ਮਹਾਂਮਾਰੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਰੈੱਡ ਕਰਾਸ ਸੁਸਾਇਟੀ ਨੇ ਲਗਾਇਆ ਖੂਨਦਾਨ ਕੈਂਪ

ਜਲੰਧਰ, 8 ਮਈ: ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਮਹਾਂਮਾਰੀ ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਖੂਨ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਸਬੰਧੀ ਦਿੱਤੇ ਨਿਰਦੇਸ਼ਾਂ ‘ਤੇ ਅੱਜ ਵਿਸ਼ਵ ਰੈਡ ਕਰਾਸ ਦਿਵਸ ‘ਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਜਲੰਧਰ ਬਲੱਡ ਡੋਨੇਸ਼ਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਰੈੱਡ ਕਰਾਸ ਭਵਨ ਵਿਖੇ ਖੂਨ ਕੈਂਪ ਲਗਾਇਆ ਗਿਆ, ਜਿਸ ਵਿੱਚ ਕੁੱਲ 16 ਯੁਨਿਟ ਖੂਨ ਇਕੱਤਰ ਕੀਤਾ ਗਿਆ।

Advertisements

ਵਧੇਰੇ ਜਾਣਕਾਰੀ ਦਿੰਦਿਆਂ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਮਹਾਂਮਾਰੀ ਕਾਰਨ ਖੂਨਦਾਨ ਕੈਂਪਾਂ ਵਿਚ ਰੁਕਾਵਟ ਆਉਣ ਕਰਕੇ ਬਲੱਡ ਬੈਂਕਾਂ ਵਿੱਚ ਹੋਈ ਖੂਨ ਦੀ ਕਮੀ ਦੇ ਮੱਦੇਨਜ਼ਰ ਰੈੱਡ ਕਰਾਸ ਸੁਸਾਇਟੀ ਨੂੰ ਛੋਟੇ ਖੂਨਦਾਨ ਕੈਂਪ ਲਗਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ ਤਾਂ ਜੋ ਕੈਂਸਰ, ਥੈਲੇਸੀਮਿਆਂ ਤੋਂ ਪੀੜਤ ਮਰੀਜ਼ਾਂ ਅਤੇ ਜਣੇਪੇ ਦੇ ਕੇਸਾਂ, ਜਿਨ੍ਹਾਂ ਦੇ ਇਲਾਜ ਦੌਰਾਨ ਖੂਨ ਦੀ ਲੋੜ ਪੈਂਦੀ ਹੈ, ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਜਾ ਸਕੇ।

ਉਨ੍ਹਾਂ ਅੱਗੇ ਦੱਸਿਆ ਕਿ ਰੋਗੀਆਂ ਲਈ ਮਦਦ ਕਰਨ ਦੇ ਮਕਸਦ ਨਾਲ ਅੱਜ ਦਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਹੈ ਅਤੇ ਇਸ ਸਿਲਸਿਲੇ ਨੂੰ ਜਾਰੀ ਰੱਖਦਿਆਂ 11 ਅਤੇ 12 ਮਈ ਨੂੰ ਵੀ ਅਜਿਹੇ ਖੂਨਦਾਨ ਕੈਂਪ ਲਗਾਏ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕੋਈ ਗੈਰ ਸਰਕਾਰੀ ਸੰਗਠਨ ਜਾਂ ਸਮਾਜ ਸੇਵੀ ਹਸਪਤਾਲਾਂ ਵਿਚ ਖੂਨ ਦੀ ਘਾਟ ਨਾਲ ਨਜਿੱਠਣ ਲਈ ਇਸ ਨੇਕ ਕਾਰਜ ਵਿੱਚ ਸ਼ਾਮਲ ਹੋਣ ਵਾਸਤੇ ਖੂਨਦਾਨ ਕੈਂਪ ਲਵਾਉਣਾ ਚਾਹੁੰਦਾ ਹੈ ਤਾਂ ਮੋਬਾਇਲ ਨੰਬਰ 9876502613 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਆਦੇਸ਼ਾਂ ਅਨੁਸਾਰ ਕੋਵਿਡ -19 ਸਬੰਧੀ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਹਰੇਕ ਖੁਰਾਕ ਦੇ 14 ਦਿਨਾਂ ਦੇ ਪੂਰਾ ਹੋਣ ਤੋਂ ਬਾਅਦ ਖੂਨਦਾਨ ਕਰਨ ਦੀ ਸਲਾਹ ਦਿੱਤੀ ਗਈ ਹੈ। ਜਦਕਿ ਉਹ ਲੋਕ, ਜਿਨ੍ਹਾਂ ਟੀਕਾਕਰਨ ਨਹੀਂ ਕਰਵਾਇਆ, ਉਹ ਨਿਯਮਿਤ ਰੂਪ ਨਾਲ ਖੂਨ ਦਾਨ ਕਰਨਾ ਜਾਰੀ ਰੱਖ ਸਕਦੇ ਹਨ।

ਇਸ ਮੌਕੇ ਜਲੰਧਰ ਬਲੱਡ ਡੋਨੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਵਰਦਾਨ ਚੱਢਾ, ਰੈਡ ਕਰਾਸ ਸੁਸਾਇਟੀ ਦੇ ਵਲੰਟੀਅਰ ਨੇਕ ਰਾਮ, ਨਰੇਸ਼ ਕੁਮਾਰ ਅਤੇ ਹੋਰ ਮੌਜੂਦ ਸਨ।

LEAVE A REPLY

Please enter your comment!
Please enter your name here