ਕਾਂਜਲੀ ’ਚ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਰੈਲੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਕੁਮਾਰ ਗੌਰਵ। ਜ਼ਿਲੇ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਇਸ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨ ਲਈ ਜ਼ਿਲਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਮਾਨਵ ਵਿਕਾਸ ਸੰਸਥਾਨ ਆਈ.ਟੀ.ਸੀ. ਮਿਸ਼ਨ ‘ਸੁਨਿਹਰਾ ਕਲ’ ਪ੍ਰੋਗਰਾਮ ਦੇ ਤਹਿਤ ਪਿੰਡ ਕਾਂਜਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ ਪਰਾਲੀ ਪ੍ਰਬੰਧਨ ਉਤੇ ਜਾਗਰੂਕਤਾ ਰੈਲੀ ਕਰਵਾਈ ਗਈ। ਇਸ ਮੌਕੇ ਆਈ.ਟੀ.ਸੀ.ਕੰਪਨੀ ਵਲੋਂ ਅਜਗਰ ਅਲੀ ਸਟੇਟ ਪ੍ਰੋਗਰਾਮ ਮੈਨੇਜਰ ਅਤੇ ਪਾਵਨ ਰੈਡੀ ਪ੍ਰੋਗਰਾਮ ਐਗਜੀਕਿਊਟਿਵ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨਾਂ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਬੱਚੇ ਹੀ ਆਉਣ ਵਾਲੇ ਕੱਲ ਦਾ ਭਵਿੱਖ ਹਨ ਇਸ ਲਈ ਇਨਾਂ ਨੂੰ ਪਰਾਲੀ ਦੇ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਮੌਕੇ ਬੱਚਿਆਂ ਨੂੰ ਪਰਾਲੀ ਦੀ ਮਹੱਤਤਾ ਬਾਰੇ ਅਤੇ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਵਾਇਆ ਗਿਆ।

Advertisements

ਇਸ ਮੌਕੇ ਮਾਨਵ ਵਿਕਾਸ ਸੰਸਥਾਨ ਵਲੋਂ ਜ਼ਿਲਾ ਪੱਧਰ ’ਤੇ ਚਲਾਈ ਜਾ ਰਹੀ ‘ਮਿੱਟੀ ਜਿੰਦਾ ਹੈ’ ਮੁਹਿੰਮ ਬਾਰੇ ਦੱਸਿਆ ਗਿਆ,ਜਿਸ ਦਾ ਉਦੇਸ਼ ਕਿਸਾਨਾਂ ਨੂੰ ਮਿੱਟੀ ਦੀ ਘੱਟ ਰਹੀ ਉਪਜਾਊ ਸ਼ਕਤੀ ਬਾਰੇ ਅਤੇ ਪਰਾਲੀ ਸਾੜਨ ਨਾਲ ਹੋਣ ਵਾਲੇ ਤੱਤਾਂ ਦੇ ਨੁਕਸਾਨ ਬਾਰੇ ਜਾਗਰੂਕ ਕਰਨਾ ਹੈ। ਉਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਆਪਣੇ ਆਂਢ-ਗੁਆਂਢ ਵਿਚ ਕਿਸਾਨਾਂ ਨੂੰ ਜਰੂਰ ਜਾਗਰੂਕ ਕੀਤਾ ਜਾਵੇ। ਇਸ ਉਪਰੰਤ ‘ਮਿੱਟੀ ਜਿੰਦਾ ਹੈ’ ਦਾ ਨਾਅਰਾ ਲਗਾ ਕੇ ਮੁੱਖ ਅਧਿਆਪਕ ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿੱਤੀ ਗਈ। ਰੈਲੀ ਸਕੂਲ ਤੋਂ ਆਰੰਭ ਹੋ ਕੇ ਕਾਂਜਲੀ ਪਿੰਡ ਵਿੱਚ ਕੱਢੀ ਗਈ। ਰੈਲੀ ਕੱਢਦਿਆਂ ਬੱਚਿਆ ਨੇ ‘ਮਿੱਟੀ ਜਿੰਦਾ ਹੈ’ , ਖੇਤ ਪਰਾਲੀ ਕਦੇ ਨਾ ਸੜਿਉ, ‘ਧਰਤੀ ਨੂੰ ਮਾਂ ਕਹਿਣ ਵਾਲਿੳ’ ਦੇ ਨਾਅਰੇ ਲਗਾਏ ਗਏ। ਇਲਾਕੇ ਦੇ ਕਿਸਾਨਾਂ ਵਲੋਂ ਰੈਲੀ ਦਾ ਸਮਰਥਨ ਕੀਤਾ ਗਿਆ। ਪਿੰਡ ਦਾ ਚੱਕਰ ਲਗਾਉਣ ਤੋਂ ਬਾਅਦ ਸਕੂਲ ਵਿੱਚ ਰੈਲੀ ਦੀ ਸਮਾਪਤੀ ਕੀਤੀ ਗਈ ।

ਇਸ ਉਪਰੰਤ ਮਨਜੀਤ ਸਿੰਘ ਨੇ ਆਈ.ਟੀ.ਸੀ. ਵਲੋਂ ਕੀਤੇ ਗਏ ਕੰਮਾਂ ਦੀ ਸਲਾਘਾ ਕੀਤੀ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਰੈਲੀ ਨੂੰ ਸੰਪੂਰਨ ਕਰਨ ਵਿੱਚ ਸਕੂਲ ਦੇ ਮੁੱਖ ਅਧਿਆਪਕ ਮਨਜੀਤ ਸਿੰਘ ,ਉਨਾਂ ਦੇ ਸਾਥੀ ਅਧਿਆਪਕਾ, ਫਿਨਿਸ਼ ਸੋਸਾਇਟੀ ਅਤੇ ਮਾਨਵ ਵਿਕਾਸ ਸੰਸਥਾਨ ਦੀ ਟੀਮ ਦਾ ਬਹੁਤ ਵੱਡਾ ਯੋਗਦਾਨ ਰਿਹਾ।

LEAVE A REPLY

Please enter your comment!
Please enter your name here