ਪਿੰਗਲਾ ਘਰ ’ਚ ਯੂ.ਡੀ.ਆਈ.ਡੀ.ਕਾਰਡ ਸਕੀਮ ਤਹਿਤ ਲਗਾਏ ਗਏ ਸਪੈਸ਼ਲ ਕੈਂਪ ਦੌਰਾਨ 33 ਵਿਅਕਤੀਆਂ ਦੀ ਮੌਕੇ ’ਤੇ ਕੀਤੀ ਗਈ ਰਜਿਸਟਰੇਸ਼ਨ

ਜਲੰਧਰ (ਦ ਸਟੈਲਰ ਨਿਊਜ਼)। ਵਿਲੱਖਣ ਅਪਾਹਜਤਾ ਪਹਿਚਾਣ (ਯੂ.ਡੀ.ਆਈ.ਡੀ.) ਸਕੀਮ ਤਹਿਤ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ ਲਈ ਪਿੰਗਲਾ ਘਰ ਜਲੰਧਰ ਵਿਖੇ ਸਪੈਸ਼ਲ ਕੈਂਪ ਲਗਾਇਆ ਗਿਆ । ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨਾਂ ਕੈਂਪਾਂ ਦੌਰਾਨ ਇਕੋ ਛੱਤ ਹੇਠ ਸਾਰੇ ਯੋਗ ਲਾਭਪਾਤਰੀਆਂ ਨੂੰ ਮੌਕੇ ’ਤੇ ਰਜਿਸਟਰੇਸ਼ਨ ਅਤੇ ਮਾਹਿਰਾਂ ਵਲੋਂ ਡਾਕਟਰੀ ਜਾਂਚ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਭਰ ਵਿੱਚ ਯੂ.ਡੀ.ਆਈ.ਡੀ.ਸਕੀਮ ਤਹਿਤ ਕਾਰਡ ਬਣਾਉਣ ਲਈ ਲੜੀਵਾਰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਜੋ ਕਿ 1 ਅਪ੍ਰੈਲ 2021 ਤੱਕ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ 16 , 18, 23 ਅਤੇ 25 ਮਾਰਚ ਨੂੰ ਸਿਵਲ ਹਸਪਤਾਲ ਅਤੇ ਨਕੋਦਰ 17 ਮਾਰਚ, ਮਹਿਤਪੁਰ 19, ਜਮਸ਼ੇਰ 24 ਮਾਰਚ, ਕਾਰਤਾਰਪੁਰ 26 ਮਾਰਚ ਅਤੇ 1 ਅਪ੍ਰੈਲ ਨੂੰ ਲੋਹੀਆਂ ਖਾਸ ਵਿਖੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਸ੍ਰੀ ਥੋਰੀ ਨੇ ਅੱਗੇ ਦੱਸਿਆ ਕਿ ਅੱਜ ਪਿੰਗਲਾ ਘਰ ਵਿਖੇ ਲਗਾਏ ਗਏ ਸਪੈਸ਼ਲ ਕੈਂਪ ਵਿੱਚ 86 ਲਾਭਪਾਤਰੀਆ ਨੇ ਸ਼ਿਰਕਤ ਕੀਤੀ ਜਿਨਾਂ ਵਿਚੋਂ 33 ਯੋਗ ਲਾਭਪਾਤਰੀਆਂ ਦੀ ਮੌਕੇ ’ਤੇ ਹੀ ਯੂ.ਡੀ.ਆਈ.ਡੀ.ਸਕੀਮ ਤਹਿਤ ਰਜਿਸਟਰੇਸ਼ਨ ਕਰਵਾਈ ਗਈ ਅਤੇ 9 ਹੋਰਨਾਂ ਨੇ ਈ-ਕਾਰਡ ਹਾਸਿਲ ਕੀਤੇ।

Advertisements

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ 43 ਲਾਭਪਾਤਰੀਆਂ ਨੂੰ ਡਾਕਟਰੀ ਜਾਂਚ ਲਈ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਜਿਨਾਂ ਨੂੰ ਡਾਕਟਰੀ ਜਾਂਚ ਤੋਂ ਬਾਅਦ ਯੂ.ਡੀ.ਆਈ.ਡੀ.ਕਾਰਡ ਜਾਰੀ ਕਰ ਦਿੱਤਾ ਜਾਵੇਗਾ। ਸ਼੍ਰੀ ਥੋਰੀ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨਾਂ ਦੀ ਭਲਾਈ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਫਰਜ਼ ਬਣਦਾ ਹੈ ਕਿ ਇਹਨਾਂ ਨੂੰ ਰੋਜ਼ਗਾਰ ਅਤੇ ਸਮਾਜਿਕ ਸੁਰੱਖਿਆ ਦੇ ਸਮਾਨ ਮੌਕੇ ਪ੍ਰਦਾਨ ਕੀਤੇ ਜਾਣ। ਸ਼੍ਰੀ ਥੋਰੀ ਨੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਸੱਦਾ ਦਿੱਤਾ ਕਿ ਯੂ.ਡੀ.ਆਈ.ਡੀ.ਕਾਰਡ ਸਕੀਮ ਤਹਿਤ ਰਜਿਸਟਰੇਸ਼ਨ ਕਰਵਾਉਦ ਲਈ ਆਪਣੇ ਨਾਲ ਅਧਾਰ ਕਾਰਡ, ਵੋਟਰ ਆਈ.ਡੀ. ਕਾਰਡ ਜਾਂ ਉਮਰ ਦੇ ਸਬੂਤ ਦੇ ਹੋਰ ਦਸਤਾਵੇਜ਼ਾਂ ਤੋਂ ਇਲਾਵਾ ਪਾਸਪੋਰਟ ਸਾਈਜ਼ ਦੀ ਫੋਟੋ ਲੈ ਕੇ ਆਉਣ। ਇਸ ਮੌਕੇ ਯੂ.ਡੀ.ਆਈ.ਡੀ.ਕਾਰਡ ਸਕੀਮ ਦੀ ਨੋਡਲ ਅਫ਼ਸਰ ਡਾ.ਅਨੂੰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਸਾਰੇ ਯੋਗ ਲਾਭਪਾਤਰੀਆਂ ਨੂੰ ਇਕੋ ਛੱਤ ਹੇਠ ਮਾਹਿਰਾਂ ਦੇ ਪੈਨਲ ਵਲੋਂ ਸਰੀਰਿਕ ਜਾਂਚ ਤੋਂ ਇਲਾਵਾ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here