ਪਠਾਨਕੋਟ: ਸਮੂਹ ਸਰਕਾਰੀ ਸਕੂਲਾਂ ਨੇ ਗੈਰ-ਬੋਰਡ ਜਮਾਤਾਂ ਦੇ ਨਤੀਜੇ ਐਲਾਨੇ

ਪਠਾਨਕੋਟ(ਦ ਸਟੈਲਰ ਨਿਊਜ਼)। ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਕੋਵਿਡ ਪਾਬੰਦੀਆਂ ਦੇ ਪ੍ਰਭਾਵ ਤੋਂ ਬਚਾਉਣ ਲਈ ਨਾਨ ਬੋਰਡ ਜਮਾਤਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਅਤੇ ਪਹਿਲੀ ਅਪ੍ਰੈਲ ਤੋਂ ਆਨਲਾਈਨ ਜਮਾਤਾਂ ਲਗਾ ਕੇ ਬਕਾਇਦਾ ਪੜ੍ਹਾਈ ਸ਼ੁਰੂ ਕੀਤੀ ਜਾ ਰਹੀ ਹੈ।

Advertisements

ਵਰਨਣਯੋਗ ਹੈ ਕਿ ਸੂਬੇ ‘ਚ ਕੋਰੋਨਾ ਕੇਸਾਂ ‘ਚ ਇਜ਼ਾਫੇ ਨੂੰ ਵੇਖਦਿਆਂ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਸਕੂਲ ਬੰਦ ਕਰਨ ਦੇ ਐਲਾਨ ਨਾਲ ਜਿੱਥੇ ਪੰਜਵੀਂ ਅਤੇ ਗੈਰ-ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਅੱਧ ਵਿਚਕਾਰ ਰੁਕ ਗਈਆਂ ਸਨ, ਉੱਥੇ ਹੀ ਅੱਠਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਨਹੀਂ ਹੋ ਸਕੀਆਂ ਸਨ। ਵਿਦਿਆਰਥੀਆਂ ਦੀ ਅਗਲੇ ਸੈਸ਼ਨ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਗੈਰ-ਬੋਰਡ ਜਮਾਤਾਂ ਦੇ ਨਤੀਜੇ ਪਿਛਲੇ ਸੈਸ਼ਨਾਂ ਵਾਂਗ ਹੀ 31 ਮਾਰਚ ਨੂੰ ਐਲਾਨ ਕੇ ਪਹਿਲੀ ਅਪ੍ਰੈਲ ਤੋਂ ਨਵੇਂ ਸੈਸ਼ਨ ਦੀ ਪੜ੍ਹਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਜਦਕਿ ਬੋਰਡ ਜਮਾਤਾਂ ਦੀ ਪ੍ਰੀਖਿਆ ਤਿਆਰੀ ਪੜ੍ਹਾਈ ਪਹਿਲਾਂ ਵਾਂਗ ਹੀ ਜਾਰੀ ਰਹੇਗੀ।

ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਰਿੰਦਰ ਪਰਾਸਰ, ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਦੇਵ ਰਾਜ ਅਤੇ  ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਗੈਰ ਬੋਰਡ ਜਮਾਤਾਂ ਦਾ ਨਤੀਜਾ ਵਿਭਾਗੀ ਹਦਾਇਤਾਂ ਅਤੇ ਪ੍ਰਕਿ੍ਰਆ ਅਨੁਸਾਰ ਐਲਾਨ ਦਿੱਤਾ ਗਿਆ ਹੈ। ਸਮੂਹ ਸਕੂਲ ‘ਚ ਨਵੇਂ ਵਿੱਦਿਅਕ ਸੈਸ਼ਨ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ ਅਤੇ ਸਰਕਾਰ ਵੱਲੋਂ ਜਾਰੀ ਕੋਵਿਡ ਹਦਾਇਤਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲਗਾਈਆਂ ਜਾਣਗੀਆਂ।  ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਕੋਵਿਡ ਦੇ ਵਧਦੇ ਖਤਰੇ ਬਾਰੇ ਜਾਗਰੂਕ ਕਰਨ ਦੇ ਨਾਲ ਪਾਬੰਦੀਆਂ ਦੇ ਪਾਲਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਸਰਕਾਰੀ ਸਕੂਲਾਂ ‘ਚ ਆਨਲਾਈਨ ਪੜ੍ਹਾਈ ਦੀ ਵਿਵਸਥਾ ਬਾਰੇ ਦੱਸਦਿਆਂ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸੈਸ਼ਨ ਦੌਰਾਨ ਸਕੂਲਾਂ ਦੀ ਅਚਾਨਕ ਹੋਈ ਤਾਲਾਬੰਦੀ ਸਮੇਂ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਬੜੇ ਹੁਨਰ ਨਾਲ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਿਆਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਨਾਲ ਜੋੜਿਆ ਸੀ।ਇਸਦੇ ਨਾਲ ਹੀ ਵਿਭਾਗ ਵੱਲੋਂ ਦੂਰਦਰਸ਼ਨ ‘ਤੇ ਵੀ ਆਨਲਾਈਨ ਜਮਾਤਾਂ ਦੀ ਵਿਵਸਥਾ ਕੀਤੀ ਗਈ ਸੀ।

ਸਰਕਾਰੀ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਪਰਿਪੱਕ ਹਨ। ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਪਾਬੰਦੀਆਂ ਤੱਕ ਜਿੱਥੇ ਨਵੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਤਰੀਕੇ ਜਾਰੀ ਰੱਖੀ ਜਾਵੇਗੀ ਉੱਥੇ ਹੀ ਬੋਰਡ ਜਮਾਤਾਂ ਦੀ ਪ੍ਰੀਖਿਆ ਤਿਆਰੀ ਵੀ ਜਾਰੀ ਰੱਖੀ ਜਾਵੇਗੀ।

LEAVE A REPLY

Please enter your comment!
Please enter your name here