ਕਿਸਾਨ ਘਰੇਲੂ ਬਗੀਚੀ ਲਈ ਸੁਧਰੇ ਬੀਜਾਂ ਦੀ ਕਿੱਟ ਬਾਗ਼ਬਾਨੀ ਵਿਭਾਗ ਤੋਂ ਖਰੀਦਣ: ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਦੌਰਾਨ ਘਰ ਦੀ ਵਰਤੋਂ ਲਈ ਸਬਜ਼ੀਆਂ ਘਰੇਲੂ ਬਗੀਚੀ ਵਿੱਚ ਉਗਾਉਣ ਸਬੰਧੀ ਬੀਜਾਂ ਦੀ ਇੱਕ ਮਿੰਨੀ ਕਿੱਟ ਰਿਲੀਜ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਦੀ ਰੁੱਤ ਦੀਆਂ ਸਬਜ਼ੀਆਂ ਆਪਣੀ ਘਰੇਲੂ ਬਗੀਚੀ ਵਿੱਚ ਉਗਾਉਣ ਲਈ ਬਾਗ਼ਬਾਨੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗ਼ਬਾਨੀ ਲਛਮਣ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਲੋਕ ਆਪਣੇ ਘਰੇਲੂ ਬਗੀਚੀ ਵਿੱਚ ਖ਼ੁਦ ਸਬਜ਼ੀਆਂ ਤਿਆਰ ਕਰਨਗੇ ਤਾਂ ਉਨ੍ਹਾਂ ਨੂੰ ਤਾਜ਼ੀਆਂ ਸਬਜ਼ੀਆਂ ਤਾਂ ਮਿਲਦੀਆਂ ਹੀ, ਨਾਲ ਹੀ ਉਹ ਸਿਹਤ ਪੱਖੋਂ ਵੀ ਤੰਦਰੁਸਤ ਰਹਿ ਸਕਦੇ ਹਨ। ਇਸ ਮੌਕੇ ਡਿਪਟੀ ਡਾਇਰੈਕਟਰ ਬਾਗ਼ਬਾਨੀ ਲਛਮਣ ਸਿੰਘ ਨੇ ਦੱਸਿਆ ਕਿ ਇਹ ਮਿੰਨੀ ਕਿੱਟ ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ ਹੈਦਾਰਾਬਦ ਦੇ ਸੰਤੁਲਿਤ ਖ਼ੁਰਾਕ ਦੇ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਲਈ ਪ੍ਰਤੀ ਦਿਨ 300 ਗ੍ਰਾਮ ਤਾਜ਼ਾ ਸਬਜ਼ੀਆਂ, ਜਿਸ ਵਿੱਚ 120 ਗ੍ਰਾਮ ਹਰੇ ਪੱਤੇ ਵਾਲੀਆਂ ਸਬਜ਼ੀਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਸਬਜ਼ੀਆਂ ਅਤੇ 90 ਗ੍ਰਾਮ ਹੋਰ ਸਬਜ਼ੀਆਂ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਗਈ ਹੈ। 

Advertisements

ਉਨ੍ਹਾਂ ਦੱਸਿਆ ਕਿ ਇਸ ਕਿੱਟ ਵਿਚ ਸਰਦੀ ਰੁੱਤ ਦੀ ਬਿਜਾਈ ਲਈ ਮੂਲ਼ੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ, ਬਰੋਕਲੀ ਅਤੇ ਚੀਨੀ ਸਰੋਂ ਦੇ ਬੀਜ ਹਨ ਜਿਸ ਦੀ ਲਗਭਗ 6 ਮਰਲੇ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਇਹ ਕਿੱਟ ਦਫ਼ਤਰ ਡਿਪਟੀ ਡਾਇਰੈਕਟਰ ਬਾਗ਼ਬਾਨੀ ਮੋਗਾ ਰੋਡ ਮੱਲਵਾਲ ਫ਼ਿਰੋਜ਼ਪੁਰ ਪਾਸੋਂ ਪ੍ਰਤੀ ਕਿੱਟ 90 ਰੁਪਏ ਦੇ ਹਿਸਾਬ ਨਾਲ ਖ਼ਰੀਦ ਸਕਦੇ ਹਨ। ਵਧੇਰੇ ਜਾਣਕਾਰੀ ਲਈ ਬਾਗਬਾਨੀ ਵਿਕਾਸ ਅਫਸਰ ਦੇ ਮੋਬਾਇਲ ਨੰ: 98768-90003 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਬਾਗਬਾਨੀ ਵਿਕਾਸ ਅਫਸਰ ਸਿਮਰਨ ਸਿੰਘ, ਬਾਗਬਾਨੀ ਵਿਕਾਸ ਅਫਸਰ ਪਰਦੀਪ ਸਿੰਘ ਅਤੇ ਬਾਗਬਾਨੀ ਤਕਨੀਕੀ ਸਹਾਇਕ ਸੁਧਾਕਰ ਕੁਮਾਰ ਰਵੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here