ਸੁੰਦਰ ਸ਼ਾਮ ਅਰੋੜਾ ਵਲੋਂ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜ਼ਲੀ

ਹੁਸ਼ਿਆਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਕਾਰਗਿਲ ਵਿਜੈ ਦਿਵਸ ਮੌਕੇ ਸਥਾਨਕ ਵਾਰ ਮੈਮੋਰੀਅਲ ਵਿਖੇ ਕਾਰਗਿਲ ਜੰਗ ਦੀ 22ਵੀਂ ਵਰ੍ਹੇਗੰਢ ਮੌਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਦੇਸ਼-ਕੌਮ ਦਾ ਸਰਮਾਇਆ ਹਨ ਜਿਨ੍ਹਾਂ ਦੀ ਬਹਾਦਰੀ ਨੂੰ ਸਾਰਾ ਦੇਸ਼ ਹਮੇਸ਼ਾਂ ਨਮਨ ਕਰਦਾ ਰਹੇਗਾ। ਜੰਗੀ ਯਾਦਗਾਰ ਵਿਖੇ ਫੁੱਲਮਾਲਾ ਭੇਟ ਕਰਕੇ ਕਾਰਗਿਲ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸਮੂਹ ਸ਼ਹੀਦਾਂ ਦੀ ਬਹਾਦਰੀ ਨੂੰ ਸਿਜਦਾ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਾਰਗਿਲ ਦੀ ਜੰਗ ਦੌਰਾਨ ਹੁਸ਼ਿਆਰਪੁਰ ਦੇ 13 ਸੈਨਿਕਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਰਾਖੀ ਕਰਦਿਆਂ ਸ਼ਹਾਦਤਾਂ ਦਿੱਤੀਆਂ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀਜ਼) ਰਾਹੀਂ ਸ਼ਹੀਦ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਜਾ ਰਿਹਾ ਹੈ ਤਾਂ ਜੋ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਦੇ ਇਜ਼ਹਾਰ ਦੇ ਨਾਲ-ਨਾਲ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਇਨ੍ਹਾਂ ਪਰਿਵਾਰਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਬਹਾਦਰ ਸੈਨਿਕਾਂ ਵਲੋਂ ਦੇਸ਼ ਦੀ ਰਾਖੀ ਲਈ ਦਿਖਾਏ ਜਾਂਦੇ ਜਜ਼ਬੇ ਅਤੇ ਰਾਸ਼ਟਰਵਾਦ ਦੀ ਭਾਵਨਾ ਪ੍ਰਤੀ ਸਮਰਪਿਤ ਹੋਣ ਤਾਂ ਜੋ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰੀ ਤਰ੍ਹਾਂ ਸਾਕਾਰ ਕੀਤਾ ਜਾ ਸਕੇ।  

Advertisements

ਇਸੇ ਦੌਰਾਨ ਜੀ.ਓ.ਜੀਜ਼ ਦੀਆਂ ਟੀਮਾਂ ਵਲੋਂ ਦਸੂਹਾ ਦੇ ਪਿੰਡ ਰੜਾ ਵਿਖੇ ਸ਼ਹੀਦ ਨਾਇਕ ਰਣਜੀਤ ਸਿੰਘ, ਪਿੰਡ ਕੋਈ ਵਿਖੇ 10 ਜੈਕ ਰਾਈਫਲ ਦੇ ਸ਼ਹੀਦ ਵਿਜੇ ਸਿੰਘ, ਪਿੰਡ ਛੰਨਾਰਾਏ ਈਦੇ ਖਾਂ ਵਿਖੇ ਸ਼ਹੀਦ ਹਵਲਦਾਰ ਕਰਮ ਸਿੰਘ, ਪਿੰਡ ਖਨੌੜਾ ਵਿਖੇ ਸ਼ਹੀਦ ਸਿਪਾਹੀ ਚਰਨਜੀਤ ਸਿੰਘ, ਪਿੰਡ ਬੀਨੇਵਾਲ ਵਿਖੇ ਸ਼ਹੀਦ ਹੌਲਦਾਰ ਬਲਦੇਵ ਰਾਜ, ਪੀ.ਡਬਲਯੂ.ਡੀ. ਰੈਸਟ ਹਾਊਸ ਮਾਹਿਲਪੁਰ ਵਿਖੇ 19-ਸਿੱਖ ਰੈਜੀਮੈਂਟ ਦੇ ਸ਼ਹੀਦ ਹਰਪ੍ਰੀਤ ਸਿੰਘ ਅਤੇ 14- ਸਿੱਖ ਐਲ.ਆਈ. ਦੇ ਸ਼ਹੀਦ ਸਤਨਾਮ ਸਿੰਘ, ਪਿੰਡ ਸੰਧਰ ਦੇ 13-ਸਿੱਖ ਐਲ.ਆਈ. ਦੇ ਸ਼ਹੀਦ ਕਮਲਦੇਵ ਸਿੰਘ, ਪਿੰਡ ਭੂੰਗਰਨੀ ਦੇ ਸ਼ਹੀਦ ਹਵਲਦਾਰ ਗਿਆਨ ਸਿੰਘ, ਪਿੰਡ ਲਿੱਦਰ ਵਿਖੇ ਸ਼ਹੀਦ ਪ੍ਰਦੀਪ ਸਿੰਘ ਗਿੱਲ, ਪਿੰਡ ਭੰਬੋਤਾੜ ਵਿਖੇ ਅਮਰ ਸ਼ਹੀਦ ਰਾਈਫਲਮੈਨ ਪਵਨ ਕੁਮਾਰ ਦੇ ਸ਼ਹੀਦੀ ਸਮਾਰਕ ਅਤੇ ਪਿੰਡ ਲੱਬਰ ਵਿਖੇ 6 ਮਹਾਰ ਦੇ ਸ਼ਹੀਦ ਹੌਲਦਾਰ ਬਲਕਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਕਾਰਗਿਲ ਵਿਜੈ ਦਿਵਸ ਮੌਕੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਥਾਨਕ ਵਾਰ ਮੈਮੋਰੀਅਲ ਵਿਖੇ ਮੇਅਰ ਸੁਰਿੰਦਰ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ, ਬ੍ਰਿਗੇਡੀਅਰ ਸੁਰਜੀਤ ਸਿੰਘ, ਮੇਜਰ ਜਨਰਲ ਓ.ਪੀ. ਪਰਮਾਰ, ਕਰਨਲ ਮਲੂਕ ਸਿੰਘ, ਕਰਨਲ ਰਘਬੀਰ ਸਿੰਘ, ਡਿਪਟੀ ਡਾਇਰੈਕਟਰ ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ ਕਰਨਲ ਦਲਵਿੰਦਰ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਕੌਂਸਲਰ ਬਲਵਿੰਦਰ ਕੁਮਾਰ ਆਦਿ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਨਮਨ ਕੀਤਾ।

LEAVE A REPLY

Please enter your comment!
Please enter your name here