ਪੁਲਿਸ ਕਮਿਸ਼ਨਰ ਵੱਲੋਂ ਸੁਖਮੀਤ ਡਿਪਟੀ ਕਤਲ ਕੇਸ ਦੀ ਗੁੱਥੀ ਸੁਲਝਾਉਣ ਦਾ ਦਾਅਵਾ, ਮੁਲਜ਼ਮਾਂ ਦੀ ਹੋਈ ਸ਼ਨਾਖਤ ਅਤੇ ਕੇਸ ’ਚ ਨਾਮਜ਼ਦ

ਜਲੰਧਰ (ਦ ਸਟੈਲਰ ਨਿਊਜ਼)। ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵਲੋਂ ਸੁਖਮੀਤ ਸਿੰਘ ਡਿਪਟੀ ਦੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਬਤੌਰ ਡੀ.ਆਈ.ਜੀ. ਲੁਧਿਆਣਾ ਰੇਂਜ ਦਾ ਅਹੁਦਾ ਸੰਭਾਲਣ ਜਾ ਰਹੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿਚ ਇਸ ਜੁਰਮ ਦੀ ਬਹੁਤ ਚਰਚਾ ਸੀ ਅਤੇ ਪੁਲਿਸ ਲਈ ਇਹ ਬਹੁਤ ਵੱਡੀ ਚੁਣੌਤੀ ਸੀ ,ਜਿਸ ਨੂੰ ਉਨ੍ਹਾਂ ਬਹੁਤ ਥੋੜੇ ਸਮੇਂ ਵਿੱਚ ਹੱਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਪਰਾਧ ਵਿੱਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਗੌਰਵ ਪਟਿਆਲ, ਗੈਂਗਸਟਰ ਵਿਕਾਸ ਮਾਲੇ, ਜਲੰਧਰ ਤੋਂ ਪੁਨੀਤ ਅਤੇ ਇਕ ਹੋਰ ਪੰਜਾਬੀ ਨੌਜਵਾਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਇਸ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।

Advertisements

ਸ੍ਰ.ਭੁੱਲਰ ਨੇ ਦੱਸਿਆ ਕਿ ਪਟਿਆਲ ਇਸ ਘਟਨਾ ਦਾ ਮੁੱਖ ਸਰਗਨਾ ਸੀ ,ਜਿਸ ਵੱਲੋਂ ਇਹ ਸਾਰੀ ਸਾਜਿਸ਼ ਰਚੀ ਗਈ ਅਤੇ ਇਸ ਵੇਲੇ ਉਹ ਅਰਮੀਨੀਆ ਦੀ ਜੇਲ੍ਹ ਵਿੱਚ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗੁੜਗਾਓਂ ਦੇ ਮੁਲਜ਼ਮ ਵਿਕਾਸ ਮਾਲੇ ਅਤੇ ਹੋਰਨਾਂ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਪਹਿਲੂਆਂ ’ਤੇ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਜਲੰਧਰ ਵਿੱਚ ਇਸ ਜੁਰਮ ਨੂੰ ਅੰਜਾਮ ਦਿੱਤਾ । ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਮੰਨਾਪੁਰਮ ਗੋਲਡ ਲੁੱਟ ਵਿੱਚ ਲੋੜੀਂਦੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀ ਇਕ ਟੀਮ ਨੂੰ ਬਿਹਾਰ ਦੇ ਸਮਸਤੀਪੁਰ ਭੇਜਿਆ  ਗਿਆ ਹੈ।

ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਆਪਣੇ ਆਖਰੀ ਦਿਨ ਸ੍ਰ.ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸ਼ਹਿਰ ਵਿੱਚ ਪੁਲਿਸ ਅਤੇ ਲੋਕਾਂ ਵਿਚਕਾਰ ਸੁਖਾਵਾਂ ਮਾਹੌਲ ਬਣਾਉਣ ਲਈ ਜਲੰਧਰ ਵਾਸੀਆਂ, ਪੁਲਿਸ ਅਧਿਕਾਰੀਆਂ ਤੇ ਕਰਮੀਆਂ ਵੱਲੋਂ ਦਿੱਤੇ ਗਏ ਬੇਮਿਸਾਲ ਸਹਿਯੋਗ ਨੂੰ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਲੰਧਰ ਵਾਸੀਆਂ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਅਤੇ ਪੁਲਿਸ ਟੀਮਾਂ ਵਿਚਕਾਰ ਨਜ਼ਦੀਕੀ ਤਾਲਮੇਲ ਨੇ ਨਾ ਸਿਰਫ਼ ਸਟਰੀਟ ਕ੍ਰਾਈਮ ਦਾ ਖਾਤਮਾ ਕੀਤਾ ਸਗੋਂ ਇਸ ਦੇ ਨਾਲ ਸਨੈਚਿੰਗ ਦੀਆਂ ਘਟਨਾਵਾਂ ਵਿੱਚ ਵੀ ਬਹੁਤ ਵੱਡੇ ਪੱਧਰ ’ਤੇ ਕਮੀ ਲਿਆਂਦੀ ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਸਤੰਬਰ 2018 ਵਿੱਚ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਸਾਹਮਣੇ ਪੁਲਿਸ ਅਫ਼ਸਰ ਦੀ ਮਾਤਾ ਦਾ ਕਤਲ ਅਤੇ ਮਕਸੂਦਾ ਪੁਲਿਸ ਥਾਣੇ ਵਿੱਚ ਧਮਾਕਾ ਦੋ ਵੱਡੀਆਂ ਚੁਣੌਤੀਆਂ ਸਨ। ਸ੍ਰ. ਭੁੱਲਰ ਨੇ ਕਿਹਾ ਕਿ ਵਿਗਿਆਨਕ ਅਤੇ ਤਕਨੀਕੀ ਨਜ਼ਰੀਏ ਪਹਿਲੂਆਂ ਤੋਂ ਪੜਤਾਲ ਕਰਦਿਆਂ ਦੋਵੇਂ ਅਪਰਾਧਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਹੱਲ ਕੀਤਾ ਗਿਆ, ਜੋ ਕਿ ਪੁਲਿਸ ਲਈ ਬਹੁਤ ਵੱਡੀ ਕਾਮਯਾਬੀ ਹੈ।

LEAVE A REPLY

Please enter your comment!
Please enter your name here