ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਬੀਤੇ ਦਿਨੀਂ ਕਿਸਾਨ ਉਤਪਾਦ ਸੰਸਥਾਵਾਂ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜੈਵਿਕ ਖੇਤੀ ਕਰਨ ਵਾਲੇ ਕਿਸਾਨ, ਕਿਸਾਨ ਸਮੂਹਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਸ਼ਮੂਲੀਅਤ ਕੀਤੀ ਗਈ। ਕੈਂਪ ਦੀ ਸ਼ੁਰੂਆਤ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਟਰੇਨਿੰਗ) ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ 1000 ਕਿਸਾਨ ਉਤਪਾਦਕ ਸੰਸਥਾਵਾਂ ਬਣਾਉਣ ਸਬੰਧੀ ਟੀਚਾ ਰੱਖਿਆ ਗਿਆ ਹੈ। ਇਸੇ ਕੜੀ ਵਿੱਚ ਨਾਮਜ਼ਦ ਏਜੰਸੀ ਨੈਫੇਡ ਵਲੋਂ ਆਈ.ਐਸ.ਪੀ.ਐਲ, ਐਗਰੀਵਾਚ ਸੰਸਥਾ ਰਾਹੀਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੀ ਕਿਸਾਨ ਉਤਪਾਦਕ ਸੰਸਥਾ (ਐਫ.ਪੀ.ਓ) ਬਣਾਉਣ ਦੇ ਬਾਰੇ ਵਿੱਚ ਤਜਵੀਜ਼ ਹੈ। ਡਾ. ਬੌਂਸ ਨੇ ਆਏ ਮਾਹਰਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਹਾਜ਼ਰ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਦੇ ਲਈ ਅੱਗੇ ਆਉਣ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਐਫ.ਪੀ.ਓ ਬਣਾਉਦ ਦਾ ਮੁੱਖ ਉਦੇਸ਼ ਕਿਸਾਨਾਂ ਦੇ ਉਤਪਾਦਨ ਵਿੱਚ ਵਾਧਾ ਕਰਨਾ, ਖੇਤੀ ਜਾਣਕਾਰੀ ਵਿੱਚ ਸਿਖਲਾਈ ਅਤੇ ਵਿਦਿਅਕ ਦੌਰਿਆਂ ਰਾਹੀਂ ਨਵੀਨੀਕਰਨ, ਮੰਡੀਕਰਨ ਵਿਚ ਸਹਾਇਤਾ, ਬੈਕਿੰਗ ਸੁਵਿਧਾਵਾਂ ਅਤੇ ਵਪਾਰ ਵਧਾਉਣ ਦੇ ਵਾਰੇ ਵਿੱਚ ਪ੍ਰੋਸੈਸਿੰਗ ਕਰਨਾ ਆਦਿ ਹੈ। ਡਾ. ਬੌਂਸ ਨੇ ਕਿਹਾ ਕਿ ਐਫ.ਪੀ.ਓ. ਬਣਾਉਣ ਦੇ ਬਾਰੇ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਦੇਖ-ਭਾਲ ਵਿੱਚ ਖੇਤੀਬਾੜੀ ਸਬੰਧੀ ਸਮੂਹ ਵਿਭਾਗਾਂ ਵਲੋਂ ਯਤਨ ਕੀਤਾ ਜਾ ਰਿਹਾ ਹੈ।
ਆਈ.ਏ.ਐਸ.ਪੀ.ਐਲ, ਐਗਰੀਵਾਚ ਸੰਸਥਾ ਦੇ ਨੁਮਾਇੰਦਿਆਂ ਕਮਲਜੀਤ ਸਿੰਘ ਅਤੇ ਅਨੁਜ ਸੂਦ ਵਲੋਂ ਕਿਸਾਨਾਂ ਦੇ ਨਾਲ ਇਸ ਯੋਜਨਾ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਦੇ ਖਦਸ਼ਿਆਂ ’ਤੇ ਵੀ ਚਰਚਾ ਕੀਤੀ ਗਈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਬਿਜਨੈਸ ਮੈਨੇਜਮੈਂਟ ਵਿਭਾਗ ਦੇ ਮਾਹਰ ਡਾ. ਖੁਸ਼ਦੀਪ ਧਰਨੀ ਅਤੇ ਜਸਵਿੰਦਰ ਸਿੰਘ ਬਿੰਦਰਾ, ਜ਼ਿਲ੍ਹਾ ਵਿਕਾਸ ਮੈਨੇਜਰ ਨਾਬਾਰਡ ਵੀ ਕਿਸਾਨ ਉਤਪਾਦਕ ਸੰਸਥਾ (ਐਫ.ਪੀ.ਓ) ਸਕੀਮ ਦੇ ਬਾਰੇ ਵਿੱਚ ਆਨਲਾਈਨ ਗੂਗਲ ਮੀਟ ਐਪ ਰਾਹੀਂ ਕਿਸਾਨਾਂ ਨਾਲ ਰੂ-ਬ-ਰੂ ਹੋਏ। ਡਿਪਟੀ ਪ੍ਰੋਜੈਕਟਰ ਡਾਇਰੈਕਟਰ ਆਤਮਾ ਸ਼ਹੀਦ ਭਗਤ ਸਿੰਘ ਨਗਰ ਕਮਲਦੀਪ ਸਿੰਘ ਸੰਘਾ ਨੇ ਵੀ ਜੈਵਿਕ ਖੇਤੀ ਦੇ ਬਾਰੇ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ। ਇਸ ਕੈਂਪ ਵਿੱਚ ਕੇਂਦਰ ਤੋਂ ਸਬਜ਼ੀ ਵਿਗਿਆਨ ਦੇ ਮਾਹਰ ਡਾ. ਸੁਖਵਿੰਦਰ ਸਿੰਘ ਔਲਖ, ਡਿਪਟੀ ਪ੍ਰੋਜੈਕਟਰ ਡਾਇਰੈਕਟਰ ਆਤਮਾ ਰਾਜੀਵ ਰੰਜਨ, ਇਨੋਵੇਟਿਵ ਫਾਰਮਰਜ਼ ਐਸੋਸੀਏਸ਼ਨ ਦੇ ਮੈਂਬਰ, ਸੰਧਿਆ ਸਵੈ ਸਹਾਇਤਾ ਗਰੁੱਪ ਮੈਲੀ ਅਤੇ ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਖੰਗੂੜਾ ਨੇ ਵੀ ਸ਼ਮੂਲੀਅਤ ਕੀਤੀ।