ਗੁਰੂਆਂ ਦੀ ਪਵਿੱਤਰ ਧਰਤੀ ਪੰਜਾਬ ਧਰਮ ਪਰਿਵਰਤਨ ਦੇ ਕਲੰਕ ਤੋਂ ਮੁਕਤ ਹੋਵੇ : ਵਿਹਿਪ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਵਿਸ਼ਵ ਹਿੰਦੂ ਪਰਿਸ਼ਦ ਦੇ ਕੇਂਦਰੀ ਸੰਯੁਕਤ ਮਹਾਂਮੰਤਰੀ ਡਾ: ਸੁਰਿੰਦਰ ਜੈਨ ਨੇ ਕਿਹਾ ਕਿ ਚਰਚ ਦੁਆਰਾ ਪੰਜਾਬ ਵਿੱਚ ਕੀਤੇ ਜਾ ਰਹੇ ਅਵੈਧ ਧਰਮ ਪਰਿਵਰਤਨ ਦੇ ਵਿਰੋਧ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਅਵਾਜ ਬੁਲੰਦ ਕੀਤੀ ਹੈ, ਵਿਹਿਪ ਉਸਦਾ ਸਵਾਗਤ ਕਰਦੀ ਹੈ। ਉਹਨਾਂ ਕਿਹਾ ਕਿ ਧਰਮਾਂਤਰਣ ਨੂੰ ਰੋਕਣ ਲਈ ਵਿੱਢੀ ਗਈ ਇਸ ਮੁਹਿੰਮ ਵਿੱਚ ਵਿਹਿਪ ਪੂਰਣ ਸਹਿਯੋਗ ਦਾ ਭਰੋਸਾ ਦਿੰਦੀ ਹੈ। ਚਰਚ ਦੁਆਰਾ ਕੀਤਾ ਜਾ ਰਿਹਾ ਧਰਮਾਂਤਰਣ ਸਮੁੱਚੇ ਪੰਜਾਬ ਦੀ ਪਵਿੱਤਰ ਧਰਤੀ ਲਈ ਕਲੰਕ ਹੈ। ਇਸਦਾ ਮੂੰਹ ਤੋੜ ਜਵਾਬ ਜਰੂਰ ਦਿੱਤਾ ਜਾਵੇਗਾ। ਵਿਹਿਪ ਇਸ ਕੋਝੀ ਸਾਜਿਸ਼ ਨੂੰ ਖਤਮ ਕਰਕੇ ਪੰਜਾਬ ਨੂੰ ਧਰਮਾਂਤਰਣ ਮੁਕਤ ਸੂਬਾ ਬਣਾਉਣ ਦਾ ਸੰਕਲਪ ਲੈਂਦੀ ਹੈ। ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਧਰਮ ਦੀ ਰੱਖਿਆ ਅਤੇ ਬਲੀਦਾਨਾਂ ਦਾ ਇਤਿਹਾਸ ਹੈ। ਪੂਜਨੀਕ ਗੁਰੂਆਂ ਨੇ ਧਰਮ ਦੀ ਰੱਖਿਆ ਲਈ ਨਾ ਸਿਰਫ ਪ੍ਰੇਰਿਤ ਕੀਤਾ ਬਲਕਿ ਵਿਲੱਖਣ ਸੰਘਰਸ਼ ਵੀ ਕੀਤਾ। ਗੁਰੂ ਪੁੱਤਰਾਂ ਦੇ ਬਲੀਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

Advertisements

ਧਰਮਵੀਰ ਬਾਲਕ ਵੀਰ ਹਕੀਕਤ ਰਾਏ ਦਾ ਬਲੀਦਾਨ ਅੱਜ ਵੀ ਦੇਸ਼ ਨੂੰ ਪ੍ਰੇਰਣਾ ਦਿੰਦਾ ਹੈ। ਧਰਮਾਂਤਰਣ ਕਰਾਉਣ ਵਾਲੇ ਮਿਸ਼ਨਰੀ ਨਾ ਸਿਰਫ ਇਹਨਾਂ ਬਲੀਦਾਨਾਂ ਨੂੰ ਬਲਕਿ ਗੁਰੂਆਂ ਦੇ ਉਪਦੇਸ਼ਾਂ ਨੂੰ ਵੀ ਅਪਮਾਨਿਤ ਕਰਨ ਦੀ ਹਿਮਾਕਤ ਕਰ ਰਹੇ ਹਨ। ਡਾ. ਜੈਨ ਨੇ ਕਿਹਾ ਕਿ ਧਰਮਾਂਤਰਣ ਕਰਨ ਲਈ ਇਸਾਈ ਮਿਸ਼ਨਰੀ ਕੇਵਲ ਛਲ ਕਪਟ ਅਤੇ ਲਾਲਚ ਦਾ ਉਪਯੋਗ ਕਰਦੇ ਹਨ। ਜੇਕਰ ਚੰਗਿਆਈ ਸਭਾ ਸੱਚਮੁੱਚ ਲੋਕਾਂ ਨੂੰ ਠੀਕ ਕਰਦੀ ਹੈ ਤਾਂ ਉਹਨਾਂ ਦੇ ਪਾਦਰੀ ਬਿਮਾਰ ਹੋਣ ਤੇ ਹਸਪਤਾਲਾਂ ਵਿੱਚ ਭਰਤੀ ਕਿਉਂ ਹੁੰਦੇ ਹਨ? ਕਈ ਪਾਦਰੀਆਂ ਨੇ ਤਾਂ ਕਰੋਨਾ ਦੇ ਕਾਰਣ ਜਾਨਾਂ ਵੀ ਗਵਾਈਆਂ। ਮਦਰ ਟੈਰੇਸਾ ਨੂੰ ਇਹ ਕਈ ਮਹੀਨਿਆਂ ਦੇ ਇਲਾਜ ਨਾਲ ਵੀ ਇਹ ਬਚਾ ਨਾ ਸਕੇ। ਜਦ ਇਹਨਾਂ ਦੇ ਆਪਣਿਆਂ ਦਾ ਇਲਾਜ ਕੋਈ ਚੰਗਿਆਈ ਸਭਾ ਨਹੀਂ ਕਰ ਸਕੀ ਤਾਂ ਇਹ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਕਿਉਂ ਬੇਵਕੂਫ ਬਣਾਉਂਦੇ ਹਨ? ਵਿਹਿਪ ਨੇਤਾ ਨੇ ਮਿਸ਼ਨਰੀਆਂ ਨੂੰ ਵੰਗਾਰਿਆ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਗੰਭੀਰ ਰੋਗਾਂ ਨਾਲ ਪੀੜ੍ਹਤ ਹਜਾਰਾਂ ਮਰੀਜ ਭਰਤੀ ਹਨ। ਮਿਸ਼ਨਰੀ ਉਹਨਾਂ ਨੂੰ ਠੀਕ ਕਰ ਕੇ ਵਿਖਾਉਣ। ਸਿੱਖਾਂ ਅਤੇ ਹਿੰਦੂਆਂ ਦੇ ਧਰਮ ਗ੍ਰੰਥਾਂ ਵਿੱਚ ਸਮੁੱਚੀ ਮਾਨਵਤਾ ਦੀ ਭਲਾਈ ਲਈ ਅਣਮੁੱਲੇ ਸੰਦੇਸ਼ ਹਨ। ਜਿਹਨਾਂ ਨੂੰ ਪੂਰੀ ਦੁਨੀਆ ਸਵੀਕਾਰਦੀ ਹੈ। ਕੋਈ ਵੀ ਸਮਝਦਾਰ ਵਿਅਕਤੀ ਇਹਨਾਂ ਪਵਿੱਤਰ ਗ੍ਰੰਥਾਂ ਦਾ ਪ੍ਰਕਾਸ਼ ਛੱਡ ਕੇ ਕਿਵੇਂ ਜਾ ਸਕਦਾ ਹੈ? ਕੀ ਬਾਈਬਲ ਨੂੰ ਹਿੰਦੂਆਂ ਅਤੇ ਸਿੱਖਾਂ ਦੇ ਧਰਮ ਗ੍ਰੰਥਾਂ ਤੋਂ ਵੱਡਾ ਦੱਸ ਕੇ ਇਹ ਸਾਡੇ ਧਰਮ ਗ੍ਰੰਥਾਂ ਦੀ ਬੇਅਦਬੀ ਨਹੀਂ ਕਰਦੇ? ਇੱਕ ਪਤਿਤ ਪਰਿਵਾਰ ਦੁਆਰਾ ਕੁੱਝ ਵਰੇ ਪਹਿਲਾਂ ਇੱਕ ਪਵਿੱਤਰ ਗ੍ਰੰਥ ਦੀ ਬੇਅਦਬੀ ਦੀ ਘਟਨਾ ਜਿਆਦਾ ਪੁਰਾਣੀ ਨਹੀਂ ਹੋਈ। ਡਾ. ਜੈਨ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿੱਚ ਚਰਚ ਬਦਨਾਮ ਹੋ ਚੁੱਕਿਆ ਹੈ।

ਪਿਛਲੇ ਦਿਨੀਂ ਫਰਾਂਸ ਵਿੱਚ ਇੱਕ ਆਯੋਗ ਨੇ ਖੋਜਪੂਰਣ ਪ੍ਰੰਤੂ ਖੌਫ਼ਨਾਕ ਰਿਪੋਰਟ ਜਾਰੀ ਕੀਤੀ। ਜਿਸ ਵਿੱਚ ਕਿਹਾ ਗਿਆ ਕਿ 330000 ਬੱਚਿਆਂ ਦਾ ਯੌਨ ਸ਼ੋਸ਼ਣ ਪਾਦਰੀਆਂ ਦੁਆਰਾ ਕੀਤਾ ਗਿਆ। ਨੰਨਾਂ ਦੇ ਯੌਨ ਸ਼ੋਸ਼ਣ ਦੇ ਆਰੋਪ ਵੀ ਵੇਟੀਕਨ ਸਿਟੀ ਤੇ ਲੱਗਦੇ ਰਹੇ ਹਨ। ਭਾਰਤ ਵਿੱਚ ਤਾਂ ਕਈ ਨੰਨਾਂ ਇਸੇ ਕਾਰਣ ਆਤਮਹੱਤਿਆ ਵੀ ਕਰ ਚੁੱਕੀਆਂ ਹਨ। ਜਲੰਧਰ ਦਾ ਬਿਸ਼ਪ ਫਰੈਂਕੋ ਨੰਨਾਂ ਦੇ ਯੌਨ ਸ਼ੋਸ਼ਣ ਦਾ ਆਰੋਪੀ ਹੈ ਅਤੇ ਕੇਰਲ ਦੀ ਅਦਾਲਤ ਵਿੱਚ ਉਸ ਤੇ ਮੁਕੱਦਮਾ ਚੱਲ ਰਿਹਾ ਹੈ। ਪੂਰੇ ਵਿਸ਼ਵ ਦਾ ਚਰਚ ਆਪਣੇ ਪਾਦਰੀਆਂ ਦੇ ਪਾਪਾਂ ਤੇ ਮਾਫੀ ਮੰਗ ਰਿਹਾ ਹੈ। ਪ੍ਰੰਤੂ ਬਿਸ਼ਪ ਫਰੈਂਕੋ ਨੂੰ ਜਮਾਨਤ ਮਿਲਣ ਤੇ ਪੰਜਾਬ ਦੇ ਈਸਾਈ ਸਮਾਜ ਨੇ ਬੜੀ ਬੇਸ਼ਰਮੀ ਨਾਲ ਉਸਦਾ ਸਵਾਗਤ ਕੀਤਾ। ਪੰਜਾਬ ਦਾ ਹਿੰਦੂ ਸਿੱਖ ਸਮਾਜ ਚਰਚ ਦੀ ਇਸ ਚਰਿੱਤਰਹੀਨਤਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਵਿਹਿਪ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਪੰਜਾਬੀ ਸਮਾਜ ਦੀਆਂ ਭਾਵਨਾਵਾਂ ਅਤੇ ਗੁਰੂਆਂ ਦੀਆਂ ਪਰੰਪਰਾਵਾਂ ਦਾ ਸਨਮਾਨ ਕਰਦੇ ਹੋਏ ਧਰਮਾਂਤਰਣ ਵਿਰੋਧੀ ਕਾਨੂੰਨ ਬਣਾਏ। ਅਸੀਂ ਮਿਸ਼ਨਰੀਆਂ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਧਰਮਾਂਤਰਣ ਦੀਆਂ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ। ਬਿਸ਼ਪ ਫਰੈਂਕੋ ਅਤੇ ਹੋਰ ਪਾਦਰੀਆਂ ਦੇ ਪਾਪਾਂ ਲਈ ਮਾਫੀ ਮੰਗ ਕੇ ਉਹਨਾਂ ਨੂੰ ਦਰਸਾਉਣਾ ਚਾਹੀਦਾ ਹੈ ਕਿ ਮਿਸ਼ਨਰੀਆਂ ਨੂੰ ਸੱਭਿਅਕ ਬਣਾਉਣ ਲਈ ਭਾਰਤ ਦਾ ਚਰਚ ਵੀ ਗੰਭੀਰ ਹੈ।

LEAVE A REPLY

Please enter your comment!
Please enter your name here