਵਾਇਆ ਗਿਆ। ਇਸ ਮੁਲਾਂਕਣ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਉਣ ਅਤੇ ਸਾਲਾਨਾ ਪ੍ਰੀਖਿਆਵਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਦੇ ਉਦੇਸ਼ ਨਾਲ 2 ਮਾਰਚ ਨੂੰ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।

Advertisements

ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸ. ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਮੂਹ 1228 ਪ੍ਰਾਇਮਰੀ ਸਕੂਲਾਂ ਵਿੱਚ ਕਰਵਾਈ ਜਾ ਰਹੀ ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੀ ਪ੍ਰੀ-ਬੋਰਡ ਪ੍ਰੀਖਿਆ ਕਾਰਗੁਜ਼ਾਰੀ ਤੋਂ ਜਾਣੂ ਕਰਵਾ ਕੇ ਵਿਦਿਆਰਥੀਆਂ ਦੇ ਬਿਹਤਰ ਅਤੇ ਕਮਜ਼ੋਰ ਪੱਖਾਂ ਬਾਰੇ ਵਿਸਥਾਰ ‘ਚ ਵਟਾਂਦਰਾ ਕੀਤਾ ਜਾਵੇਗਾ ਤਾਂ ਕਿ ਮਿਸ਼ਨ ਸ਼ਤ ਪ੍ਰਤੀਸ਼ਤ ਅਧੀਨ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਸਮੂਹ ਵਿਦਿਆਰਥੀਆਂ ਦੀ ਸਫ਼ਲਤਾ ਯਕੀਨੀ ਬਣਾਈ ਜਾ ਸਕੇ।ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਮਾਪੇ-ਅਧਿਆਪਕ ਮਿਲਣੀ ਸਬੰਧੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਇਹ ਸਕਾਰਾਤਮਕ ਪ੍ਰਭਾਵ ਵਾਲੀ ਹੋਵੇ।

ਅਧਿਕਾਰੀਆਂ ਨੇ ਅੱਗੇ ਕਿਹਾ ਕਿ ਕੋਵਿਡ-19 ਮਹਾਂਮਾਰੀ ਸਬੰਧੀ ਜਾਰੀ ਸਰਕਾਰੀ ਹਦਾਇਤਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਬਾਰੇ ਗੱਲਬਾਤ ਕਰਨ ਦੇ ਨਾਲ ਨਾਲ ਸਾਲਾਨਾ ਇਮਤਿਹਾਨਾਂ ਦੀ ਡੇਟਸ਼ੀਟ ਵੀ ਮਾਪਿਆਂ ਨੂੰ ਨੋਟ ਕਰਵਾਈ ਜਾਵੇਗੀ। ਇਸ ਤੋਂ ਇਲਾਵਾ 26 ਤੋਂ 31 ਮਾਰਚ 2021 ਤੱਕ ਕਰਵਾਏ ਜਾਣ ਵਾਲੇ ‘ਬਾਲ-ਪ੍ਰਤਿਭਾ ਮੇਲਿਆਂ’ ਬਾਰੇ ਜਾਣਕਾਰੀ ਦੇਣਾ, ਸੈਸ਼ਨ 2021-22 ਲਈ ਸਕੂਲਾਂ ਵਿੱਚ ਦਾਖ਼ਲਾ ਸ਼ੁਰੂ ਹੋਣ ਸਬੰਧੀ ਮਾਪਿਆਂ ਨੂੰ ਦੱਸਣਾ ਤਾਂ ਜੋ ਆਲ਼ੇ-ਦੁਆਲੇ ਵਿੱਚ ਇਸ ਸਬੰਧੀ ਪ੍ਰਚਾਰ ਹੋ ਸਕੇ, ਬੱਚਿਆਂ ਦੀ ਬਿਹਤਰ ਪੜ੍ਹਾਈ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਕੂਲ ਵਿੱਚ ਉਪਲੱਬਧ ਸਹੂਲਤਾਂ (ਪ੍ਰੋਜੈਕਟਰ, ਐੱਲ.ਈ.ਡੀ., ਮੁਫ਼ਤ ਕਿਤਾਬਾਂ, ਸਪਲੀਮੈਂਟਰੀ ਕਿਤਾਬਾਂ ਆਦਿ) ਬਾਰੇ ਮਾਪਿਆਂ ਅਤੇ ਕਮਿਊਨਟੀ  ਨੂੰ ਜਾਣੂ ਕਰਵਾਉਣਾ, ਸਕੂਲ ਦੀਆਂ ਚੰਗੀਆਂ ਗਤੀਵਿਧੀਆਂ ਨੂੰ ਪ੍ਰੋਜੈਕਟਰ ਰਾਹੀਂ ਮਾਪਿਆਂ ਨਾਲ ਸਾਂਝਾ ਕਰਨਾ, ਮਾਪਿਆਂ ਨੂੰ ਸਕੂਲ ਵਿਜ਼ਿਟ ਕਰਵਾਉਣਾ ਅਤੇ ਸਕੂਲ ਵਿੱਚ ਕੀਤੇ ਗਏ ਨਿਵੇਕਲੇ ਕੰਮਾਂ ਦੀ ਜਾਣਕਾਰੀ ਦੇਣਾ ਅਤੇ ਬੱਚਿਆਂ ਦੀ ਸੁੰਦਰ ਲਿਖਾਈ ਦੇ ਨਮੂਨੇ ਮਾਪਿਆਂ ਨੂੰ ਦਿਖਾਉਣਾ ਸ਼ਾਮਲ ਹੈ।

ਇਸ ਦੌਰਾਨ ਮਾਪਿਆਂ ਦੇ ਨਾਲ ਨਾਲ ਪੰਚਾਇਤਾਂ, ਆਂਗਨਵਾੜੀ ਵਰਕਰਾਂ, ਯੂਥ ਕਲੱਬ ਦੇ ਮੈਂਬਰਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਹੋਰ ਪਤਵੰਤੇ ਲੋਕਾਂ ਤੱਕ ਪਹੁੰਚ ਕਰਨ ਦਾ ਵੀ ਟੀਚਾ ਰੱਖਿਆ ਗਿਆ ਹੈ। ਹਰਮਿੰਦਰਪਾਲ ਸਿੰਘ ਜਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ ਨੇ ਦੱਸਿਆ ਕਿ ਸਮੂਹ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮ ਮੈਂਬਰ ਇਸ ਮਾਪੇ-ਅਧਿਆਪਕ ਮਿਲਣੀ ਵਿੱਚ ਆਪ ਵੀ ਭਾਗ ਲੈਂਦੇ ਹੋਏ ਅਧਿਆਪਕਾਂ ਦਾ ਸਹਿਯੋਗ ਕਰਨਗੇ ਅਤੇ ਇਹਨਾਂ ਮਿਲਣੀਆਂ ਸਬੰਧੀ ਇਕੱਤਰ ਡਾਟੇ ਨੂੰ ਸਿੱਖਿਆ ਦਰਪਣ ਐਪ ਵਿੱਚ ਨਿਰਧਾਰਿਤ ਪ੍ਰੋਫਾਰਮੇ ਵਿੱਚ ਭਰਨ ਦਾ ਕੰਮ ਕਰਨਗੇ।

LEAVE A REPLY

Please enter your comment!
Please enter your name here