ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਫ਼ਿਲਮ ਭਵਾਈ ਦੀ ਰਿਲੀਜ਼ ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਐਸ.ਐਸ.ਪੀ.ਨੂੰ ਸੌਪਿਆ ਗਿਆ ਮੰਗ ਪੱਤਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸੂਬੇ ਦੀਆਂ ਪ੍ਰਮੁੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦੇ ਇੱਕ ਵਫ਼ਦ ਵੱਲੋਂ ਭਗਵਾਨ ਵਾਲਮੀਕਿ ਸ਼ਕਤੀ ਸੇਨਾ (ਰਜਿ.) ਪੰਜਾਬ ਦੇ ਸੂਬਾ ਪ੍ਰਧਾਨ ਅਜੇ ਕੁਮਾਰ ਐਡਵੋਕੇਟ ਜੀ ਦੀ ਅਗਵਾਈ ਹੇਠ 1 ਅਕਤੂਬਰ 2021 ਨੂੰ ਰਿਲੀਜ਼ ਹੋਣ ਵਾਲੀ ਹਿੰਦੀ ਫ਼ਿਲਮ ਭਵਾਈ (ਰਾਵਣ ਲੀਲਾ) ਵਿੱਚ ਮਾਂ ਸੀਤਾ ਜੀ ਦਾ ਰੋਲ ਕਰਨ ਵਾਲੀ ਕਲਾਕਾਰ ਅਤੇ ਰਾਵਣ ਦਾ ਰੋਲ ਕਰਨ ਵਾਲੇ ਕਲਾਕਾਰ ਦਾ ਅਫੇਅਰ ਦਿਖਾ ਕੇ ਸਮੁੱਚੇ ਹਿੰਦੂ ਸਮਾਜ ਅਤੇ ਵਾਲਮੀਕਿ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੋਸ ਪਹੁੰਚਾਉਣ ਲਈ ਫ਼ਿਲਮ ਦੇ ਨਿਰਮਾਤਾਵਾਂ, ਨਿਰਦੇਸ਼ਕ, ਲੇਖਕ ਅਤੇ ਕਲਾਕਾਰਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਫ਼ਿਲਮ ਦੀ ਰਿਲੀਜ਼ ਤੇ ਪੂਰਨ ਤੌਰ ਤੇ ਰੋਕ ਲਗਾਉਣ ਦੀ ਮੰਗ ਨੂੰ ਲੈਕੇ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਅਜੇ ਕੁਮਾਰ ਐਡਵੋਕੇਟ ਜੀ ਨੇ ਕਿਹਾ ਕਿ ਮਿਤੀ 1/10/2021 ਨੂੰ ਰਿਲੀਜ਼ ਹੋਣ ਵਾਲੀ ਹਿੰਦੀ ਫ਼ਿਲਮ ਭਵਾਈ (ਰਾਵਣ ਲੀਲਾ) ਵਿੱਚ ਮਾਂ ਸੀਤਾ ਜੀ ਦਾ ਰੋਲ ਕਰਨ ਵਾਲੀ ਕਲਾਕਾਰ ਏਨਦਿੱਤਰਾ ਰੇ ਅਤੇ ਰਾਵਣ ਦਾ ਰੋਲ ਕਰਨ ਵਾਲੇ ਕਲਾਕਾਰ ਪ੍ਰਤੀਕ ਗਾਂਧੀ ਦਾ ਅਫੇ਼ਅਰ ਦਿਖਾਇਆ ਗਿਆ ਹੈ ਅਤੇ ਹਨੂੰਮਾਨ ਜੀ ਨੂੰ ਇਸ ਅਫੇ਼ਅਰ ਦਾ ਗਵਾਹ ਦਿਖਾਇਆ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਗ਼ਲਤ ਹੈ ਅਤੇ ਇਸ ਨਾਲ ਪੂਰੀ ਦੁਨੀਆਂ ਅੰਦਰ ਵੱਸਦੇ ਸਮੁੱਚੇ ਹਿੰਦੂ ਅਤੇ ਵਾਲਮੀਕਿ ਸਮਾਜ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਪੂਰੇ ਸਮਾਜ ਅੰਦਰ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਚੁੱਕੀ ਹੈ।

Advertisements

ਭਗਵਾਨ ਵਾਲਮੀਕਿ ਜੀ ਨੇ ਆਪਣੇ ਪਾਵਨ ਗ੍ਰੰਥ ਰਮਾਇਣ ਅੰਦਰ ਮਾਤਾ ਸੀਤਾ ਜੀ ਨੂੰ ਇੱਕ ਸਤੀ, ਪਤੀਵਰਤਾ, ਉੱਚ ਚਰਿੱਤਰ ਵਾਲੀ ਧਰਮੀ ਔਰਤ ਅਤੇ ਆਪਣੇ ਮਹਾਨ ਗ੍ਰੰਥ ਰਮਾਇਣ ਦੀ ਨਾਇਕਾ ਦੱਸਿਆ ਹੈ। ਇੱਥੋਂ ਤੱਕ ਕਿ ਰਮਾਇਣ ਦੇ ਅੰਦਰ ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਮਾਂ ਸੀਤਾ ਜੀ ਨੂੰ ਆਪਣੀ ਧਰਮ ਪੁੱਤਰੀ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਆਪਣੇ ਪਾਵਨ ਆਸ਼ਰਮ ਵਿੱਚ ਵੀ ਸਥਾਨ ਦਿੱਤਾ ਅਤੇ ਮਾਂ ਸੀਤਾ ਜੀ ਦੇ ਦੋਵੇਂ ਪੁੱਤਰਾਂ ਲਵ ਅਤੇ ਕੁਸ਼ ਦਾ ਪਾਲਣ-ਪੋਸ਼ਣ ਵੀ ਆਪਣੇ ਆਸ਼ਰਮ ਵਿੱਚ ਹੀ ਕੀਤਾ ਅਤੇ ਉਨ੍ਹਾਂ ਬੱਚਿਆਂ ਨੂੰ ਧਰਮ ਅਤੇ ਸ਼ਸਤਰ ਵਿੱਦਿਆ ਵਿੱਚ ਪੂਰੀ ਤਰ੍ਹਾਂ ਨਾਲ ਨਿਪੁੰਨ ਕੀਤਾ। ਉਹਨਾਂ ਕਿਹਾ ਕਿ ਇਸ ਫ਼ਿਲਮ ਦੇ ਇੱਕ ਹੋਰ ਸੀਨ ਰਾਹੀਂ ਇੱਕ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਰਾਵਣ ਨਾਲ ਧੱਕਾ ਹੋਇਆ ਸੀ ਅਤੇ ਰਾਮ ਚੰਦਰ ਜੀ ਵੀ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਸਨ। ਜਦਕਿ ਆਪਣੇ ਪਾਵਨ ਗ੍ਰੰਥ ਰਮਾਇਣ ਅੰਦਰ ਭਗਵਾਨ ਵਾਲਮੀਕਿ ਜੀ ਨੇ ਰਾਮ ਚੰਦਰ ਜੀ ਨੂੰ ਮਰਿਯਾਦਾ ਪ੍ਰਸ਼ੋਤਮ, ਉੱਚ ਚਰਿੱਤਰ ਵਾਲਾ ਇੱਕ ਧਰਮੀ ਰਾਜਾ ਅਤੇ ਆਪਣੇ ਸਾਰੇ ਗ੍ਰੰਥ ਦਾ ਨਾਇਕ ਲਿਖਿਆ ਹੈ ਅਤੇ ਰਾਵਣ ਨੂੰ ਇੱਕ ਨੀਚ ਚਰਿੱਤਰ ਵਾਲਾ ਇੱਕ ਅਧਰਮੀ ਅਤੇ ਹੰਕਾਰੀ ਰਾਜਾ ਅਤੇ ਆਪਣੇ ਪਾਵਨ ਗ੍ਰੰਥ ਰਮਾਇਣ ਦਾ ਖਲਨਾਇਕ ਦੱਸਿਆ ਹੈ। ਇਸ ਲਈ ਇਹ ਸੱਭ ਕੁੱਝ ਜਾਣਬੁੱਝ ਕੇ ਇੱਕ ਵੱਡੀ ਸਾਜਿਸ਼ ਤਹਿਤ ਇੱਕ ਧਰਮ ਵਿਸ਼ੇਸ਼ ਨੂੰ ਨੀਵਾਂ ਦਿਖਾਉਣ ਲਈ ਅਤੇ ਦੇਸ਼ ਅਤੇ ਰਾਜ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਲਈ ਕੀਤਾ ਗਿਆ ਹੈ।

ਪ੍ਰੰਤੂ ਸਮੁੱਚਾ ਹਿੰਦੂ ਅਤੇ ਵਾਲਮੀਕਿ ਸਮਾਜ ਆਪਣੇ ਮਹਾਨ ਧਰਮੀ ਮਹਾਂਪੁਰਖਾਂ ਅਤੇ ਆਪਣੇ ਗੁਰੂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਮਹਾਨ ਧਾਰਮਿਕ ਗ੍ਰੰਥਾਂ ਦਾ ਇਹ ਅਪਮਾਨ ਹਰਗਿਜ਼ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਲਈ ਉਹ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਨ ਕਿ ਭਗਵਾਨ ਵਾਲਮੀਕਿ ਜੀ, ਉਹਨਾਂ ਦੇ ਮਹਾਨ ਗ੍ਰੰਥ ਰਮਾਇਣ ਅਤੇ ਰਮਾਇਣ ਦੇ ਮਹਾਨ ਪਾਤਰਾਂ ਪ੍ਰਤੀ ਭੱਦੀ, ਅਸ਼ਲੀਲ ਅਤੇ ਮਨਘੜ੍ਹਤ ਟਿੱਪਣੀ ਕਰਕੇ ਕਰੋੜਾਂ ਲੋਕਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣ ਵਾਲੇ ਭਵਾਈ (ਰਾਵਣ ਲੀਲਾ) ਫ਼ਿਲਮ ਦੇ ਨਿਰਮਾਤਾਵਾਂ, ਨਿਰਦੇਸ਼ਕ, ਲੇਖਕ ਅਤੇ ਕਲਾਕਾਰਾਂ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਪਰ ਜੇਕਰ ਹੁਣ ਵੀ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਅਤੇ ਫ਼ਿਲਮ ਦੀ ਰਿਲੀਜ਼ ਤੇ ਰੋਕ ਨਹੀਂ ਲਗਾਈ ਗਈ ਤਾਂ ਮਜਬੂਰਨ ਸਮਾਜ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ ਅਤੇ ਫਿਰ ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੀ ਹੋਵੇਗੀ।

ਇਸ ਮੌਕੇ ਤੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੇ ਸੂਬਾ ਉੱਪ ਪ੍ਰਧਾਨ ਤਰਲੋਕ ਸਹੋਤਾ ਜੀ, ਸੀਨੀਅਰ ਮੀਤ ਪ੍ਰਧਾਨ ਸਰਵਣ ਸੱਭਰਵਾਲ ਜੀ, ਗੁਰੂ ਰਵਿਦਾਸ ਸੇਨਾ ਪੰਜਾਬ ਦੇ ਸੂਬਾ ਪ੍ਰਧਾਨ ਦਿਲਵਰ ਸਿੰਘ ਜੀ, ਹਿੰਦੂ ਲੀਗਲ ਸੈੱਲ (ਰਜਿ.) ਪੰਜਾਬ ਤੋਂ ਐਡਵੋਕੇਟ ਰਾਜਨ ਥਾਪਰ ਜੀ, ਬਾਰ ਐਸੋਸ਼ੀਏਸ਼ਨ ਹੁਸ਼ਿਆਰਪੁਰ ਤੋਂ ਐਡਵੋਕੇਟ ਅਮਿਤ ਕੋਹਲੀ ਜੀ, ਸ਼ਿਵਰਾਤਰੀ ਉਤਸਵ ਕਮੇਟੀ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਰਮਨ ਸ਼ਰਮਾ, ਰਾਮ ਲੀਲਾ ਕਮੇਟੀ ਟਾਂਡਾ ਦੇ ਪ੍ਰਧਾਨ ਰਾਜੇਸ਼ ਬਿੱਟੂ ਜੀ, ਰਾਮ ਲੀਲਾ ਕਮੇਟੀ ਦਸੂਹਾ ਤੋਂ ਪ੍ਰੇਮ ਸੋਹਲ ਜੀ, ਰਾਜੀਵ ਦੀਕਸ਼ਿਤ ਗਊਸ਼ਾਲਾ ਦਸੂਹਾ ਤੋਂ ਸ਼ਰਨ ਕੁਮਾਰ ਜੀ, ਭਾਰਤ ਵਿਕਾਸ ਪਰਿਸ਼ਦ ਹਰਿਆਣਾ ਦੇ ਪ੍ਰਧਾਨ ਪ੍ਰਦੀਪ ਕੁਮਾਰ, ਬ੍ਰਾਹਮਣ ਸਭਾ ਹਰਿਆਣਾ ਦੇ ਪ੍ਰਧਾਨ ਪਵਨ ਵਸ਼ਿਸ਼ਟ, ਰਾਜਪੂਤ ਸਭਾ ਤੋਂ ਜਸਵਿੰਦਰ ਸਿੰਘ ਰਾਜੂ, ਪੁਰੀ ਪੀਠ ਪ੍ਰੀਸ਼ਦ ਤੋਂ ਪ੍ਰਧਾਨ ਸੰਨੀ ਪੰਡਿਤ ਜੀ, ਟਾਊਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਨਕੁਲ ਦੇਵ, ਪੰਜਾਬ ਮਹਾਂਵੀਰ ਦਲ (ਰਜਿ.) ਹੁਸ਼ਿਆਰਪੁਰ ਤੋਂ ਪ੍ਰੇਮ ਲਾਲ ਜੀ, ਮਹਾਂਵੀਰ ਬਲੱਡ ਡੋਨਰ ਸੋਸਾਇਟੀ ਦਸੂਹਾ ਦੇ ਪ੍ਰਧਾਨ ਪ੍ਰਵੇਸ਼ ਸ਼ਰਮਾ, ਰਾਕੇਸ਼ ਕੁਮਾਰ ਰੌਕੀ, ਲਵ ਕੁਮਾਰ, ਮਨਦੀਪ ਕੁਮਾਰ ਮੰਨਾ, ਜਗਤਾਰ ਸਿੰਘ, ਲੱਕੀ ਜਾਜਾ, ਰਜਿੰਦਰ ਕੁਮਾਰ, ਯਸ਼ਪਾਲ ਸੋਨੂੰ, ਸੋਨੂੰ ਨਾਹਰ, ਸੁਖਦੇਵ ਸਿੰਘ, ਸੁਲਿੰਦਰ ਸਿੰਘ, ਲੰਬੜਦਾਰ ਜੀਤ ਸਿੰਘ, ਅਜੇ ਚੋਪੜਾ ਆਦਿ ਮੁੱਖ ਤੌਰ ਤੇ ਸ਼ਾਮਿਲ ਹੋਏ ।

LEAVE A REPLY

Please enter your comment!
Please enter your name here