ਸ਼ਿਵਮ ਹਸਪਤਾਲ ਮੈਨੇਜਮੈਂਟ ਵਲੋਂ ਆਰਥਿਕ ਪੱਖੋਂ ਕਮਜ਼ੋਰ ਕੋਵਿਡ ਮਰੀਜਾਂ ਦੇ ਮੁਫਤ ਇਲਾਜ ਲਈ 5 ਬੈੱਡ ਰਾਖਵੇਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਨੁੱਖਤਾਵਾਦੀ ਕਦਮ ਤਹਿਤ ਸਥਾਨਕ ਸ਼ਿਵਮ ਹਸਪਤਾਲ ਦੀ ਮੈਨੇਜਮੈਂਟ ਨੇ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਹਸਪਤਾਲ ਵਿਚ ਆਰਥਿਕ ਪੱਖੋਂ ਕਮਜੋਰ ਲੈਵਲ-2 ਦੇ ਕੋਵਿਡ ਮਰੀਜਾਂ ਦੇ ਮੁਫਤ ਇਲਾਜ ਲਈ 5  ਬੈੱਡ ਰਾਖਵੇਂ ਕਰ ਦਿੱਤੇ ਹਨ। ਸ਼ਿਵਮ ਹਸਪਤਾਲ ਦੀ ਮੈਨੇਜਮੈਂਟ ਨੇ ਇਹ ਬੈੱਡ ਜਿਲਾ ਪ੍ਰਸ਼ਾਸਨ ਨਾਲ ਰਾਬਤਾ ਰੱਖਦਿਆਂ ਲੋੜਵੰਦ ਮਰੀਜਾਂ ਨੂੰ ਮੁਫਤ ਇਲਾਜ ਅਤੇ ਦਵਾਈਆਂ ਲਈ ਰੱਖ ਦਿੱਤੇ ਹਨ ਜਿੱਥੇ ਜਿਲਾ ਪ੍ਰਸ਼ਾਸਨ ਵਲੋਂ ਭੇਜੇ ਲੋੜਵੰਦ ਮਰੀਜਾਂ ਦਾ ਹਰ ਸੰਭਵ ਇਲਾਜ ਯਕੀਨੀ ਬਣਾਇਆ ਜਾਵੇਗਾ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵਮ ਹਸਪਤਾਲ  ਮੈਨੇਜਮੈਂਟ ਦੇ ਜਨਰਲ ਮੈਨੇਜਰ ਅਸ਼ੀਸ਼ ਅਟਵਾਲ ਨੇ ਦੱਸਿਆ  ਕਿ ਇਹ ਬੈੱਡ ਅਤਿ ਆਧੁਨਿਕ ਸਿਹਤ ਸੇਵਾਵਾਂ ਅਤੇ ਤਕਨੀਕ ਨਾਲ ਲੈਸ ਹਨ ਤਾਂ ਜੋ ਲੈਵਲ-2 ਦੇ ਮਰੀਜਾਂ ਨੂੰ ਲੋੜੀਂਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ  ਮੈਨੇਜਮੈਂਟ ਵਲੋਂ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਭੇਜੇ ਜਾਣ ਵਾਲੇ ਆਰਥਿਕ ਪੱਖੋਂ ਕਮਜੋਰ ਮਰੀਜਾਂ  ਦਾ ਇਲਾਜ ਅਤੇ ਦਵਾਈਆਂ ਦਾ ਸਾਰਾ ਖਰਚ ਮੈਨੇਜਮੈਂਟ ਵਲੋਂ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਅਪਨੀਤ  ਰਿਆਤ ਨੇ ਮੌਜੂਦਾ ਸਿਹਤ ਸੰਕਟ ਦੀ ਘੜੀ ਵਿਚ ਸ਼ਿਵਮ ਹਸਪਤਾਲ ਮੈਨੇਜਮੈਂਟ ਦੇ ਇਸ ਮਾਨਵਤਾਵਾਦੀ ਉਪਰਾਲੇ ਦੀ ਸ਼ਲਾਘਾ ਕਿਹਾ ਕਿ ਉਨ੍ਹਾਂ ਵਲੋਂ ਆਰਥਿਕ ਪੱਖੋਂ ਕਮਜੋਰ ਲੈਵਲ-2 ਦੇ ਮਰੀਜਾਂ ਦੀ ਚੋਣ ਲਈ ਸਿਵਲ ਸਰਜਨ ਦਫਤਰ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ  ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲੋਕਾਂ ਨੂੰ ਕੋਵਿਡ ਦੀ ਚਪੇਟ ਵਿਚ ਆਉਣ ਤੋਂ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਲੋੜੀਂਦੀ ਹਰ ਸਹੂਲਤ ਮੁਹੱਈਆ ਕਰਵਾਉਣ ਅਤੇ ਉਨਾਂ ਦੇ ਘਰਾਂ ਨੇੜੇ ਟੀਕਾਕਰਨ ਕਰਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਵਿਚ ਲੋਕਾਂ ਦਾ ਸਹਿਯੋਗ ਅਤਿ ਜਰੂਰੀ  ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ 10 ਸਰਕਾਰੀ  ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਵਿਡ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਥੇ ਲੈਵਲ-2 ਦੇ ਮਰੀਜਾਂ ਲਈ 290 ਅਤੇ ਲੈਵਲ-3 ਦੇ ਮਰੀਜਾਂ ਲਈ 37 ਬੈੱਡ ਉਪਲੱਬਧ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਵਿਡ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਲੱਛਣ ਮਹਿਸੂਸ ਹੁੰਦਾ ਹੈ ਤਾਂ ਉਹ ਬਿਨਾਂ ਦੇਰੀ ਆਪਣਾ  ਟੈਸਟ ਕਰਵਾਉਣ ਅਤੇ ਇਕਾਂਤਵਾਸ ਨੂੰ ਸਹੀ ਢੰਗ ਨਾਲ ਲਾਗੂ ਕਰਨ।

LEAVE A REPLY

Please enter your comment!
Please enter your name here