ਡਾ. ਅਰਮਨਪ੍ਰੀਤ ਦਾ ਗੀਤ ‘ਸਕੂਲੇ ਆਪਾਂ ਚੱਲੀਏ’ ਗੀਤ ਰਿਲੀਜ਼

ਹੁਸ਼ਿਆਰਪੁਰ, 28 ਅਪ੍ਰੈਲ: ਨਵੇਂ ਵਿੱਦਿਅਕ ਸ਼ੈਸ਼ਨ ਲਈ ਚੱਲ ਰਹੀ ਦਾਖ਼ਲਾ ਮੁਹਿੰਮ ਨੂੰ ਸਮਰਪਿਤ ਡਾ. ਅਰਮਨਪ੍ਰੀਤ ਵੱਲੋਂ ਲਿਖੇ ਅਤੇ ਗਾਏ ਪ੍ਰੇਰਣਾਦਾਇਕ ਗੀਤ ‘ਸਕੂਲੇ ਆਪਾਂ ਚੱਲੀਏ’ ਨੂੰ ਅੱਜ ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਅਤੇ ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਹੁਸ਼ਿਆਰਪੁਰ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ. ਗੁਰਸ਼ਰਨ ਸਿੰਘ ਨੇ ਕਿਹਾ ਕਿ ਡਾ. ਅਰਮਨਪ੍ਰੀਤ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ ਅਤੇ ਇਸ ਰਾਹੀਂ ਸਰਕਾਰੀ ਸਕੂਲਾਂ ਵਿੱਚ ਚਲ ਰਹੀ ਦਾਖ਼ਲਾ ਮੁਹਿੰਮ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਬਤੌਰ ਅਧਿਆਪਕ ਅਤੇ ਜਿਲ੍ਹਾ ਮੈਂਟਰ ਪੰਜਾਬ ਡਾ. ਅਰਮਨਪ੍ਰੀਤ ਵੱਲੋਂ ਆਪਣੀ ਲੇਖਣੀ ਅਤੇ ਗਾਇਕੀ ਰਾਹੀਂ ਰੌਚਕ ਅੰਦਾਜ਼ ਵਿੱਚ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਹੁਸ਼ਿਆਰਪੁਰ ਨੇ ਕਿਹਾ ਕਿ ਇਸ ਗੀਤ ਰਾਹੀਂ ਸਮਾਜ ਨੂੰ ਇੱਕ ਸਕਾਰਤਾਮਕ ਸੁਨੇਹਾ ਦਿੰਦਿਆਂ ਗਾਇਕੀ ਅਤੇ ਗੀਤਕਾਰੀ ਵਿੱਚ ਵਿਸ਼ੇਸ਼ ਰੁਚੀ ਰੱਖਣ ਵਾਲੇ ਅਧਿਆਪਕ ਡਾ. ਅਰਮਨਪ੍ਰੀਤ ਆਪਣੇ ਉਪਰਾਲੇ ਵਿੱਚ ਪੂਰੀ ਤਰਾਂ ਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵਿੱਚ ਸਕੂਲਾਂ ਦੀ ਨੁਹਾਰ ਬਦਲਣ ਤੋਂ ਲੈ ਕੇ ਗੁਣਾਤਮਕ ਸਿੱਖਿਆ ਮੁਹੱਈਆ ਕਰਵਾਉਣ ਤੱਕ ਜ਼ਜਬਾ ਕਾਬਿਲੇ ਤਾਰੀਫ਼ ਹੈ ਅਤੇ ਵਿਦਿਆਰਥੀਆਂ ਦੇ ਚਹੁਮੁਖੀ ਵਿਕਾਸ ਦੇ ਮੰਤਵ ਨਾਲ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਸੁਚਾਰੂ ਢੰਗ ਨਾਲ ਲਾਭ ਉਠਾਇਆ ਜਾ ਰਿਹਾ ਹੈ।

Advertisements

ਡਾ. ਅਰਮਨਪ੍ਰੀਤ ਨੇ ਇਸ ਮੌਕੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਰੌਸ਼ਨ ਭਵਿੱਖ ਅਤੇ ਸਕੂਲ ਸਿੱਖਿਆ ਨੂੰ ਹੋਰ ਰੌਚਕ ਬਣਾਉਣ ਲਈ ਇਹ ਕੋਸ਼ਿਸ਼ ਕੀਤੀ ਗਈ ਹੈ। ਜਿਕਰਯੋਗ ਹੈ ਕਿ ਡਾ. ਅਰਮਨਪ੍ਰੀਤ ਵੱਲੋਂ ਇਸ ਤੋਂ ਪਹਿਲਾਂ ਸਾਲਾਨਾ ਪ੍ਰੀਖਿਆਵਾਂ ਮੌਕੇ ‘ਮੈਰਿਟ ਵਿੱਚ ਆਉਣਾ’ ਗੀਤ ਪੇਸ਼ ਕੀਤਾ ਗਿਆ ਸੀ ਅਤੇ ਇਸ ਤੋਂ ਇਲਾਵਾ ਇੱਕ ਬਾਲ-ਪੁਸਤਕ ‘ਚਿੜੀ ਪ੍ਰਾਹੁਣੀ’ ਵੀ ਪ੍ਰਕਾਸ਼ਿਤ ਕੀਤੀ ਗਈ ਹੈ।

ਇਸ ਮੌਕੇ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.), ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਸਫ਼ਰ (ਐਲੀ. ਸਿੱ.), ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ ਤੋਂ ਇਲਾਵਾ ਅਸ਼ੋਕ ਪੁਰੀ ਉੱਘੇ ਅਭਿਨੇਤਾ ਤੇ ਨਿਰਦੇਸ਼ਕ, ਬਲਜਿੰਦਰ ਮਾਨ ਸੰਪਾਦਕ ਨਿੱਕੀਆਂ ਕਰੁੰਬਲਾਂ, ਸੁਖਜੀਤ ਝਾਂਸਾਂਵਾਲਾ ਉੱਘੇ ਗੀਤਕਾਰ, ਰਜਨੀ ਬਾਲਾ, ਨਰਿੰਦਰ ਅਰੋੜਾ ਸਮੇਤ ਕਈ ਹੋਰ ਸ਼ਖ਼ਸ਼ੀਅਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here